
ਨਿੰਦਰ ਘੁਗਿਆਣਵੀ
ਬਰਾੜ ਸਾਹਬ ਦਾ ਸਹੁਰਾ ਪਿੰਡ ਢਿੱਲਵਾਂ ਖੁਰਦ ਮੈਨੂੰ ਬਿਲਕੁਲ ਆਪਣੇ ਪਿੰਡ ਵਰਗਾ ਹੀ ਲਗਦਾ ਹੈ ਤੇ ਸਾਡੇ ਪਿੰਡ ਦੇ ਖੇਤਾਂ ਦੀਆਂ ਵੱਟਾਂ ਤੇ ਪਾਣੀ ਵੀ ਸਾਂਝਾ ਹੈ। ਇਥੋਂ ਦੇ ਸਾਰੇ ਲੋਕਾਂ ਨਾਲ ਮੇਰਾ ਦਿਲੋਂ ਪਿਆਰ ਹੈ। ਮੈਂ ਦੋ ਵੇਲੇ ਸਵੇਰੇ ਤੇ ਆਥਣੇ ਢਿਲਵਾਂ ਵਿਚਦੀ ਲੰਘਦਾ ਹਾਂ। ਪੜੇ ਲਿਖੇ ਢਿਲੋਆਂ ਦਾ ਪਿੰਡ ਪਿਆਰਾ ਜਿਹਾ ਪਿੰਡ ਹੈ ਤੇ ਨੇਕ ਸੁਭਾਓ ਦੇ ਲੋਕ ਹਨ ਇਸ ਪਿੰਡ ਦੇ। ਇਸੇ ਪਿੰਡ ਵਿਚ ਮੁਖ ਮੰਤਰੀ ਦਰਬਾਰਾ ਸਿੰਘ ਦਾ ਬੇਟਾ ਵਿਆਹਿਆ ਹੋਇਆ ਤੇ ਇਥੇ ਹੀ ਸ੍ਰ ਜਗਮੀਤ ਸਿੰਘ ਫਰਾੜ ਦੀ ਭੈਣ ਵਿਆਹੇ ਹੋਏ ਹਨ।ਪਿੰਡ ਦੇ ਅਗਾਂਹਵਧੂ ਤੇ ਸਾਬਕਾ ਸਰਪੰਚ ਦਲਜੀਤ ਢਿਲੋਂ ਨੇ ਦਸਿਆ ਕਿ ਬਰਾੜ ਸਾਹਬ ਦੀ ਸਾਰਾ ਪਿੰਡ ਹੀ ਦਿਲੋਂ ਬੜੀ ਇਜਤ ਕਰਦਾ ਸੀ। ਇਹ ਵੀ ਪਤਾ ਲਗਿਆ ਕਿ ਦੋ ਲਿੰਕ ਸੜਕਾਂ ਤੋਂ ਬਿਨਾ ਬਰਾੜ ਸਾਹਬ ਪਾਵਰ ਵਿਚ ਰਹਿੰਦੇ ਹੋਏ ਵੀ ਆਪਣੇ ਸਹੁਰੇ ਪਿੰਡ ਦਾ ਬਹੁਤਾ ਕੁਛ ਨਾ ਸੁਆਰ ਸਕੇ।
*
ਸਾਡੇ ਘਰਾਂ ‘ਚੋਂ ਮੇਰੇ ਭਤੀਜੇ ਲਗਦੇ ਮੁੰਡੇ ਦਾ ਵਿਆਹ ਸੀ। ਬਰਾੜ ਸਾਹਬ ਸ਼ਗਨ ਦੇਣ ਆਏ। ਜਦ ਮੈਂ ਕਾਰ ਵੱਲ ਤੋਰਨ ਗਿਆ ਤਾਂ ਪੁਛਦੇ ਕਿ ਮੁੰਡਾ ਕੀ ਕਰਦਾ ਏਹੇ? ਮੈਂ ਦੱਸਿਆ ਕਿ ਪੁਲੀਸ ਵਿਚ ਕਰਵਾਤਾ ਸੀ, ਕਈ ਸਾਲ ਹੋਗੇ। ਆਖਣ ਲੱਗੇ, “ਕੰਮ ਤਾਂ ਚੰਗਾ ਕਰ ਰਿਹਾਂ ਤੂੰ, ਬੇਟਾ ਕਿਸੇ ਨੂੰ ਰੋਜਗਾਰ ਦੇਣਾ ਜਾਂ ਦਿਵਾਉਣਾ ਪੁੰਨ ਅਰਥਾ ਕਾਜ ਹੁੰਦਾ, ਇਕ ਦਿਨ ਜਥੇਦਾਰ ਲਖਵੀਰ ਸਿੰਓ ਰਾਈਆਂ ਵਾਲਾ ਵੀ ਦਸਦਾ ਸੀ ਕਿ ਘੁਗਿਆਣਵੀ ਤਾਂ ਆਵਦੇ ਪਿੰਡ ਦੇ ਮੁੰਡੇ ਕੁੜੀਆਂ ਭਰਤੀ ਕਰਵਾਈ ਜਾਂਦਾ ਐ, ਬੇਟਾ, ਇਹੀ ਤੇਰੇ ‘ਮੂੜੀ’ ਦੇਣਗੇ ਇਕ ਦਿਨ,ਮੇਰੀ ਗੱਲ ਨੂੰ ਯਾਦ ਰੱਖੀਂ।” ਇਹ ਆਖਦੇ ਉਹ ਕਾਰ ਵਿਚ ਬਹਿ ਗਏ। ਉਦੋਂ ਬਰਾੜ ਸਾਹਬ ਦੀ ਆਖੀ ਇਹ ਗੱਲ ਕੁਛ ਪਲ ਤਾਂ ਮੈਨੂੰ ਖਾਸੀ ਚੁਭੀ ਸੀ ਪਰ ਸਮਾਂ ਪੈਕੇ ਸੱਚੀ ਸਿਧ ਹੋ ਗਈ, ਜਦ ਉਹ ਕਹਿੰਦੇ ਕਿ ਸਾਡਾ ਮੁੰਡਾ ਤਾਂ ਵੱਡੇ ਬਾਦਲ ਨੇ ਰਖਵਾਇਆ ਸੀ ਤੇ ਅਸੀਂ ਤਾਂ ਮੱਕੜ ਨੂੰ ਨਾਲ ਲੈਕੇ ਬਾਦਲ ਦੇ ਪੇਸ਼ ਹੋਏ ਸੀ। ਉਸ ਦਿਨ ਉਦਾਸ ਹੋਕੇ ਮੈਂ ਬਰਾੜ ਸਾਹਬ ਨੂੰ ਬੜਾ ਚੇਤੇ ਕੀਤਾ ਤੇ ਕਈ ਦਿਨ ਬੜਾ ਉਦਾਸ ਰਿਹਾ।
*
ਸਾਲ 2013 ਦੀ 15 ਅਗਸਤ।
ਪੰਜਾਬ ਸਰਕਾਰ ਵਲੋਂ ਮੈਨੂੰ ਸਟੇਟ ਐਵਾਰਡ ਮਿਲਿਆ,ਮੌਕੇ ਦੇ ਮੁੱਖ ਮੰਤਰੀ ਬਾਦਲ ਸਾਹਬ ਨੇ ਉਹ ਪੁਰਸਕਾਰ ਦਿੱਤਾ ਸੀ। ਥਾਂ ਥਾਂ ਫੋਟੋ ਛਪੀਆਂ ਸਨ। ਸ੍ਰ ਜਗਮੀਤ ਸਿੰਘ ਬਰਾੜ ਵਧਾਈ ਦੇਣ ਉਚੇਚੇ ਆਏ। ਅਜੀਤ ਅਖਬਾਰ ਦੇ ਮੇਨ ਅੰਕ ‘ਚੋਂ ਜਗਮੀਤ ਬਰਾੜ ਦੀ ਵਧਾਈ ਵਾਲੀ ਖਬਰ ਪੜਕੇ ਬਰਾੜ ਸਾਹਬ ਦਾ ਫੋਨ ਆਇਆ, “ਪੁੱਤਰਾ, ਵਧਾਈਆਂ ਹੋਣ ਤੈਨੂੰ, ਹੁਣ ਤੂੰ ਚਾਚੇ ਕਾਹਨੂੰ ਪੁਛਦੈਂ, ਵਡੇੱ ਵੱਡੇ ਬੰਦਿਆਂ ਨਾਲ ਤੇਰੀਆਂ ਫੋਟੂ ਆਉਂਦੀਆਂ ਐਂ, ਏਹ ਦੱਸ ਪਾਰਟੀ ਕਿਦਣ ਕਰਨੀ ਐਂ ਚਾਚੇ ਨੂੰ?”
ਮੈਂ ਹੱਸਣ ਲਗਿਆ, “ਥੋਡੀਓ ਈ ਮਿਹਰਬਾਨੀ ਆਂ।”
“ਨਾ ਨਾ ਬੇਟਾ, ਤੇਰੀ ਮੇਹਨਤ ਦਾ ਮੁਲ ਐ, ਮੇਰੇ ਵੇਂਦਿਆਂ ਵਹਦਿਆਂ ਤੂੰ ਤਰੱਕੀ ਕੀਤੀ ਤੇ ਸਟਰਗਲ ਵੀ ਬਥੇਰੀ ਕੀਤੀ ਐ ਤੂੰ।”
ਮੈਂ ਆਖਿਆ ਕਿ ਕਈ ਸੜੀ ਜਾਂਦੇ ਐ, ਆਪ ਖੁਸ਼ ਹੋ ਰਹੇ ਹੋ, ਹੌਸਲਾ ਵਧਾ ਰਹੇ ਓ ਐਂਕਲ ਜੀ।
ਉਨਾਂ ਇਹ ਕਹਿਕੇ ਫੋਨ ਬੰਦ ਕਰ ਦਿੱਤਾ:
ਦਾਣੇ ਚੱਬੀਏ ਰੁਮਾਲ ਵਿਛਾ ਕੇ
ਮੱਚਦਿਆਂ ਨੂੰ ਮੱਚ ਲੈਣ ਦੇ।
*
ਮੈਂ ਪਿੰਡ ਹੀ ਸੀ ਜਿਦਣ ਬਰਾੜ ਸਾਹਬ ਦੇ ਅਕਾਲੀ ਦਲ ਵਿਚ ਰਲ ਜਾਣ ਦੀ ਖਬਰ ਆਈ। ਇਹ ਖਬਰ ਮੇਰੇ ਵਾਸਤੇ ਬੇਹਦ ਉਦਾਸੀ ਲੈਕੇ ਆਈ। ਬਰਾੜ ਸਾਹਬ ਦੇ ਇਸ ਫੈਸਲੈ ਉਤੇ ਗੁੱਸਾ ਆਇਆ। ਮੇਰਾ ਦਿਲ ਕਰਕੇ ਕਿ ਫੋਨ ਕਰਕੇ ਆਖਾਂ ਚਾਚਾ ਜੀ ਇਹ ਕੀ ਕਰ ਲਿਆ? ਕਿਥੇ ਗਈ ਥੋਡੀ ਮਾਂ ਪਾਰਟੀ ਕਾਂਗਰਸ? ਸਾਰੀ ਉਮਰ ਕਾਂਗਰਸ ਕਾਂਗਰਸ ਤੇ ਪੰਜਾ ਪੰਜਾ ਕੂਕਣ ਵਾਲੇ ਚਾਚਿਆ ਕਿਵੇਂ ਕਹੇਂਗਾ ਤਕੜੀ ਤਕੜੀ ਤੇ ਅਕਾਲੀ ਅਕਾਲੀ, ਤੇ ਕੀ ਤੋਲ ਲਵੇਂਗਾ ਅਕਾਲੀਆਂ ਵਾਲੀ ਤੱਕੜੀ ਨੂੰ? ਬੜੇ ਸਵਾਲ ਤੇ ਵਲਵਲੇ ਉਠਣ ਮਨ ਵਿਚ ਪਰ ਨਹੀਂ ਕੀਤਾ ਫੋਨ ਮੈਂ।
ਬਰਾੜ ਸਾਹਬ ਨੂੰ ਚੇਅਰਮੈਨ ਪੰਜਾਬ ਰੋਡਵੇਜ ਕਾਰਪੋਰੇਸ਼ਨ ਲਗਾ ਦਿਤਾ ਗਿਆ। ਸੋਚਿਆ ਚਲੋ ਚਾਚਾ ਕਿਸੇ ਆਸਰੇ ਲਗਾ। ਫਰੀਦਕੋਟ ਦੇ ਬਸ ਅਡੇ ਸਮੇਤ ਕਈ ਬਸ ਅੱਡਿਆਂ ਦੀ ਕਾਇਆ ਕਲਪ ਕੀਤੀ। ਕੰਡਕਟਰ ਡਰੈਵਰ ਠੇਕੇ ਉਤੇ ਰਖੇ। ਘਾਟੇ ਜਾਂਦੇ ਡਿਪੂ ਜਾਇਜਾ ਲੈ ਲੈ ਕੇ ਵਾਧੇ ਵਿਚ ਕੀਤੇ।
ਬਰਾੜ ਸਾਹਬ ਹੌਸਲੇ ਜਿਹਾ ਨਾਲ ਤੁਰੇ ਫਿਰਦੇ ਸੀ ਪਰ ਕਹਿੰਦੇ ਸੀ ਕਿ ਦਿਲ ਓਧਰੇ ਈ ਲਗਦਾ, ਏਧਰ ਮੇਰੀ ਮੀਚਾ ਨੀ ਮਿਲਦੀ। ਪਰ ਸੁਖਬੀਰ, ਵੱਡਾ ਬਾਦਲ ਤੇ ਮਜੀਠੀਆ ਉਨਾ ਦਾ ਆਦਰ ਵੀ ਬਹੁਤ ਕਰਦੇ ਸੀ। ਬਰਾੜ ਸਾਹਬ ਨੇ ਅਕਾਲੀਆਂ ਨਾਲ ਰਲਕੇ ਵੀ ਚਿੱਟੀ ਪੱਗ ਬੰਨਣੀ ਨਾ ਛੱਡੀ ਤੇ ਰਲਣ ਵਾਲੇ ਦਿਨ ਹੀ ਕਹਿਤਾ ਕਿ ਕੀਰਤਨ ਅਕਾਲੀ ਦਲ ਦਾ ਕਰੂੰ ਪਰ ਢੋਲਕੀ ਚੋਂ ਰਾਗ ਕਾਂਗਰਸ ਦਾ ਹੀ ਨਿਕਲੂ, ਚਿੱਟੀ ਪਗ ਬੰਨਣ ਤੋਂ ਨਾ ਰੋਕਿਓ। ਸਾਰੇ ਬਹੁਤ ਹੱਸੇ ਸਨ।
*
2016 ਦਾ ਦੲੰਬਰ।
ਮੈਂ ਆਪਣੇ ਕਜਨ ਵਿਕਰਮਜੀਤ ਦੁੱਗਲ ਆਈ ਪੀ ਐਸ,ਪੁਲਸ ਕਮਿਸ਼ਨਰ ਪਾਸ ਤੇਲੰਗਾਨਾ ਗਿਆ ਹੋਇਆ ਸਾਂ। ਮੈਨੂੰ ਉਥੇ 19 ਦਿਨ ਲਗ ਗੇ। ਸ਼ੋਸ਼ਲ ਮੀਡੀਆ ਉਤੇ ਬੜੀ ਭੈੜੀ ਖਬਰ ਅੱਖਾਂ ਅਗੇ ਆ ਅਟਕੀ ਕਿ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਦਾ ਦਿਹਾਂਤ। ਅਖਾਂ ਖਬਰ ਉਤੇ ਗੱਡੀਆਂ ਹੀ ਭਰ ਆਈਆਂ ਤੇ ਕਾਲਜੇ ਨੂੰ ਖੋਹ ਪੀ ਜਿਵੇਂ ਕੁਛ ਖੁਸ ਜਿਹਾ ਗਿਆ ਹੈ। ਮੈਂ ਵਿਕਰਮਜੀਤ ਦੇ ਦਫਤਰ ੳਹਦੇ ਸਾਈਡ ਵਾਲੀ ਕੁਰਸੀ ਉਤੇ ਬੈਠਾ ਹੋਇਆ ਸਾਂ ਤੇ ਕੁਛ ਹੋਰ ਅਫਸਰ ਵੀ ਉਹਦੇ ਕੋਲ ਬੈਠੇ ੲਨ। ਮੈਂ ਅੱਖਾਂ ਨੀਵੀਆਂ ਪਾਈ ਉਹਦੇ ਰਿਟਾਇਰਗ ਰੂਮ ਵਿਚ ਜਾਕੇ ਫਿਸ ਹੀ ਪਿਆ। ਵਾਹਵਾ ਰੋ ਲਿਆ ਤੇ ਮੂੰਹ ਅੱਖਾਂ ਧੋਕੇ ਬਾਹਰ ਆਇਆ। ਅਫਸਰ ਜਾ ਚੁਕੇ ਸਨ। ਵਿਕਰਮਜੀਤ ਆਪਣੇ ਫੋਨ ਉਤੇ ਤੇਜੀ ਨਾਲ ਕੁਛ ਟਾਇਪ ਕਰੀ ਜਾ ਰਿਹਾ ਸੀ। ਮੈਂ ਉਸੇ ਕੁਰਸੀ ਉਤੇ ਫਿਰ ਆ ਬੈਠਾ। ਜਦ ਉਹ ਟਾਈਮ ਕਰ ਹਟਿਆ ਤਾਂ ਫੋਨ ਰਖਦਾ ਮੇਰੇ ਵੱਲ ਦੇਖਕੇ ਪੁੱਛਣ ਲੱਗਿਆ ਕੀ ਗੱਲ ਉਦਾਸਿਆ ਜਿਹਾ ਫਿਰਦਾਂ? ਮੈਂ ਕੁਛ ਨਾ ਬੋਲਿਆ। ਉਸ ਫਿਰ ਪੁਛਿਆ ਦਸ ਕੀ ਗੱਲ ਐ। ਮੈਂ ਭਰੇ ਗਲੇ ਚੋਂ ਏਨਾ ਆਖ ਸਕਿਆ ਕਿ ਬਰਾੜ ਚਾਚਾ—। ਫੋਨ ਉਤੇ ਆਈ ਖਬਰ ਉਹਦੇ ਮੂਹਰੇ ਕਰ ਦਿਤੀ।
ਆਥਣੇ ਅਸੀਂ ਰੈਡ ਵਾਈਨ ਦੀਆਂ ਘੁੱਟਾਂ ਨਾਲ ਬਰਾੜ ਸਾਹਬ ਨੂੰ ਚੇਤੇ ਕਰਨ ਲੱਗੇ। ਮੈਂ ਉਸਨੂੰ ਬਰਾੜ ਸਾਹਬ ਦੀਆਂ ਬਹੁਤ ਗੱਲਾਂ ਸੁਣਾਈਆਂ। ਵਿਕਰਮਜੀਤ ਆਖਣ ਲੱਗਾ ਕਿ ਕਿੰਨਾ ਚੰਗਾ ਹੁੰਦਾ ਕਿ ਮੈਂ ਵੀ ਏ ਚਾਚੇ ਨੂੰ ਮਿਲਿਆ ਹੁੰਦਾ।ਅਸੀਂ ਬਬੂ ਬਰਾੜ ਨੂੰ ਫੋਨ ਮਿਲਾ ਲਿਆ। ਬੱਬੂ ਨੂੰ ਮੇਰੇ ਤੇਲੰਗਾਨਾ ਆਉਣ ਬਾਰੇ ਪਤਾ ਸੀ। ਫੋਨ ਉਤੇ ਮੇਰਾ ਫਿਰ ਰੋਣਾ ਨਿਕਲ ਗਿਆ ਬਾਈ ਚਾਚਾ ਕਿਥੇ ਚਲਾ ਗਿਆ? ਵਿਕਰਮਜੀਤ ਨੇ ਵੀ ਬੱਬੂ ਨਾਲ ਅਫਸੋਸ ਕੀਤਾ।
( ਮੈਨੂ ਅਫਸੋਸ ਰਹਾਗਾ ਕਿ ਮੈਂ ਬਰਾੜ ਚਾਚੇ ਦੀਆਂ ਅੰਤਮ ਰਸਮਾਂ ਚ ਸ਼ਾਮਲ ਨਹੀ ਹੋ ਸਕਿਆ ਤੇ ਨਾ ਹੀ ਜਾਂਦੀ ਵਾਰੀ ਉਨਾ ਦਾ ਮੂੰਹ ਹੀ ਦੇਖ ਸਕਿਆ।
**
2018 ਦਾ ਮਾਰਚ ਮਹੀਨੇ। ਸ੍ਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਵਿਭਾਗ ਨੇ ਮੈਨੂੰ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਵਿਚ ਅਫਸਰੀ ਦਿੱਤੀ। ਬੱਬੂ ਬਰਾੜ ਦਾ ਫੋਨ ਆਇਆ ਕਿ ਦੋ ਪਾਸਿਓਂ ਵਧਾਈਆਂ, ਇਕ ਆਪਣੇ ਸੁਰਗਾਂ ਚ ਬੈਠੇ ਚਾਚੇ ਵਲੋਂ ਦੂਜੀ ਯਾਨਿ ਮੇਰੇ ਵਲੋਂ, ਵੱਡੇ ਭਰਾ ਵਲੋਂ ਵਧਾਈ । ਮੈਂ ਦਫਤਰ ਆ ਰਿਹਾਂ ਤੇਰੇ ਕੋਲ। ਬੱਬੂ ਆਇਆ। ਮੈਨੂੰ ਆਲੀਸ਼ਾਨ ਕਮਰੇ ਵਿਚ ਸਰਕਾਰੀ ਕੁਰਸੀ ਉਤੇ ਬੈਠਾ ਦੇਖਕੇ ਅੱਖਾਂ ਭਰ ਆਇਆ ਕਿ ਅਜ ਬਰਾੜ ਸਾਹਬ ਜੀਂਦੇ ਹੁੰਦੇ, ਉਹ ਆਉਂਦੇ ਤੇ ਤੈਨੂੰ ਦੇਖਕੇ ਬਹੁਤ ਖੁਸ਼ ਹੋਣਾ ਸੀ ਉਨਾ ਨੇ।” ਮੇਰਾ ਵੀ ਇਹ ਗੱਲ ਸੁਣਕੇ ਮਨ ਭਰ ਆਇਆ ਤੇ ਮੈਂ ਬੱਬੂ ਵਲੋਂ ਨਿਗਾ ਚੁਰਾ ਕੇ ਚਾਹ ਵਾਲੇ ਖਾਲੀ ਕੱਪ ਨੂੰ ਟਿਕਟਿਕੀ ਲਗਾ ਕੇ ਵੇਖਣ ਲੱਗ ਪਿਆ।
(ਅੰਤ)
Note: ਕਿਤਾਬ ਛਪਵਾਈ ਅਧੀਨ ਹੈ।
