13 ਸਤੰਬਰ ਨੂੰ ਚੀਫ਼ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ ਤੈਅ ਕਰਵਾਉਣ ਤੋਂ ਬਾਅਦ ਸ਼ਾਂਤ ਹੋਏ ਬੇਰੁਜ਼ਗਾਰ
ਐੱਸ ਐੱਸ ਨਗਰ/ ਮੋਹਾਲੀ (ਦਲਜੀਤ ਕੌਰ ਭਵਾਨੀਗੜ੍ਹ) ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੱਦੇ ਤੇ ਅਧਿਆਪਕਾਂ ਦੀਆਂ 6635 ਅਸਾਮੀਆਂ ਲਈ ਬੇਰੁਜ਼ਗਾਰ ਬੀ.ਐਡ ਉਮੀਦਵਾਰਾਂ ਨੂੰ ਅਪਲਾਈ ਕਰਾਉਣ ਦੇ ਵਿਰੋਧ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਮੁਹਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਸੂਬਾ ਸਰਕਾਰ ਖਿਲਾਫ਼ ਰੋਸ਼ ਪ੍ਰਦਰਸਨ ਕੀਤਾ।
ਬੇਰੁਜ਼ਗਾਰ ਅਧਿਆਪਕਾਂ ਦੇ ਇਕੱਠ ਤੇ ਰੋਹ ਨੂੰ ਵੇਖਦੇ ਹੋਏ ਮੋਹਾਲੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪ੍ਰਸ਼ਾਸਨ ਵੱਲੋਂ ਮੌਕੇ ਤੇ ਹੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਵਫ਼ਦ ਦੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜੱਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਕਿ ਈਟੀਟੀ ਦੀ ਭਰਤੀ ਚ ਸਿਰਫ਼ ਈਟੀਟੀ ਉਮੀਦਵਾਰਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਵੇਗਾ ਪਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਇਸ ਸਬੰਧੀ ਕੋਈ ਵੀ ਲਿਖਤੀ ਰੂਪ ਵਿੱਚ ਨਾ ਦਿੱਤਾ ਇਸ ਤੋਂ ਬਾਅਦ ਰੋਸ ਵਿੱਚ ਆਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਚੰਡੀਗਡ਼੍ਹ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਸੱਤ ਫੇਜ਼ ਦੀਆਂ ਲਾਈਟਾਂ ਉਪਰ ਰੋਕਿਆ ਗਿਆ। ਇਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਨਾਲ ਥੋੜੀ ਝੜਪ ਵੀ ਹੋਈ ਤੇ ਉਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸੱਤ ਫੇਜ਼ ਦੀਆਂ ਲਾਈਟਾਂ ਉਪਰ ਹੀ ਜਾਮ ਲਾ ਕੇ ਆਵਾਜਾਈ ਠੱਪ ਰੱਖੀ ਗਈ। ਜਿਸ ਤੋਂ ਬਾਅਦ ਪ੍ਰਸ਼ਾਸਨ ਨਾਲ ਭਾਰੀ ਬਹਿਸਬਾਜ਼ੀ ਤੋਂ ਬਾਅਦ ਪ੍ਰਸ਼ਾਸਨ ਵੱਲੋਂ 13 ਸਤੰਬਰ ਨੂੰ ਚੀਫ਼ ਪ੍ਰਿੰਸੀਪਲ ਸਕੱਤਰ ਸ੍ਰੀ ਸਕੱਤਰ ਸੁਰੇਸ਼ ਕੁਮਾਰ ਨਾਲ ਪੈੱਨਲ ਮੀਟਿੰਗ ਤੈਅ ਕਰਵਾਈ ਗਈ ਤਾਂ ਜਾ ਕੇ ਬੇਰੁਜ਼ਗਾਰ ਅਧਿਆਪਕ ਸ਼ਾਂਤ ਹੋਏ ਅਤੇ ਧਰਨਾ ਸਮਾਪਤ ਕੀਤਾ।
ਇਸ ਮੌਕੇ ਮੌਜੂਦ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਸੰਲਿਦਰ ਕੰਬੋਜ, ਨਿਰਮਲ ਜੀਰਾ, ਰਾਜਸੁਖਵਿੰਦਰ ਗੁਰਦਾਸਪੁਰ, ਸੁਰਿੰਦਰਪਾਲ ਗੁਰਦਾਸਪੁਰ, ਕੁਲਦੀਪ ਖੋਖਰ, ਅਮਨਦੀਪ ਸੱਗੂ ਤੇ ਬਲਵਿੰਦਰ ਨਾਭਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਰਤੀ ਦਾ ਵਾਰ ਵਾਰ ਖੋਲ ਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਪ੍ਰਤੀ ਤਾਨਾਸ਼ਾਹ ਰਵੱਈਆ ਅਪਣਾਇਆ ਜਾ ਰਿਹਾ ਹੈ ਕਿ ਤਾਂ ਕਿ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੂੰ ਕੋਈ ਵੀ ਰੁਜ਼ਗਾਰ ਨਾ ਮਿਲੇ ਤੇ ਭਰਤੀ ਆਉਣ ਵਾਲੇ ਸਮੇਂ ਵਿੱਚ ਕੋਰਟ ਕੇਸਾਂ ਵਿੱਚ ਲਮਕਦੀ ਰਹੇ।
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਪੰਜਾਬ ਸਰਕਾਰ ਦੀਆਂ ਅਧਿਆਪਕਾਂ ਲਈ ਮਾਰੂ ਨੀਤੀਆਂ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ ਤੇ ਜਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਤਿੱਖੇ ਰੂਪ ਵਿੱਚ ਜਾਰੀ ਰਹੇਗਾ । ਆਗੂਆਂ ਨੇ ਕਿਹਾ ਕਿ ਲਗਾਤਾਰ ਸਾਢੇ ਚਾਰ ਸਾਲ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਘਰਸ਼ ਦੌਰਾਨ ਪੁਲੀਸ ਦੀਆਂ ਡਾਂਗਾਂ, ਝੂਠੇ ਪਰਚੇ, ਨਹਿਰਾਂ ਵਿੱਚ ਛਾਲਾਂ ਮਾਰਨ ਤੋਂ ਬਾਅਦ ਤੇ ਟੈਂਕੀਆਂ ਟਾਵਰਾਂ ਤੋਂ ਚਡ਼੍ਹਨ ਤੋਂ ਬਾਅਦ 6635 ਈ.ਟੀ.ਟੀ ਦੀਆਂ ਅਸਾਮੀਆਂ ਪ੍ਰਾਪਤ ਹੋਈਆਂ ਸਨ। ਜਿਸ ਵਿੱਚ ਪਹਿਲਾਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਮਿਤੀ 18 ਅਗਸਤ ਸੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਕੇ ਹੋਰ ਉਮੀਦਵਾਰਾਂ ਨੂੰ ਭਰਤੀ ‘ਚ ਅਪਲਾਈ ਕਰਨ ਦਾ ਮੌਕਾ ਦੇਣ ਲਈ ਭਰਤੀ ਦੇ ਲਗਾਤਾਰ ਦੋ ਵਾਰੀ ਅਪਲਾਈ ਕਰਨ ਦੀ ਮਿਤੀ ਵਧਾਈ ਗਈ। 18 ਅਗਸਤ ਤੱਕ ਪੰਜਾਬ ਸਰਕਾਰ ਵੱਲੋਂ ਬੀ ਐੱਡ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਕੋਈ ਵੀ ਆਪਸ਼ਨ ਨਹੀਂ ਸੀ ਪਰ ਹੁਣ ਜਾਣਬੁੱਝ ਕੇ ਪੰਜਾਬ ਸਰਕਾਰ ਵੱਲੋਂ ਬੀ. ਐੱਡ. ਉਮੀਦਵਾਰਾਂ ਨੂੰ ਈਟੀਟੀ ਭਰਤੀ ਵਿੱਚ ਬਰਾਬਰ ਵਿਚਾਰਨ ਲਈ ਉਨ੍ਹਾਂ ਨੂੰ ਭਰਤੀ ਚ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ ਅਤੇ ਭਰਤੀ ਦਾ ਪੋਰਟਲ ਖੋਲ੍ਹਿਆ ਜਾ ਰਿਹਾ ਹੈ ਤਾਂ ਕਿ ਬੇਰੁਜ਼ਗਾਰ ਬੀ ਐੱਡ ਉਮੀਦਵਾਰਾਂ ਨੂੰ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਇੱਕ ਵਿਸੇਸ਼ ਮੌਕਾ ਦਿੱਤਾ ਜਾ ਸਕੇ।
