ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਮਿਸੀਸਿਪੀ ਦੇ ਸਿਹਤ ਅਧਿਕਾਰੀਆਂ ਵੱਲੋਂ, ਸੂਬੇ ਵਿੱਚ ਗਰਭਵਤੀ ਔਰਤਾਂ ਦਰਮਿਆਨ ਡੈਲਟਾ ਵਾਇਰਸ ਦੇ ਵਾਧੇ ਦੌਰਾਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਗਰਭਵਤੀ ਮਾਵਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ ਹੈ। ਮਿਸੀਸਿਪੀ ਦੇ ਸਿਹਤ ਅਧਿਕਾਰੀ ਡਾਕਟਰ ਥੌਮਸ ਡੌਬਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਪਿਛਲੇ ਚਾਰ ਹਫਤਿਆਂ ਵਿੱਚ ਕੋਵਿਡ -19 ਨਾਲ ਮਰਨ ਵਾਲੀਆਂ 8 ਗਰਭਵਤੀ ਔਰਤਾਂ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਿਹਾ ਹੈ। ਦੱਸਣਯੋਗ ਹੈ ਕਿ ਦੇਸ਼ ਭਰ ਵਿੱਚ ਜ਼ਿਆਦਾਤਰ ਗਰਭਵਤੀ ਔਰਤਾਂ ਦਾ ਕੋਰੋਨਾ ਟੀਕਾਕਰਨ ਬਾਕੀ ਹੈ। ਸੀ ਡੀ ਸੀ ਦੇ ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ 4 ਵਿੱਚੋਂ 3 ਗਰਭਵਤੀ ਔਰਤਾਂ ਨੂੰ ਅਜੇ ਤੱਕ ਕੋਵਿਡ -19 ਦਾ ਟੀਕਾ ਨਹੀਂ ਲੱਗਿਆ ਹੈ। ਏਜੰਸੀ ਅਨੁਸਾਰ ਗਰਭਵਤੀ ਔਰਤਾਂ ਨੂੰ ਗੈਰ-ਗਰਭਵਤੀ ਔਰਤਾਂ ਦੀ ਤੁਲਨਾ ਵਿੱਚ ਇੰਟੈਂਸਿਵ ਕੇਅਰ ਯੂਨਿਟ ‘ਚ ਦਾਖਲਾ, ਅਤੇ ਮੌਤ ਸਮੇਤ ਕੋਵਿਡ -19 ਦਾ ਸੰਕਰਮਣ ਹੋਣ ਦਾ ਵਧੇਰੇ ਖਤਰਾ ਹੁੰਦਾ ਹੈ। ਸੀ ਡੀ ਸੀ ਦੇ ਅੰਕੜਿਆਂ ਅਨੁਸਾਰ ਸੋਮਵਾਰ ਤੱਕ, ਮਹਾਂਮਾਰੀ ਦੇ ਦੌਰਾਨ ਦੇਸ਼ ਭਰ ਵਿੱਚ ਘੱਟੋ ਘੱਟ 147 ਗਰਭਵਤੀ ਔਰਤਾਂ ਦੀ ਮੌਤ ਕੋਵਿਡ -19 ਨਾਲ ਹੋਈ ਹੈ। ਮਿਸੀਸਿਪੀ ਸਟੇਟ ਵਿੱਚ ਮਾਰਚ 2020 ਤੋਂ ਜਨਵਰੀ 2021 ਤੱਕ ਗਰਭਵਤੀ ਔਰਤਾਂ ਵਿੱਚ 6 ਕੋਵਿਡ -19 ਮੌਤਾਂ ਅਤੇ ਮਈ ਤੋਂ ਲੈ ਕੇ ਹੁਣ ਤੱਕ 7 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਅਗਸਤ ਮਹੀਨੇ ‘ਚ 4 ਸ਼ਾਮਲ ਹਨ। ਇਸ ਲਈ ਗਰਭਵਤੀ ਔਰਤਾਂ ਦੀ ਮੌਤ ਦਰ ਘੱਟ ਕਰਨ ਲਈ ਸਟੇਟ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ ਹੈ।
