ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਫਲੋਰਿਡਾ ‘ਚ ਇੱਕ ਹਵਾਈ ਅੱਡੇ ‘ਤੇ ਸ਼ਿਕਾਗੋ ਦੀ ਇੱਕ ਔਰਤ ਨੇ ਆਪਣੀ ਫਲਾਈਟ ਦੇ ਖੁੰਝ ਜਾਣ ‘ਤੇ ਜਹਾਜ਼ ਵਿੱਚ ਬੰਬ ਹੋਣ ਦੀ ਝੂਠੀ ਅਫਵਾਹ ਫੈਲਾਈ, ਜਿਸਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਅਨੁਸਾਰ 46 ਸਾਲਾਂ ਔਰਤ ਨੂੰ ਸੋਮਵਾਰ ਰਾਤ ਨੂੰ ਫੋਰਟ ਲਾਡਰਡੇਲ-ਹਾਲੀਵੁੱਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਪਰ ਜਹਾਜ਼ ਵਿੱਚ ਵਿਸਫੋਟ ਸਮੱਗਰੀ ਹੋਣ ਦੀ ਅਫਵਾਹ ਉਡਾਉਣ ਦੇ ਦੋਸ਼ ਲਗਾਏ ਗਏ। ਏਅਰਪੋਰਟ ਵਰਕਰਾਂ ਵੱਲੋਂ ਜਦੋ ਇਸ ਔਰਤ ਨੂੰ ਉਸਦੀ ਫਲਾਈਟ ਦੇ ਚਲੇ ਜਾਣ ਬਾਰੇ ਦੱਸਿਆ ਗਿਆ ਤਾਂ ਮਹਿਲਾ ਨੇ ਉਸਦੇ ਜਹਾਜ਼ ਵਿਚਲੇ ਚੈਕ-ਇਨ ਸਮਾਨ ‘ਚ ਬੰਬ ਹੋਣ ਦਾ ਦਾਅਵਾ ਕੀਤਾ। ਇਸ ਉਪਰੰਤ ਜਹਾਜ਼ ਜੋ ਅਜੇ ਰਨਵੇਅ ਉੱਪਰ ਸੀ ਨੂੰ ਮੋੜਿਆ ਗਿਆ ਅਤੇ ਯਾਤਰੀਆਂ ਨੂੰ ਬਾਹਰ ਕੱਢ ਕੇ ਬੰਬ ਦੀ ਭਾਲ ਕੀਤੀ ਗਈ ਪਰ ਜਹਾਜ਼ ਵਿੱਚੋਂ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਇਸ ਉਪਰੰਤ ਮਹਿਲਾ , ਜਿਸਦੀ ਪਛਾਣ ਨਹੀਂ ਦੱਸੀ ਗਈ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।
