ਬਠਿੰਡਾ (ਅਸ਼ੋਕ ਵਰਮਾ) ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲਿਆ ਅਤੇ ਜੰਮ ਕੇ ਭੜਾਸ ਕੱਢੀ। ਸ੍ਰੀ ਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਆਗੂ ਹੋਣ ਦੇ ਨਾਤੇ ਤੱਤਕਾਲੀ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਬਰਾਬਰ ਖੜ੍ਹਦੇ ਹੋਣ ਪੰਜਾਬੀਆਂ ਤੋਂ ਮੁਆਫੀ ਮੰਗੀ। ਉਨ੍ਹਾਂ ਆਖਿਆ ਕਿ ਚਿਮਨੀਆਂ ਉਡਾਉਣ ਤੋਂ ਬਾਅਦ ਆਮ ਲੋਕਾਂ ਦੇ ਜਜਬਾਤਾਂ ਨੂੰ ਮਹਿਸੂਸ ਕਰਦਿਆਂ ਅੱਜ ਉਹ ਮੁਆਫੀ ਮੰਗਣ ਲਈ ਲੋਕ ਕਚਹਿਰੀ ’ਚ ਹਾਜਰ ਹੋਏ ਹਨ। ਉਨ੍ਹਾਂ ਆਖਿਆ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੇ ਸਿਆਸੀ ਗਰਦਿਸ਼ ਅਤੇ ਰਾਜਨੀਤੀ ਦੀ ਡੁੱਬ ਰਹੀ ਬੇੜੀ ਵਿੱਚੋਂ ਕੱਢਕੇ ਬਠਿੰਡਾ ਵਾਸੀਆਂ ਨੇ ਸਾਲ 2014 ’ਚ 30 ਹਜਾਰ ਵੋਟਾਂ ਵਧਾਈਆਂ ਸਨ। ਉਨ੍ਹਾਂ ਆਖਿਆ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨੇ ਹਿੱਕ ਠੋਕ ਕੇ 19 ਹਜਾਰ ਵੋਟਾਂ ਨਾਲ ਜਤਾਇਆ ਜਿਸ ਕਾਰਨ ਉਹ ਮੰਤਰੀ ਵੀ ਬਣੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਜਾਰੀ ਚੋਣ ਮੈਨੀਫੈਸਟੋ ’ਚ ਥਰਮਲ ਚਲਾਉਣ ਦਾ ਵਾਅਦਾ ਵੀ ਦਰਜ ਕੀਤਾ ਗਿਆ ਸੀ ਅਤੇ ਥਰਮਲ ਮੁਲਾਜਮਾਂ ਵੱਲੋਂ ਦਿੱਤੇ ਧਰਨੇ ’ਚ ਪੁੱਜ ਕੇ ਮਨਪ੍ਰੀਤ ਬਾਦਲ ਨੇ ਥਰਮਲ ਦੀਆਂ ਬੰਦ ਪਈਆਂ ਚਿਮਨੀਆਂ ਚੋਂ ਧੂੰਆਂ ਕੱਢਣ ਦਾ ਵਾਅਦਾ ਕੀਤਾ ਸੀ। ਸ੍ਰੀ ਗਿੱਲ ਨੇ ਆਖਿਆ ਕਿ ਮਨਪ੍ਰੀਤ ਬਾਦਲ ਨੇ ਵਾਅਦੇ ਦੇ ਬਾਵਜੂਦ ਥਰਮਲ ਦੇ ਕਾਲੇ ਲੇਖ ਲਿਖਕੇ ਸਮੂਹ ਪੰਜਾਬ ਵਾਸੀਆਂ ਨਾਲ ਧਰੋਹ ਕਮਾਇਆ ਅਤੇ ਵਿਸ਼ਵਾਸ਼ਘਾਤ ਕੀਤਾ ਹੈ। ਖਾਸ ਤੌਰ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ’ਚ ਬਣੇ ਥਰਮਲ ਦੀਆਂ ਚਿਮਨੀਆਂ ਉਸ ਦਿਨ ਢਾਹੀਆਂ ਗਈਆਂ ਜਦੋਂ ਪੰਜਾਬ ਸਰਕਾਰ ਵਿਧਾਨ ਸਭਾ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਵਿਉਂਤਬੰਦੀ ਕਰ ਰਹੀ ਸੀ। ਉਨ੍ਹਾਂ ਆਖਿਆ ਕਿ ਵਿੱਤ ਮੰਤਰੀ ਨੇ ਦਲੀਲ ਦਿੱਤੀ ਸੀ ਕਿ ਬਠਿੰਡਾ ਥਰਮਲ ਦੀ ਬਿਜਲੀ ਮਹਿੰਗੀ ਪੈਂਦੀ ਸੀ ਜਦੋਂਕਿ ਇੱਕ ਕੰਪਨੀ ਨੇ ਇਹ ਤੱਥ ਝੁਠਲਾਏ ਸਨ। ਉਨ੍ਹਾਂ ਆਖਿਆ ਕਿ ਥਰਮਲ ਨੂੰ ਪਰਾਲੀ ਨਾਲ ਚਲਾਉਣ ਦੀ ਤਜਵੀਜ਼ ਸਾਹਮਣੇ ਆਈ ਸੀ ਜਿਸ ਨਾਲ 4 ਰੁਪਏ ਯੂਨਿਟ ਬਿਜਲੀ ਪੈਦਾ ਹੋਣੀ ਸੀ । ਉਨ੍ਹਾਂ ਦੱਸਿਆ ਕਿ ਇਸ ਤਰਾਂ ਪਰਾਲੀ ਦਾ ਪ੍ਰਦੂਸ਼ਣ ਵੀ ਘਟ ਜਾਂਦਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣਾ ਸੀ । ਉਨ੍ਹਾਂ ਆਖਿਆ ਕਿ ਵਿਧਾਨ ਸਭਾ ਸੈਸ਼ਨ ’ਚ ਮਾਲ ਮੰਤਰੀ ਪੰਜਾਬ ਨੇ ਆਪਣੀ ਤਕਰੀਰ ’ਚ 85 ਫੀਸਦੀ ਲੋਢ ਫੈਕਟਰ ਨਾਲ ਬਠਿੰਡਾ ਥਰਮਲ ਚੱਲ ਦੀ ਸੂਰਤ ’ਚ 4 ਰੁਪਏ 76 ਪੈਸੇ ਯੂਨਿਟ ਬਿਜਲੀ ਪੈਦਾ ਹੋਣ ਦੀ ਗੱਲ ਆਖੀ ਸੀ। ਸ੍ਰੀ ਗਿੱਲ ਨੇ ਆਖਿਆ ਕਿ ਚੋਣਾਂ ਦੌਰਾਨ 4 ਸੌ ਏਕੜ ਵਿੱਚ ਪ੍ਰਜੈਕਟ ਲਾਉਣ ਬਾਰੇ ਤਜਵੀਜ਼ ਵੀ ਦਿੱਤੀ ਗਈ ਜਿਸ ਨਾਲ ਖਰਚਾ ਢਾਈ ਰੁਪਏ ਯੂਨਿਟ ਆਉਣਾ ਸੀ। ਉਨ੍ਹਾਂ ਆਖਿਆ ਕਿ ਇਹ ਥਰਮਲ ਕਾਮਿਆਂ ਅਤੇ ਸ਼ਹਿਰੀਆਂ ਦੀ ਥਰਮਲ ਨੂੰ ਬਚਾਉਣ ਦੀ ਕੋਸ਼ਿਸ਼ ਸੀ ਜੋ ਮਨਪ੍ਰੀਤ ਬਾਦਲ ਦੇ ਧਿਆਨ ’ਚ ਲਿਆਂਦੀ ਗਈ ਸੀ। ਉਨ੍ਹਾਂ ਆਖਿਆ ਕਿ ਮਨਪ੍ਰੀਤ ਬਾਦਲ ਨੇ ਹਿੱਕ ਥਾਪੜ ਕੇ ਕਿਹਾ ਸੀ ਕਿ ਚਿਮਨੀਆਂ ਵਿੱਚੋਂ ਧੂੰਆਂ ਕੱਢਿਆ ਜਾਏਗਾ ਪਰ ਉਨ੍ਹਾਂ ਨੇ ਤਾਂ ਸਮੁੱਚੇ ਥਰਮਲ ਨੂੰ ਹੀ ਧੂੰਏਂ ’ਚ ਉਡਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਵਜੋਂ ਮਨਪ੍ਰੀਤ ਬਾਦਲ ਨਾਲ ਰਹਿੰਦੇ ਹੋਣ ਕਰਕੇ ਉਹ ਇੰਨ੍ਹਾਂ ਤੱਥਾਂ ਦੇ ਗਵਾਹ ਹਨ। ਸ੍ਰੀ ਗਿੱਲ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਰਾਜ ਗੱਦੀ ਤੇ ਬੈਠਦਿਆਂ ਮਨਪ੍ਰੀਤ ਬਾਦਲ ਇੰਜ ਕਰਨਗੇ ਤਾਂ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਫਰੇਬੀ ਗੱਲਾਂ ਦੇ ਹੱਕ ਵਿੱਚ ਨਹੀਂ ਖੜ੍ਹਨਾ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਬਰਾਬਰ ਖਲੋਣ ਦਾ ਤਾਉਮਰ ਅਫਸੋਸ ਅਤੇ ਦੁੱਖ ਰਹੇਗਾ। ਉਨ੍ਹਾਂ ਆਖਿਆ ਕਿ ਥਰਮਲ ਵਾਲੀ ਥਾਂ ਤੇ ਡਰੱਗ ਪਾਰਕ ਬਨਾਉਣ ਬਾਰੇ ਕਹਿਣਾ ਵੀ ਵਿੱਤ ਮੰਤਰੀ ਦਾ ਇੱਕ ਪੈਂਤੜਾ ਹੈ। ਸ੍ਰੀ ਗਿੱਲ ਨੇ ਆਖਿਆ ਕਿ ਥਰਮਲ ਨੂੰ ਤੋੜ ਭੰਨ ’ਚ ਜੁਟੀ ਕੰਪਨੀਆਂ ਵੱਲੋਂ ਡਾਈਨਾਮਾਈਟ ਨਾਲ ਉਡਾਈਆਂ ਚਿਮਨੀਆਂ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ ਜਿਸ ਕਰਕੇ ਅੱਜ ਉਨ੍ਹਾਂ ਮੁਆਫੀ ਮੰਗੀ ਹੈ।
ਇਹ ਸੀ ਵਿੱਤ ਮੰਤਰੀ ਦਾ ਵਾਅਦਾ
ਦੱਸਣਯੋਗ ਹੈ ਗੱਠਜੋੜ ਸਰਕਾਰ ਨੇ ਥਰਮਲ ਬੰਦ ਕਰਨ ਦੀ ਤਜਵੀਜ਼ ਤਿਆਰ ਕੀਤੀ ਸੀ ਪਰ ਸਿਆਸੀ ਨਫੇ ਨੁਕਸਾਨ ਨੂੰ ਦੇਖਦਿਆਂ ਇਸ ਤੇ ਅਮਲ ਨਾਂ ਕੀਤਾ। ਸਾਲ 2017 ਦੀਆਂ ਚੋਣਾਂ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਸੀ ‘ ਜੇ ਮੇਰੇ ਰੱਬ ਨੂੰ ਮਨਜੂਰ ਹੋਇਆ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਗੇ, ਦੋਸਤੋ ਥੋਡੇ ਨਾਲ ਵਾਅਦੈ ਕਿ ਬਠਿੰਡੇ ਦਾ ਜਿਹੜਾ ਥਰਮਲ ਪਲਾਂਟ ਐ, ਉਹਦੀਆਂ ਚਿਮਨੀਆਂ ਉਦਾਸ ਹੋਈਆਂ ਪਈਆਂ, ਉਨ੍ਹਾਂ ਚਿਮਨੀਆਂ ’ਚੋਂ ਇੱਕ ਵਾਰ ਫਿਰ ਧੂੰਆਂ ਨਿੱਕਲੂਗਾ’। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਇਸ ਤਕਰੀਰ ਦੀਆਂ ਅੱਜ ਵੀ ਵੀਡੀਓ ਕਈ ਪਲੇਟਫਾਰਮਾਂ ਤੇ ਮੌਜੂਦ ਹਨ ।
