ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਖੂਨਦਾਨ ਨੂੰ ਵਿਸ਼ਵ ਭਰ ਵਿੱਚ ਮਹਾਂ ਦਾਨ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸਦਾ ਦਾਨ ਕਰਕੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਲਈ ਖੂਨਦਾਨ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਉਣ ਲਈ ਇੰਗਲੈਂਡ ਦੇ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪਹਿਲੀ ਵਾਰ ਸਕੂਲੀ ਪਾਠਕ੍ਰਮ ਵਿੱਚ ਖੂਨ ਅਤੇ ਅੰਗ ਦਾਨ ਬਾਰੇ ਪੜ੍ਹਾਇਆ ਜਾਵੇਗਾ। ਖੂਨ ਅਤੇ ਅੰਗ ਦਾਨ ਦੇ ਨਾਲ ਨਾਲ, ਵਿਦਿਆਰਥੀਆਂ ਨੂੰ ਇਸ ਵਿੱਦਿਅਕ ਸਾਲ ਵਿੱਚ ਪਹਿਲੀ ਵਾਰ ਪਾਠਕ੍ਰਮ ਵਿੱਚ ਸਟੈਮ ਸੈੱਲ ਦਾਨ , ਜਿਸਦਾ ਉਪਯੋਗ ਖੂਨ ਦੇ ਕੈਂਸਰ ਆਦਿ ਦੇ ਇਲਾਜ ਲਈ ਕੀਤਾ ਜਾ ਸਕਦਾ ਹੈ, ਬਾਰੇ ਵੀ ਸਿੱਖਿਆ ਦਿੱਤੀ ਜਾਵੇਗੀ। ਇਸ ਯੋਜਨਾ ਲਈ ਐੱਨ ਐੱਚ ਐੱਸ ਬਲੱਡ ਐਂਡ ਟ੍ਰਾਂਸਪਲਾਂਟ (ਐੱਨ ਐੱਚ ਐੱਸ ਬੀ ਟੀ) ਨੇ ਬਲੱਡ ਕੈਂਸਰ ਚੈਰਿਟੀ ਐਂਥਨੀ ਨੋਲਨ ਅਤੇ ਅਧਿਆਪਕਾਂ ਨਾਲ ਮਿਲ ਕੇ ਕੰਮ ਕੀਤਾ ਹੈ ਤਾਂ ਜੋ ਸਕੂਲਾਂ ਨੂੰ ਪਾਠਾਂ ਦੀ ਵਰਤੋਂ ਲਈ ਮੁਫਤ ਸਰੋਤ ਦਿੱਤੇ ਜਾ ਸਕਣ। ਇਸਦੇ ਇਲਾਵਾ ਬਲੱਡ ਕੈਂਸਰ ਚੈਰਿਟੀ ਡੀ ਕੇ ਐੱਮ ਐੱਸ ਨੇ ਇੰਗਲੈਂਡ ਦੇ ਸੈਕੰਡਰੀ ਸਕੂਲੀ ਬੱਚਿਆਂ ਨੂੰ ਰਾਸ਼ਟਰੀ ਪਾਠਕ੍ਰਮ ਦੇ ਹਿੱਸੇ ਵਜੋਂ, ਦਾਨ ਰਾਹੀਂ ਜੀਵਨ ਬਚਾਉਣ ਦੀ ਸਿੱਖਿਆ ਦੇਣ ਦਾ ਸਮਰਥਨ ਕੀਤਾ ਹੈ। ਸੰਸਥਾ ਅਨੁਸਾਰ ਇਸ ਪਹਿਲ ਰਾਹੀ ਵਿਦਿਆਰਥੀਆਂ ਵਿੱਚ ਖੂਨ ਅਤੇ ਅੰਗਦਾਨ ਦੀ ਮਹੱਤਤਾ ਨੂੰ ਸਮਝਦਿਆਂ ਸੇਵਾ ਭਾਵਨਾ ਦਾ ਵਿਕਾਸ ਹੋਵੇਗਾ, ਜਿਸ ਨਾਲ ਹਜਾਰਾਂ ਮਰੀਜ਼ਾਂ ਨੂੰ ਬਚਾਉਣ ਵਿੱਚ ਮੱਦਦ ਮਿਲ ਸਕਦੀ ਹੈ।
