ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਹੈਲਥ ਐਂਡ ਹਿਊਮਨ ਸਰਵਿਸ ਵਿਭਾਗ (ਐਚ ਐਚ ਐਸ) ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਇਸ ਸਮੇਂ 100 ਤੋਂ ਵੱਧ ਉਹਨਾਂ ਅਫਗਾਨ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ ਜੋ ਆਪਣੇ ਮਾਪਿਆਂ ਤੋਂ ਬਿਨਾਂ ਅਮਰੀਕਾ ਪਹੁੰਚੇ ਹਨ। ਇਸ ਸਾਲ ਵਿੱਚ ਅਮਰੀਕਾ ਪਹੁੰਚਣ ਵਾਲੇ ਅਫਗਾਨ ਲੋਕਾਂ ਦੀ ਵੱਡੀ ਵਿੱਚ ਪਰਿਵਾਰ ਅਤੇ ਬਾਲਗ ਲੋਕ ਹਨ ਪਰ ਇਹਨਾਂ ਦੇ ਇਲਾਵਾ ਕੁੱਝ ਬੱਚੇ ਆਪਣੇ ਮਾਪਿਆਂ ਦੇ ਬਗੈਰ ਵੀ ਦੇਸ਼ ਵਿੱਚ ਦਾਖਲ ਹੋਏ ਹਨ। ਐਚ ਐਚ ਐਸ ਅਨੁਸਾਰ ਇਹਨਾਂ ਵਿੱਚੋਂਂ ਕੁੱਝ ਬੱਚਿਆਂ ਨੂੰ ਅਫਗਾਨਿਸਤਾਨ ਤੋਂ ਹੀ ਆਏ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਭੇਜਿਆ ਗਿਆ ਹੈ ,ਜਦਕਿ ਜਿਹਨਾਂ ਦਾ ਪਰਿਵਾਰ ਨਹੀਂ ਹੈ ਉਹ ਉਦੋਂ ਤੱਕ ਐਚ ਐਚ ਐਸ ਦੇ ਰਫਿਊਜੀ ਰੀਸੈਟਲਮੈਂਟ ਦੀ ਦੇਖਰੇਖ ਵਿੱਚ ਰਹਿਣਗੇ ਜਦੋਂ ਤੱਕ ਉਹ 18 ਸਾਲ ਦੇ ਨਹੀਂ ਹੋ ਜਾਂਦੇ ਜਾਂ ਕੋਈ ਢੁੱਕਵਾਂ ਸਪਾਂਸਰ ਨਹੀਂ ਮਿਲ ਜਾਂਦਾ। ਵਿਭਾਗ ਅਨੁਸਾਰ 26 ਅਗਸਤ ਤੱਕ, 34 ਇਕੱਲੇ ਅਫਗਾਨ ਬੱਚਿਆਂ ਨੂੰ ਰਫਿਊਜੀ ਦਫਤਰ ਭੇਜਿਆ ਗਿਆ ਸੀ। ਜਿਕਰਯੋਗ ਹੈ ਕਿ ਅਫਗਾਨਿਸਤਾਨ ਤੋਂ ਬਚਾ ਕੇ ਲਿਆਂਦੇ ਗਏ ਜਿਆਦਾਤਰ ਲੋਕਾਂ ਨੂੰ ਫੌਜੀ ਬੇਸਾਂ ਵਿੱਚ ਰੱਖਿਆ ਗਿਆ ਹੈ, ਜੋ ਕਿ ਅਸਥਾਈ ਰਿਹਾਇਸ਼ੀ ਥਾਵਾਂ ਵਜੋਂ ਸੇਵਾ ਕਰ ਰਹੇ ਹਨ। ਜਿਆਦਾਤਰ ਅਫਗਾਨੀ ਲੋਕ ਕੋਰੋਨਾ ਵਾਇਰਸ ਟੈਸਟਿੰਗ, ਟੀਕਾਕਰਨ, ਮੈਡੀਕਲ ਜਾਂਚਾਂ ਅਤੇ ਹੋਰ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਅਧੀਨ ਹਨ।
