ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਕਾਟਿਸ਼ ਐੱਨ ਐੱਚ ਐੱਸ ਇੱਕ ਨਵੇਂ ਸਿਹਤ ਅਤੇ ਸੋਸ਼ਲ ਕੇਅਰ ਟੈਕਸ ਤੋਂ ਇੱਕ ਸਾਲ ਵਿੱਚ ਤਕਰੀਬਨ 1.1 ਬਿਲੀਅਨ ਪੌਂਡ ਪ੍ਰਾਪਤ ਕਰੇਗਾ। ਇਹ ਟੈਕਸ ਪੂਰੇ ਯੂਕੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਜੋ ਕੇਅਰ ਸੈਕਟਰ ਵਿੱਚ ਸੁਧਾਰਾਂ ਅਤੇ ਇੰਗਲੈਂਡ ਵਿੱਚ ਐੱਨ ਐੱਚ ਐੱਸ ਫੰਡਿੰਗ ਦਾ ਭੁਗਤਾਨ ਕੀਤਾ ਜਾ ਸਕੇ। ਜਦਕਿ ਇਸਦਾ ਇੱਕ ਹਿੱਸਾ ਸਕਾਟਿਸ਼ ਸਿਹਤ ਸੇਵਾ ਨੂੰ ਦਿੱਤਾ ਜਾਵੇਗਾ। ਬੌਰਿਸ ਜੌਹਨਸਨ ਦੁਆਰਾ ਮੰਗਲਵਾਰ ਨੂੰ ਇੱਕ ਨਵੇਂ ਟੈਕਸ ਦੀਆਂ ਯੋਜਨਾਵਾਂ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਅਨੁਸਾਰ ਇਹ ਟੈਕਸ ਅਗਲੇ ਤਿੰਨ ਸਾਲਾਂ ਵਿੱਚ ਪੂਰੇ ਯੂਕੇ ‘ਚ ਐੱਨ ਐੱਚ ਐੱਸ ਅਤੇ ਸਮਾਜਕ ਦੇਖਭਾਲ ਲਈ 36 ਬਿਲੀਅਨ ਪੌਂਡ ਇਕੱਠੇ ਕਰੇਗਾ। ਨਵੀਆਂ ਯੋਜਨਾਵਾਂ ਤਹਿਤ ਅਪ੍ਰੈਲ 2022 ਤੋਂ ਰਾਸ਼ਟਰੀ ਬੀਮਾ ਯੋਗਦਾਨ ਵਿੱਚ 1.25 ਪ੍ਰਤੀਸ਼ਤ ਦੇ ਵਾਧੇ ਦੇ ਰੂਪ ਵਿੱਚ ਟੈਕਸ ਸ਼ੁਰੂ ਹੋਵੇਗਾ ਅਤੇ ਸਕਾਟਲੈਂਡ ਨੂੰ 2024-25 ਤੱਕ 1.1 ਬਿਲੀਅਨ ਪੌਂਡ ਦੇ ਵਾਧੂ ਖਰਚੇ ਦਾ ਲਾਭ ਮਿਲੇਗਾ।
