ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਪੰਜਾਬ ਦੀ ਕੈਪਟਨ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਮਜ਼ਦੂਰਾਂ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਘਰ-ਘਰ ਨੌਕਰੀ ਦੇਣ, ਰਾਸ਼ਨ ਡਿਪੂਆਂ ਤੇ ਆਟਾ ਦਾਲ ਦੇ ਨਾਲ ਖੰਡ ਪੱਤੀ ਤੇ ਘਿਓ ਦੇਣ ਵਰਗੇ ਵਾਅਦਿਆਂ ਤੋਂ ਭੱਜ ਗਈ ਹੈ ਜਿਸ ਕਰਕੇ 13 ਸਤੰਬਰ ਨੂੰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਕੈਪਟਨ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਭਵਾਨੀਗੜ੍ਹ ਬਲਾਕ ਦੇ ਪਿੰਡ ਲੱਡੀ, ਘਾਬਦਾਂ ਅਤੇ ਭਿੰਡਰਾਂ ਵਿਖੇ ਜੁੜੇ ਖੇਤ ਮਜ਼ਦੂਰਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ। ਮਜ਼ਦੂਰ ਆਗੂਆਂ ਨੇ ਕਿਹਾ ਕਿ 25 ਅਗਸਤ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ਼ ਮੀਟਿੰਗ ਸਮੇਂ ਮਜ਼ਦੂਰਾਂ ਦੇ ਪੁੱਟੇ ਹੋਏ ਬਿਜਲੀ ਮੀਟਰ ਬਿਨਾਂ ਸ਼ਰਤ ਤੁਰੰਤ ਜੋੜਨ, ਅੱਗੇ ਤੋਂ ਮੀਟਰ ਪੱਟਣੇ ਬੰਦ ਕਰਨ, ਆਟਾ ਦਾਲ ਸਕੀਮ ਦੇ ਕੱਟੇ ਹੋਏ ਕਾਰਡ ਬਹਾਲ ਕਰਨ ਤੇ ਪੋਰਟਲ ਖੋਹਲਣ ਦਾ ਕੀਤਾ ਫ਼ੈਸਲਾ ਵੀ ਲਾਗੂ ਨਹੀਂ ਕੀਤਾ ਗਿਆ। ਉਹਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਮਾਈਕਰੋਫਾਈਨਾਸ ਕੰਪਨੀਆਂ ਸਮੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਖ਼ਤਮ ਕਰਾਉਣ, ਬਿਜਲੀ ਦੇ ਬਿੱਲ ਤੇ ਬਕਾਏ ਮੁਆਫ਼ ਕਰਾਉਣ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ ਤੇ ਕੱਟੇ ਪਲਾਟਾਂ ਦੇ ਕਬਜ਼ੇ ਦੁਆਉਣ, ਰੁਜ਼ਗਾਰ ਗਰੰਟੀ, ਸਰਵ ਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਾਉਣ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ ਤੇ ਦੇਣ ਦੀ ਗਰੰਟੀ ਕਰਨ ਆਦਿ ਭਖ਼ਦੀਆਂ ਮੰਗਾਂ ਨੂੰ ਲੈ ਕੇ 13 ਸਤੰਬਰ ਨੂੰ ਸਾਂਝੇ ਮਜਦੂਰ ਮੋਰਚੇ ਵੱਲੋਂ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਕੀਤੇ ਜਾ ਰਹੇ ਘਿਰਾਓ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪਰਿਵਾਰਾਂ ਸਮੇਤ ਸ਼ਾਮਲ ਹੋਣ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਖੇਤ ਮਜ਼ਦੂਰਾਂ ਦੇ ਇਸ ਘੋਲ ਦੀ ਡਟਵੀਂ ਹਮਾਇਤ ਕਰੇਗੀ ਅਤੇ ਪਿੰਡਾਂ ਚੋਂ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਮੋਤੀ ਮਹਿਲ ਦੇ ਘਿਰਾਓ ਚ ਸ਼ਾਮਲ ਕਰਾਉਣ ਲਈ ਪੂਰਾ ਤਾਣ ਲਾਵੇਗੀ। ਇਸ ਮੌਕੇ ਵੱਖ-ਵੱਖ ਪਿੰਡਾਂ ਚ ਮਜ਼ਦੂਰ ਜਥੇਬੰਦੀ ਦੀਆਂ ਕਮੇਟੀਆਂ ਦੀ ਚੋਣ ਕੀਤੀ ਗਈ। ਪਿੰਡ ਲੱਡੀ ਚ ਬਲਦੇਵ ਸਿੰਘ ਪੁੱਤਰ ਚੂਹੜ ਸਿੰਘ ਪ੍ਰਧਾਨ, ਗੁਰਮੇਲ ਸਿੰਘ ਪੁੱਤਰ ਮੁਖਤਿਆਰ ਸਿੰਘ ਖਜ਼ਾਨਚੀ, ਹਰਵਿੰਦਰ ਸਿੰਘ ਪੁੱਤਰ ਦੇਵ ਸਿੰਘ ਜਰਨਲ ਸਕੱਤਰ ਅਤੇ ਇਸਤਰੀਆਂ ਦੀ ਪ੍ਰਧਾਨ ਬਲਦੀਸ਼ ਕੌਰ ਪਤਨੀ ਨਾਜਰ ਸਿੰਘ ਨੂੰ ਚੁਣਿਆ ਗਿਆ।
ਇਸੇ ਤਰ੍ਹਾਂ ਹੀ ਪਿੰਡ ਘਾਬਦਾਂ ਵਿੱਚ ਕੁਲਦੀਪ ਸਿੰਘ ਪੁੱਤਰ ਭਜਨ ਸਿੰਘ ਨੂੰ ਪ੍ਰਧਾਨ, ਲਾਭ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਜਨਰਲ ਸਕੱਤਰ, ਹਰਦਾਸ ਸਿੰਘ ਪੁੱਤਰ ਮੋਦਨ ਸਿੰਘ ਨੂੰ ਖ਼ਜ਼ਾਨਚੀ ਅਤੇ ਇਸਤਰੀਆਂ ਦੀ ਪ੍ਰਧਾਨ ਜਸਬੀਰ ਕੌਰ ਪਤਨੀ ਮਿੱਠੂ ਸਿੰਘ ਨੂੰ ਚੁਣਿਆ ਗਿਆ। ਬਾਕੀਆਂ ਦੇ ਦੋਵੇਂ ਪਿੰਡਾਂ ਵਿਚ ਕਮੇਟੀ ਮੈਂਬਰ ਚੁਣੇ ਗਏ। ਏਸੇ ਤਰ੍ਹਾਂ ਪਿੰਡ ਭਿੰਡਰਾਂ ਵਿਖੇ ਵੀ ਚੋਣ ਕੀਤੀ ਗਈ।
