8.9 C
United Kingdom
Saturday, April 19, 2025

More

    ਚੋਰੀ ਦੇ ਅੱਧਾ ਕਿੱਲੋ ਸੋਨੇ ਸਮੇਤ ਬਠਿੰਡਾ ਪੁਲਿਸ ਵੱਲੋਂ ਦੋ ਸ਼ਾਤਰ ਚੋਰ ਗ੍ਰਿਫਤਾਰ

    ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਨੇ ਪੇਸ਼ੇਵਰ ਅਤੇ ਅਪਰਾਧਿਕ ਵਾਰਦਾਤਾਂ ’ਚ ਮਾਹਿਰ ਦੋ ਸ਼ਾਤਰ ਚੋਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜੋ ਦਿਨ ਵਕਤ ਰੇਕੀ ਕਰਨ ਉਪਰੰਤ ਬੰਦ ਪਏ ਘਰਾਂ ਵਿੱਚੋਂ ਰਾਤ ਵਕਤ ਕੀਮਤੀ ਮਾਲ ਅਸਬਾਬ ਲੁੱਟ ਕੇ ਫਰਾਰ ਹੋ ਜਾਂਦੇ ਸਨ। ਮੁਲਜਮਾਂ ਦੀ ਪਛਾਣ ਨਟਵਰ ਲਾਲ ਉਰਫ ਕਾਲਾ ਅਤੇ ਪਵਨ ਕੁਮਾਰ ਉਰਫ ਪਵਨ ਪੁੱਤਰ ਸੁਰੇਸ਼ ਕੁਮਾਰ ਵਾਸੀਅਨ ਮਾਨਸਾ ਵਜੋਂ ਕੀਤੀ ਗਈ ਹੈ ਜਦੋਂਕਿ ਇੰਨ੍ਹਾਂ ਦਾ ਇੱਕ ਸਾਥੀ ਹਾਲੇ ਪੁਲਿਸ ਦੇ ਹੱਥ ਨਹੀਂ ਚੜ੍ਹਿਆ ਹੈ। ਪੁਲਿਸ ਨੇ ਮੁਲਜਮਾਂ ਕੋਲੋਂ 24 ਲੱਖ 50 ਹਜਾਰ ਦੀ ਕੀਮਤ ਦਾ 520 ਗਰਾਮ ਸੋਨਾ, ਇੱਕ ਸੱਬਲ ,ਇੱਕ ਪੇਚਕਸ ਅਤੇ ਵਾਰਦਾਤ ’ਚ ਵਰਤਿਆ ਪਲਸਰ ਮੋਟਰ ਸਾਈਕਲ ਬਰਾਮਦ ਕੀਤਾ ਹੈ। ਪੁਲਿਸ ਹੁਣ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਇੰਨ੍ਹਾਂ ਚੋਰਾਂ ਨੇ ਕਿੱਥੇ ਕਿੱਥੇ ਚੋਰੀਆਂ ਆਦਿ ਦੀਆਂ ਵਾਰਦਾਤਾਂ ਕੀਤੀਆਂ ਹਨ। ਅੱਜ ਬਠਿੰਡਾ ਰੇਂਜ ਦੇ ਆਈ ਜੀ ਜਸਕਰਨ ਸਿੰਘ ਨੇ ਅੱਜ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ, ਐਸ ਪੀ ਡੀ ਬਲਵਿੰਦਰ ਸਿੰਘ ਰੰਧਾਵਾ ,ਐਸ ਪੀ ਹੈਡਕੁਆਟਰ ਸੁਰਿੰਦਰਪਾਲ ਸਿੰਘ ਅਤੇ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਦੀ ਮੌਜੂਦਗੀ  ’ਚ  ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੰਘੀ 24-25 ਅਗਸਤ ਦੀ ਦਰਮਿਆਨੀ ਰਾਤ ਨੂੰ ਆਪਣੇ ਪ੍ਰੀਵਾਰ ਸਮੇਤ ਚਿੰਤਪੁਰਨੀ ਮੱਥਾ ਟੇਕਣ ਗਏ ਦੀਪਕ ਗਰਗ ਪੁੱਤਰ ਦਰਸ਼ਨ ਲਾਲ ਵਾਸੀ ਮੌੜ ਮੰਡੀ ਦੇ ਘਰੋਂ ਸੌ ਤੋਲੇ ਸੋਨਾ ,ਚਾਂਦੀ ਅਤੇ ਕੁੱਝ ਨਕਦੀ ਚੋਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਮੌੜ ਵਿਖੇ ਪੁਲਿਸ ਕੇਸ ਦਰਜ ਕਰਨ ਉਪਰੰਤ ਡੀ ਐਸ ਪੀ ਮੌੜ, ਸੀ.ਆਈ.ਏ ਸਟਾਫ ਵਨ ਦੇ ਇੰਚਾਰਜ ਅਤੇ ਥਾਣਾ ਮੌੜ ਦੇ ਮੁੱਖ ਥਾਣਾ ਅਫਸਰ ਦੀ ਸ਼ਮੂਲੀਅਤ ਵਾਲੀ ਐਸ ਆਈ ਟੀ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਨੇ ਨਟਵਰ ਲਾਲ ਅਤੇ ਪਵਨ ਕੁਮਾਰ ਤੋਂ ਇਲਾਵਾ ਸੋਨੂੰ ਉਰਫ ਨਲੀ ਪੁੱਤਰ ਵਿਨੋਦ ਕੁਮਾਰ ਵਾਸੀ ਚਮੇਲੀ ਵਾਲੀ ਗਲੀ ਮਾਨਸਾ ਨੂੰ ਨਾਮਜਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਚੋਰੀ ਦੇ ਇਸ ਮਾਮਲੇ ’ਚ ਪੁਲਿਸ ਨੇ ਦੋਵਾਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਸੋਨੂੰ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਚੋਰੀ ਕੀਤਾ ਬਾਕੀ ਸੋਨਾ ਸੋਨੂੰ ਕੋਲ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਉਹ ਪਿੰਡਾਂ ਦੇ ਛੱਪੜਾਂ ਵਿੱਚੋਂ ਮੱਛੀਆਂ ਫੜਕੇ ਜਾਂ ਮਖਿਆਲ ਚੋਣ ਤੋਂ ਬਾਅਦ ਤੁਰ ਫਿਰ ਕੇ ਸ਼ਹਿਦ ਵੇਚਣ ਬਹਾਨੇ ਕਿਸੇ ਘਰ ਨੂੰ ਜਿੰਦਾ ਲੱਗਿਆ ਹੁੰਦਾ ਤਾਂ ਸੁੰਨਾਂ ਹੋਣ ਕਾਰਨ ਉਹ ਸੱਬਲ ਅਤੇ ਪੇਚਕਸ ਦੀ ਸਹਾਇਤਾ ਨਾਲ ਚੋਰੀਆਂ ਨੂੰ ਅੰਜਾਮ ਦਿੰਦੇ ਸਨ। ਆਈ ਜੀ ਨੇ ਦੱਸਿਆ ਕਿ ਕਿ ਉਨ੍ਹਾਂ ਚੋਂ ਇੱਕ ਜਣਾ ਬਾਹਰ ਨਿਗਰਾਨੀ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰਕੀਬ ਨਾਲ ਹੀ ਇੰਨ੍ਹਾਂ ਹੀ ਮੌੜ ਮੰਡੀ ’ਚ ਨਟਵਰ ਅਤੇ ਪਵਨ ਨੇ ਦੀਪਕ ਗਰਗ ਦੇ ਘਰੋਂ ਚੋਰੀ ਕੀਤੀ ਅਤੇ ਸੋਨੂੰ ਨੇ ਬਾਹਰ ਰਹਿਕੇ ਪਹਿਰਾ ਦਿੱਤਾ  ਸੀ। ਚੋਰੀ ਕਰਨ ਪਿੱਛੋਂ ਤਿੰਨੇ ਮੁਲਜਮ  ਅੱਧੀ ਰਾਤ ਨੂੰ ਮੌਕੇ ਤੋਂ ਫਰਾਰ ਹੋ ਗਏ ਸਨ। ਆਈ ਜੀ ਨੇ ਦੱਸਿਆ ਕਿ  ਨਟਵਰ ਲਾਲ ਉਰਫ ਕਾਲਾ ਖਿਲਾਫ 7 ਅਤੇ ਪਵਨ ਕਮਾਰ ਖਿਲਾਫ 3 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਘੱਟ ਪੜ੍ਹੇ ਲਿਖੇ ਅਤੇ ਗਰੀਬ ਪ੍ਰੀਵਾਰਾਂ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਨੇ ਜਿਆਦਾਤਰ ਵਾਰਦਾਤਾਂ ਬਠਿੰਡਾ ਅਤੇ ਮਾਨਸਾ ਸ਼ਹਿਰਾਂ ’ਚ ਵਾਰਦਾਤਾਂ ਕੀਤੀਆਂ ਹਨ। ਆਈ ਜੀ ਨੇ ਦੱਸਿਆ ਕਿ ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵਾਰਦਾਤਾਂ ਦਾ ਪਤਾ ਲਾਇਆ ਜਾ ਸਕੇ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!