ਜੁਗਾੜੀ ਅਤੇ ਚੋਰ ਚੱਕੇ ਖੇਡ ਪ੍ਰਮੋਟਰਾਂ ਦਾ ਹੋਵੇ ਸਮਾਜਿਕ ਬਾਈਕਾਟ

ਟੋਕੀਓ ਓਲੰਪਿਕ ਖੇਡਾਂ ਅਤੇ ਪੈਰਾਲੰਪਿਕ ਖੇਡਾਂ 2021 ਵਿੱਚ ਭਾਰਤ ਦਾ ਪ੍ਰਦਰਸ਼ਨ ਇਸ ਵਾਰ ਪਹਿਲਾਂ ਨਾਲੋਂ ਕਾਫੀ ਬਿਹਤਰ ਰਿਹਾ ਹੈ । ਭਾਰਤ ਸਰਕਾਰ ਅਤੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਨੇ ਜੇਤੂ ਖਿਡਾਰੀਆਂ ਨੂੰ ਜੋ ਵੀ ਇਨਾਮ ਐਲਾਨੇ ਸਨ, ਉਸ ਤੋਂ ਕਿਤੇ ਵੱਧ ਮਾਣ ਸਨਮਾਨ ਅਤੇ ਇਨਾਮੀ ਰਾਸ਼ੀ ਦੇ ਕੇ ਸਤਿਕਾਰ ਦਿੱਤਾ ਹੈ ਪੰਜਾਬ ਦੀ ਖੇਡ ਪਾਲਿਸੀ ਵਿਚ ਕਾਂਸੀ ਤਮਗਾ ਜੇਤੂਆਂ ਦਾ ਇਨਾਮ 1 ਕਰੋੜ ਬਣਦਾ ਸੀ ਪਰ ਪੰਜਾਬ ਸਰਕਾਰ ਨੇ ਜੇਤੂਆਂ ਨੂੰ ਢਾਈ ਢਾਈ ਕਰੋੜ ਅਤੇ ਹੋਰ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ 50-50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਹੈ। ਹਰਿਆਣਾ ਸਰਕਾਰ ਨੇ ਤਾਂ ਸਨਮਾਨ ਵਿਚ ਬਾ- ਕਮਾਲ ਹੀ ਕਰ ਦਿੱਤੀ ਹੈ ਹਰਿਆਣਾ ਸਰਕਾਰ ਨੇ ਓਲੰਪਿਕ ਦੇ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੂੰ 6 ਕਰੋੜ ਦਾ ਸਨਮਾਨ ਦਿੱਤਾ ਹੈ, ਬਾਕੀ ਜੇਤੂਆਂ ਨੂੰ ਵੀ ਕਰੋੜਾਂ ਤੋਂ ਥੱਲੇ ਨਹੀਂ ਆਉਣ ਦਿੱਤਾ । ਸਰਕਾਰਾਂ ਦਾ ਇਹ ਕਦਮ ਖਿਡਾਰੀਆਂ ਪ੍ਰਤੀ ਬਹੁਤ ਹੀ ਸ਼ਲਾਘਾਯੋਗ ਹਨ। ਸਰਕਾਰਾਂ ਅਤੇ ਓਲੰਪਿਕ ਖੇਡਾਂ ਵਿਚ ਗਏ ਖਿਡਾਰੀ ਵੀ ਆਪਣੀਆਂ ਪ੍ਰਾਪਤੀਆਂ ਸਦਕਾ ਵਧਾਈ ਦੇ ਪਾਤਰ ਹਨ । ਖਿਡਾਰੀਆਂ ਨੇ ਦੇਸ਼ ਦਾ ਨਾਮ ਦੁਨੀਆਂ ਵਿਚ ਚਮਕਾਇਆ ,ਸਰਕਾਰਾਂ ਨੇ ਖਿਡਾਰੀਆਂ ਨੂੰ ਮਾਣ ਸਤਿਕਾਰ ਦੇ ਕੇ ਚਮਕਾਇਆ ਹੈ ਪਰ ਦੂਸਰੇ ਪਾਸੇ ਕਈ ਖੇਡਾਂ ਦੇ ਨਾਮ ਤੇ ਬਣੇ ਜੁਗਾੜੀ ਅਤੇ ਚੋਰ ਚੱਕੇ, ਜਾਅਲੀ ਖੇਡ ਪ੍ਰਮੋਟਰ ਜਿਹੜੇ ਸਿਰਫ਼ ਆਪਣਾ ਨਾਮ ਚਮਕਾਉਣ ਦੀ ਆੜ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਵੀ ਓਲੰਪਿਕ ਖੇਡਾਂ ਤੋਂ ਪਹਿਲਾਂ ਤਮਗਾ ਜੇਤੂਆਂ ਨੂੰ ਵੱਡੇ ਵੱਡੇ ਇਨਾਮ ਦੇਣ ਦੇ ਐਲਾਨ ਕਰ ਦਿੱਤੇ ਪਰ ਜਦੋਂ ਖਿਡਾਰੀ ਤਮਗਾ ਜਿੱਤ ਕੇ ਆਏ ਉਹ ਚੋਰ ਚੱਕੇ ਖੇਡ ਪ੍ਰਮੋਟਰ ਕਿਤੇ ਦੀਵਾ ਲਾਇਆ ਵੀ ਨਹੀਂ ਲੱਭੇ ਉਨ੍ਹਾਂ ਦੇ ਕੀਤੇ ਐਲਾਨ ਸਿਰਫ਼ ਐਲਾਨਾਂ ਤੱਕ ਹੀ ਸੀਮਤ ਰਹਿ ਗਏ । ਕੁਝ ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਇਕ ਬਸਤੀ ਵਿਚ ਰਹਿੰਦੇ ਇਕ ਚੰਨਾ ਨਾਮ ਦੇ ਜੁਗਾੜੀ ਜਿਹੇ ਕਬੱਡੀ ਪ੍ਰਮੋਟਰ ਨੇ ਇਹ ਐਲਾਨ ਕਰ ਦਿੱਤਾ ਕਿ ਜੋ ਖਿਡਾਰੀ ਓਲੰਪਿਕ ਖੇਡਾਂ ਚੋਂ ਸੋਨ ਤਮਗਾ ਜਿੱਤੇਗਾ ਉਸ ਨੂੰ ਓਹ ਇੱਕ ਲੱਖ ਅਮਰੀਕੀ ਡਾਲਰ ਦਾ ਇਨਾਮ ਦੇਵੇਗਾ । ਇਸ ਤੋਂ ਇਲਾਵਾ ਕਈ ਹੋਰ ਕਬੱਡੀ ਕੱਪਾਂ ਵਾਲਿਆਂ ਨੇ ਕਿਸੇ ਨੇ 5 ਲੱਖ ਕਿਸੇ ਨੇ 11 ਲੱਖ ਕਿਸੇ ਨੇ ਕੁੱਝ ,ਕਿਸੇ ਨੇ ਕੱਝ ਜੇਤੂਆਂ ਲਈ ਐਲਾਨ ਕਰ ਦਿੱਤਾ । ਅਜਿਹੇ ਐਲਾਨਾਂ ਨਾਲ ਖਿਡਾਰੀਆਂ ਦੇ ਹੌਸਲੇ ਵੀ ਬੁਲੰਦ ਹੋ ਗਏ ਅਤੇ ਅਸੀਂ ਵੀ ਚਾਪਲੂਸੀ ਵਾਲੀ ਪੱਤਰਕਾਰੀ ਦੀਆਂ ਹੱਦਾਂ ਪਾਰ ਕਰ ਕੇ ਕਰਕੇ ਅਖ਼ਬਾਰਾਂ ਵਿੱਚ ਇਨ੍ਹਾਂ ਖੇਡ ਪ੍ਰਮੋਟਰਾਂ ਦੀਆਂ ਤਾਰੀਫ਼ਾਂ ਦੇ ਵੱਡੇ ਵੱਡੇ ਪੁਲ ਬੰਨ੍ਹ ਦਿੱਤੇ ।
ਪਰ ਜਦੋਂ ਬੀਜਿੰਗ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਚੰਗੇ ਭਾਗਾਂ ਨੂੰ ,ਇਨ੍ਹਾਂ ਜੁਗਾੜੀ ਪ੍ਰਮੋਟਰਾਂ ਦੇ ਮਾੜੇ ਭਾਗਾਂ ਨੂੰ ਪੰਜਾਬ ਦੇ ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤ ਲਿਆ ਅਤੇ ਕਈ ਹੋਰ ਤਮਗੇ ਵੀ ਆ ਗਏ ਤਾਂ ਇਹ ਜੁਗਾੜੀ ਚੋਰ ਚੱਕੇ ਖੇਡ ਪ੍ਰਮੋਟਰ ਖਿਡਾਰੀਆਂ ਨੂੰ ਐਲਾਨੇ ਇਨਾਮ ਦੇਣ ਦੀ ਬਜਾਏ ਪਤਾ ਨਹੀਂ ਲੱਗਿਆ ਕਿ ਕਿਹੜੀ ਖੁੱਡ ਵਿੱਚ ਵੜ ਗਏ ਮੁੜ ਕੇ ਬੋਲੇ ਹੀ ਨਹੀਂ । ਬਥੇਰਾ ਰੌਲਾ ਪਾਇਆ ਜੇਤੂਆਂ ਨੂੰ ਇਨਾਮ ਦਿਓ ,ਪਰ ਅਜੇ ਤੱਕ ਵੀ ਕਿਤੇ ਰੜਕੇ ਹੀ ਨਹੀਂ ਆਖ਼ਿਰ ਬਿੰਦਰੇ ਵਰਗਿਆਂ ਨੂੰ ਵੀ ਕਹਿਣਾ ਪਿਆ ਕਿ ਹੁਣ ਮਰੇ ਮੁੱਕਰਿਆਂ ਦਾ ਕੀ ਕਰੀਏ ।ਓਸ ਵਕਤ ਹਰ ਖੇਡ ਮੇਲੇ ਤੇ ਇੱਕ ਲੱਖ ਅਮਰੀਕੀ ਡਾਲਰ ਦੇਣ ਵਾਲੇ ਦੀ ਅਤੇ ਹੋਰ ਲੱਖਾਂ ਰੂਪਏ ਦੇਣ ਵਾਲਿਆਂ ਦੀ ਚਰਚਾ ਹੋਈ ਪਰ ਜਦੋਂ ਇਨਾਮ ਨਾ ਦਿੱਤੇ ਗਏ ਤਾਂ ਸਭ ਤੋਂ ਵੱਧ ਸ਼ਰਮਿੰਦਗੀ ਮੀਡੀਆ ਵਾਲਿਆਂ ਨੂੰ ਅਤੇ ਖੇਡਾਂ ਪ੍ਰਤੀ ਗੰਭੀਰਤਾ ਰੱਖਣ ਵਾਲੇ ਅਸਲੀ ਖੇਡ ਪ੍ਰਮੋਟਰਾਂ ਨੂੰ ਹੋਈ ਕਿ ਅਸੀਂ ਕਿਉਂ ਏਦਾਂ ਦੇ ਚੋਰ ਚੱਕਿਆਂ ਨੂੰ ਢੂਹੇ ਚੜ੍ਹਾਉਂਦੇ ਰਹੇ ਹਾਂ ਅਤੇ ਵੱਡੀਆਂ ਵੱਡੀਆਂ ਖ਼ਬਰਾਂ ਲਾਉਂਦੇ ਰਹੇ ਹਾਂ ਪਰ ਕਿਸੇ ਦੇ ਐਲਾਨ ਤੇ ਸਿਰਫ਼ ਇਕ ਵਿਸ਼ਵਾਸ ਹੀ ਕੀਤਾ ਜਾ ਸਕਦਾ ਫਿਰ ਵਿਸ਼ਵਾਸ ਤੋੜਨ ਵਾਲੇ ਦਾ ਹੱਲ ਵੀ ਕੀ ਹੋ ਸਕਦਾ, ਇਸੇ ਕਰਕੇ ਇਸ ਵਿਸਵਾਸ ਦੇ ਵਿੱਚ ਹੀ ਸਾਡੇ ਖੇਡਾਂ ਦੇ ਸਿਰਮੌਰ ਲੇਖਕ ਨੇ ਤਾਂ ਇਸ ਜੁਗਾੜੀ ,ਚੋਰ ਚੱਕੇ ਖੇਡ ਪ੍ਰਮੋਟਰ ਦੀਆਂ ਤਾਰੀਫ਼ਾਂ ਵਾਲਾ ਇਕ ਆਰਟੀਕਲ ਆਪਣੀ ਕਿਤਾਬ ਵਿੱਚ ਵੀ ਛਾਪ ਦਿੱਤਾ , ਜਿਹਾ ਕੁਝ ਲਿਖਣ ਵਿੱਚ ਮੈਂ ਵੀ ਇਨ੍ਹਾਂ ਪਾਪਾਂ ਦਾ ਭਾਗੀ ਬਣਿਆ ਪਰ ਪਛਤਾਵਾ ਸਾਨੂੰ ਸਾਰਿਆਂ ਨੂੰ ਹੀ ਹੈ ।ਕਿਉਂਕਿ ਕਈ ਵਾਰ ਅਕਲ ਚੋਟ ਲੱਗਣ ਤੋਂ ਬਾਅਦ ਹੀ ਆਉਂਦੀ ਹੈ । ਪਰ ਲੱਖ ਡਾਲਰ ਦਾ ਨਾਮ ਐਲਾਨ ਕਰਨ ਵਾਲੇ ਦੀ ਮਾਂ ਨੇ ਮੈਨੂੰ ਤਾਂ ਪਹਿਲਾਂ ਹੀ ਚੁਕੰਨੇ ਕਰ ਦਿੱਤਾ ਸੀ ਕਿ ਜਿਹੜਾ ਮੇਰਾ ਸਕਾ ਨਹੀਂ ਬਣਿਆ ਇਹ ਲੋਕਾਂ ਨੂੰ ਕੀ ਦੇਦੂ । ਇੱਥੇ ਹੀ ਬੱਸ ਨਹੀਂ ਆਹ ਚੰਨੇ ਠੱਗ ਨੇ ਤਾਂ ਪਾਕਿਸਤਾਨ ਦੇ ਵਿੱਚ 29 ਅਕਤੂਬਰ ਸਾਲ 2008 ਵਿੱਚ ਆਏ ਭੂਚਾਲ ਪੀਡ਼ਤਾਂ ਨੂੰ ਵੀ 50 ਲੱਖ ਦੇਣ ਦਾ ਅੈਲਾਨ ਕਰਕੇ ਵੱਡੀਆਂ ਵੱਡੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰ ਲਈਆਂ ਫੇਰ ਭਾਰਤੀ ਹਾਕੀ ਟੀਮ ਨੂੰ ਵੀ ਪੰਜ ਲੱਖ ਦੇਣ ਦਾ ਐਲਾਨ ਕੀਤਾ ਸੀ ਹੋਰ ਬੜਾ ਕੁਝ ਝੂਠ ਤੂਫ਼ਾਨ ਦਾ ਡਰਾਮਾ ਕੀਤਾ ਕਿ ਮੈਂ ਰਾਤੋ ਰਾਤ ਹੀਰੋ ਬਣ ਜਾਵਾਂ । ਪਰ ਦਿੱਤਾ ਕਿਸੇ ਨੂੰ ਧੇਲਾ ਨਹੀਂ , ਉਲਟਾ ਲੋਕਾਂ ਨਾਲ ਠੱਗੀਆਂ ਲੱਖਾਂ ਡਾਲਰਾਂ ਦੀਆਂ ਮਾਰ ਗਿਆ। ਅੱਜ ਵੀ ਬੇਸ਼ਰਮ ਹੋਕੇ ਖੇਡਾਂ ਦੀ ਦੁਨੀਆਂ ਵਿੱਚ ਝੂਠ ਤੂਫਾਨ ਬੋਲੀ ਜਾਦਾਂ ਹੈ।ਬੇਇੱਜ਼ਤੀ ਦਾ ਕੋਈ ਰੰਗ ਨਹੀਂ ਹੁੰਦਾ ਇਹ ਸਿਰਫ਼ ਮੰਨਣ ਦੀ ਹੁੰਦੀ ਹੈ, ਮੰਨਣਾ ਬੇਸ਼ਰਮਾ ਦੇ ਖਾਨਦਾਨ ਵਿਚ ਵੀ ਨਹੀਂ ਹੁੰਦਾ ।ਇਸੇ ਤਰ੍ਹਾਂ ਟੋਕੀਓ ਓਲੰਪਿਕ 2021 ਦੇ ਜੇਤੂਆਂ ਨੂੰ ਐਤਕੀਂ ਵੀ ਕਈ ਪਰਵਾਸੀ ਖੇਡ ਪ੍ਰਮੋਟਰਾਂ ਨੇ ਕਈ ਲੱਖਾਂ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ,ਜੋ ਕਿ ਇੱਕ ਵਧੀਆ ਗੱਲ ਹੈ ।
ਮੇਰੀ ਤਾਂ ਇਹੋ ਬੇਨਤੀ ਹੈ ਕਿ ਉਨ੍ਹਾਂ ਨੂੰ ਆਪਣੇ ਇਸ ਐਲਾਨ ਦਾ ਵਾਅਦਾ ਜਲਦੀ ਪੂਰਾ ਕਰਨਾ ਚਾਹੀਦਾ ਹੈ ਪਰ ਜੇ ਕਿਤੇ ਉਨ੍ਹਾਂ ਦੇ ਕੀਤੇ ਐਲਾਨ ਸਿਰਫ਼ ਐਲਾਨ ਹੀ ਰਹਿ ਗਏ ਤਾਂ ਜਨਾਜ਼ਾ ਉਨ੍ਹਾਂ ਦਾ ਵੀ ਮੀਡੀਏ ਵਿੱਚ ਬੜਾ ਧੂਮ ਧਾਮ ਨਾਲ ਹੀ ਨਿਕਲੇਗਾ। ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਜੋ ਖੇਡ ਪ੍ਰਮੋਟਰ ਆਪਣੇ ਕੀਤੇ ਵਾਅਦੇ ਉੱਤੇ ਖਰਾ ਉਤਰਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਮਿਲਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ ਪਰ ਜੋ ਠੱਗ ਚੋਰ ਖੇਡ ਪ੍ਰਮੋਟਰਾਂ ਦੇ ਰੂਪ ਵਿੱਚ ਖਿਡਾਰੀਆਂ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਦੇ ਹਨ ,ਆਪਣੀ ਝੂਠੀ ਚੌਧਰ ਨੂੰ ਚਮਕਾਉਣ ਦਾ ਯਤਨ ਕਰਦੇ ਹਨ ਜੋ ਆਪਣੀ ਕਹਿਣੀ ਕਰਨੀ ਤੇ ਖ਼ਰੇ ਨਹੀਂ ਉਤਰਦੇ ਉਨ੍ਹਾਂ ਦਾ ਚੰਗੀ ਤਰ੍ਹਾਂ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ, ਖ਼ਾਸ ਕਰਕੇ ਕੈਨੇਡਾ ,ਅਮਰੀਕਾ ਦੇ ਵਿਚ ਜੋ ਪ੍ਰਮੁੱਖ ਖੇਡ ਮੇਲੇ ਵੱਡੇ ਕਬੱਡੀ ਕੱਪਾਂ ਦੇ ਰੂਪ ਵਿੱਚ ਹੁੰਦੇ ਹਨ ਉਥੋ ਦੀਆਂ ਕਬੱਡੀ ਫੈਡਰੇਸ਼ਨਾਂ ਅਤੇ ਪ੍ਰਬੰਧਕੀ ਕਮੇਟੀਆਂ ਨੂੰ ਇਨ੍ਹਾਂ ਦੀ ਐਂਟਰੀ ਮੁਕੰਮਲ ਤੌਰ ਤੇ ਬੈਨ ਹੋਣੀ ਚਾਹੀਦੀ ਹੈ ,ਬਾਕੀ ਪੰਜਾਬ ਦਾ ਫ਼ਿਕਰ ਨਾ ਕਰੋ ਇੱਥੇ ਤਾਂ ਕਿਸਾਨਾਂ ਨੇ ਝੂਠੇ ਰਾਜਨੀਤਕ ਲੀਡਰਾਂ ਨੂੰ ਵਾਹਣੀ ਪਾ ਲਿਆ ਹੈ ਇਹ ਚੋਰ ਚੱਕੇ, ਖੇਡਾਂ ਦੇ ਜੁਗਾੜੀ ਤਾਂ ਕਿਸ ਬਾਗ਼ ਦੀ ਮੂਲੀ ਹਨ ? ਇਸ ਮੌਕੇ ਖਿਡਾਰੀਆਂ ਦਾ ਖਿਲਵਾੜ ਅਤੇ ਖੇਡ ਭਾਵਨਾਵਾਂ ਦਾ ਮਜ਼ਾਕ ਕਰਨ ਵਾਲੇ ਇਹ ਚੰਨੇ, ਮੰਨੇ ,ਬੱਟੇ ,ਖੱਟੇ ਇਨ੍ਹਾਂ ਜੁਗਾੜੀ ਲੋਕਾਂ ਵਿਰੁਧ ਜਦੋਂ ਅਸੀਂ ਇੱਕ ਸੁਹਿਰਦ , ਠੋਸ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਪਲੇਟਫਾਰਮ ਸਿਰਜਾਂਗੇ ਫੇਰ ਨਾਂ ਤਾਂ ਕੋਈ ਭਵਿੱਖ ਵਿੱਚ ਝੂਠਾ ਐਲਾਨ ਕਰਨ ਦੀ ਹਿੰਮਤ ਕਰੇਗਾ, ਨਾ ਹੀਂ ਜੇਤੂ ਖਿਡਾਰੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਵੇਗਾ ਅਤੇ ਫਿਰ ਹੀ ਪੰਜਾਬ ਦੇ ਵਿੱਚ ਅਸੀਂ ਖੇਡਾਂ ਦੀ ਤਰੱਕੀ ਦੀ ਕੋਈ ਆਸ ਰੱਖ ਸਕਦੇ ਹਾਂ । ਸਾਡਾ ਇੱਕੋ ਮਕਸਦ ਖੇਡਾਂ ਦੇ ਚੋਰ ਚੱਕੇ ਜੁਗਾੜੀਆਂ ਨੂੰ ਭਜਾਉਣਾ ,ਖੇਡਾਂ ਪ੍ਰਤੀ ਸੱਚੇ ਸੁੱਚੇ ਅਤੇ ਸੁਹਿਰਦ ਲੋਕਾਂ ਨੂੰ ਅੱਗੇ ਲੈਕੇ ਆਓੁਣਾ ਹੈ । ਸਾਡੀ ਤਾਂ ਇਹੋ ਦੁਆ ਹੈ ਕਿ ਪ੍ਰਮਾਤਮਾ ਇਨ੍ਹਾਂ ਜੁਗਾੜੀ ਲੋਕਾਂ ਨੂੰ ਵੀ ਸੁਮੱਤ ਦੇਵੇ, ਅਤੇ ਖੇਡਾਂ ਦੀ ਸੇਵਾ ਕਰਨ ਵਾਲਿਆਂ ਤੇ ਵੀ ਹਮੇਸ਼ਾ ਰਹਿਮਤ ਰੱਖੇ । ਬਾਕੀ ਪੰਜਾਬ ਦੇ ਖਿਡਾਰੀਆਂ ਦਾ ਰੱਬ ਰਾਖਾ !

ਜਗਰੂਪ ਸਿੰਘ ਜਰਖੜ
ਖੇਡ ਲੇਖਕ ਫੋਨ ਨੰਬਰ
9814300722