14.6 C
United Kingdom
Wednesday, May 8, 2024

More

    ਵੈਰ (ਕਹਾਣੀ)

    ਕਰੀਬ ਅੱਧੇ ਕੁ ਘੰਟੇ ਤੋਂ ਐਸ ਟੀ ਡੀ ‘ਚ ਬੈਠਾ ਭਾਊ ਅਮਰੀਕਾ ਤੋਂ ਆਉਣ ਵਾਲੇ ਫੋਨ ਦੀ ਉਡੀਕ ਕਰ ਰਿਹਾ ਸੀ।ਦੋ ਦਿਨ ਪਹਿਲਾਂ ਹੀ ਅਜੇ ਵੀਹ ਸਾਲ ਕੱਟ ਕੇ ਆਏ ਭਾਊ ਦੀ ਦਾਹੜੀ ਬੱਗੀ ਹੋ ਚੁੱਕੀ ਸੀ। ਉਸ ਨੂੰ ਆਪਣੇ ਬਾਰੇ ਤਾਂ ਅਹਿਸਾਸ ਸੀ ਕਿ ਜੇਲ੍ਹ ਵਿੱਚ ਵੀਹ ਸਾਲ ਓਸ ਘੜੀ ਨੂੰ ਕੋਸਦਿਆ ਓਹ ਕਦੇ ਸੁੱਖ ਦੀ ਨੀਂਦ ਨਹੀਂ ਸੌਂ ਸਕਿਆ ਕੇ ਕਿਉਂ ਓਸ ਚੰਦਰੀ ਕਲੈਹਣੀ ਰਾਤ ਨਾ ਭਾਅ ਦੇ ਨਾਲ ਗਿਆ।ਪਰ, ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕੇ ਨਿੱਕੇ ਦੀਆਂ ਅੱਖਾਂ ਵਿੱਚ ਵੀ ਗੁੱਸੇ ਦੀ ਲਾਲੀ ਨੇ ਵੱਡੇ ਭਾਈ ਦੇ ਵੈਰ ਨੂੰ ਇਹਨਾਂ ਵੀਹਾਂ ਸਾਲਾਂ ‘ਚ ਠੰਡਾ ਨਹੀਂ ਪੈਣ ਦਿੱਤਾ ਹੋਣਾ।ਆੜ੍ਹਤੀਆਂ ਦੇ ਚਲਦੇ ਕੇਸ ਵਿੱਚ ਇਕ ਭਾਅ ਦੀ ਗਵਾਹੀ ਹੀ ਸੀ,ਜਿਹਨੇ ਮਾਹਤੜ ਬੋਲ਼ਿਆਂ ਦੇ ਟੱਬਰ ਦੀ ਆਸ ਜਿਉਂਦੀ ਰੱਖੀ ਹੋਈ ਸੀ। ਭਾਊ ਦਾ ਕਤਲ ਕਰਕੇ,ਆੜ੍ਹਤੀਏ ਨੇ ਕੇਸ ਜਿੱਤ, ਬੋਲ਼ਿਆਂ ਵਾਲੀ ਪੈਲੀ ਹੀ ਨਹੀਂ ਵਾਹੀ, ਸਗੋਂ ਥਾਣੇਦਾਰ ‘ਤੇ ਪੰਚਾਇਤ ਨੂੰ ਪੈਸੇ ਦੇ ਕੇ ਕਤਲ ਦਾ ਰਾਜ਼ੀਨਾਵਾ ਵੀ ਧੱਕੇ ਨਾਲ ਹੀ ਕਰ ਲਿਆ। ਕੌਣ ਵੈਰ ਪਾਲਦਾ ਸਰਕਾਰੇ-ਦਰਬਾਰੇ ਪਹੁੰਚ ਰੱਖਣ ਵਾਲਿਆਂ ਨਾਲ। ਬੁੱਡੀਆਂ ਨੂੰ ਬੰਦਾ ਟਿੱਚ ਜਾਣਦਾ ‘ਤੇ ਸਹਿਮੀਆਂ ਮਾਵਾਂ ਨੂੰ ਪਤੀ ਦੇ ਤੁਰ ਜਾਣ ਪਿੱਛੋਂ ਪੁੱਤ ਹੋਰ ਵੀ ਪਿਆਰੇ ਹੋ ਜਾਂਦੇ। ਜੀਅ ਦਾ ਘਾਟਾ ਤਾਂ ਸੰਤਾਨ ਦੇ ਡਰੋਂ ਬਸ ਸਬਰ ਦਾ ਘੁੱਟ ਭਰਨ ਲਈ ਮਜਬੂਰ ਕਰ ਦਿੰਦਾ।ਠਾਣੇਦਾਰ ਨੂੰ ਰਕਮ ਖਵਾ ਕਤਲ ਮੇਰੇ ਸਿਰ ਪਾ ਦਿੱਤਾ।ਮੇਰਾ ਤਾ ਭਾਈ ਸੀ ਓ ਕਦੇ ਸੀਰੀ ਵਾਲਾ ਖਿਆਲ ਹੀ ਨਹੀਂ ਆਇਆ ਮਨ ਵਿੱਚ।ਭਾਅ ਨੇ ਪੁਰਾਣੀਆਂ ਪਿਓ-ਦਾਦਿਆਂ ਦੀਆਂ ਕਾਇਮ ਕੀਤੀਆਂ ਸਾਂਝਾਂ ਵਿੱਚ ਕਦੇ ਰਾਹੇ-ਬਗਾਹੇ ਸਾਡੀ ਨੀਵੀ ਬਰਾਦਰੀ ਦਿਲ ਵਿੱਚ ਫੁਟਣ ਹੀ ਨਹੀਂ ਦਿੱਤੀ। ਫੋਨ ਦੀ ਘੰਟੀ ਦੀ ਟਰਨ-ਟਰਨ ਨੇ ਆਪਣੇ ਖਿਆਲਾਂ ਵਿੱਚ ਡੁੱਬੇ ਭਾਊ ਨੂੰ ਇਕ ਦਮ ਸਿੱਧਾ ਕਰ ਦਿੱਤਾ।”ਦੱਸ ਹੁਣ!ਕੀ ਕਰਨਾ ‘ਤੇ ਕਿਵੇਂ ਕਰਨਾ ਨਿੱਕਿਆ?” ਭਾਊ ਨੇ ਫੋਨ ਚੁੱਕ ਕੇ ਕੰਨ ਨੂੰ ਲਾਉਂਦਿਆਂ ਪੁੱਛਿਆ। “ਕਰਨਾ ਕੀ ਭਾਊ !ਆੜ੍ਹਤੀਆਂ ਮਾਰਨਾ!ਕੱਲਾ ਭਰਾ ਨੀ,ਸਮਝ ਪਿਉ ਵੀ ਮਾਰਿਆ ਸੀ!ਏ ਤੂੰ ਦੱਸਣਾ? ਬਈ ਕਦੋਂ ਮਾਰਨਾ?” ਨਿੱਕੇ ਨੇ ਭਾਊ ਨੂੰ ਦੋ ਟੁੱਕ ਆਖ ਦਿੱਤੀ।”ਠੀਕ ਨਿੱਕਿਆ! ਏਦੂੰ ਘੱਟ ਬਣਦਾ ਵੀ ਨਹੀਂ। ਸਾਲ ਬੇਸ਼ੱਕ ਵੀਹ ਹੋਗੇ ਆ,ਪਰ ਬੇਕਸੂਰ ‘ਤੇ ਨਿਹੱਕ ਭਾਅ ਦਾ ਕਤਲ ਕਰਕੇ ਰਾਜ਼ੀਨਾਵਾ! ਓਏ! ਓ ਤਾਂ ਸੋਚਦੇ ਸਭ ਭੁੱਲ-ਭੁੱਲਾ ਗਏ ਆ !ਭਾਅ ਦੇ ਜਾਣ ਪਿੱਛੋਂ। ਰਾਜ਼ੀਨਾਵਾ ਹੋ ਗਿਆ ਸੀ।” ਭਾਊ ਨੇ ਵੀਹਾਂ ਸਾਲਾਂ ਤੋਂ ਪਲ਼ਦੀ ਦਿਲ ਦੀ ਗੱਲ ਆਖ ਦਿੱਤੀ। “ਕਈ ਕੁਝ ਬਦਲਿਆ ਵੀਹਾਂ ਸਾਲਾਂ ਵਿੱਚ ਪਰ ਮੈਂ ਹਾਲੇ ਵੀ ਏਸ ਸੱਟ ਦੀ ਪੀੜ ਨੂੰ ਉਵੇਂ ਦਾ ਉਵੇਂ ਝੱਲੀ ਜਾਂਦਾ। ਫੱਟ ਅੱਲੇ ਨੇ ਹਾਲੇ ਵੀ, ਭਾਊ! ਬੇਕਸੂਰ ਭਰਾ ਕਤਲ ਕੀਤਾ।ਰਾਜ਼ੀਨਾਵਾ!ਤੇਰੀ ਜਵਾਨੀ ਜੇਲ੍ਹ ‘ਚ ਗਾਲ਼ੀ!ਏਨਾਂ ਧੱਕੇ ਨਾਲ! ਪਹਿਲਾਂ ਭਰਾਵਾਂ ਨੇ ਹੀ ਦੁੱਖ-ਸੁੱਖ ਵੇਖੇ ਸੀ।ਆ ਨਿਆਣਿਆਂ ਦੇ ਮੋਹ ‘ਤੇ ਰਿਸ਼ਤੇਦਾਰਾਂ ਨੇ ਧੌਣ ਨੀਵੀਂ ਕਰਕੇ ਜੀਣ ਦੀ ਆਦਤ ਪਾ ਦਿੱਤੀ,ਵਰਨਾ ਕੋਈ ਜੀਣ ਦਾ ਹੱਜ ਥੋੜ੍ਹਾ।ਸਾਰੇ ਕਹਿੰਦੇ ਰਹੇ ਵਾਪਸ ਨਾ ਆਈਂ ਵੈਰ ਵੱਧਦਾ। ਪਿਉ ਤਾਂ ਕਦੇ ਵੇਖਿਆ ਨਹੀਂ ਸੀ, ਪਰ ਭਾਅ ਨੇ ਕਦੀ ਪਿਉ ਦੀ ਕਮੀ ਮਹਿਸੂਸ ਵੀ ਨਹੀਂ ਹੋਣ ਦਿੱਤੀ। ਓ ਕਿਹੜਾ ਕੰਮ ਜਿਹੜੇ ‘ਚ ਉਹਨੇ ਆਪਣੇ ਆਪ ਨੂੰ ਪਹਿਲਾਂ ਰੱਖਿਆ।ਜਿੱਥੇ ਕਿਤੇ ਮੈਨੂੰ ਕਹਿੰਦਾ ਰਿਹਾ ਨਿੱਕਿਆ ਤੂੰ ਮੌਜਾਂ ਕਰ!ਮੇਲੇ-ਮੱਸਿਆ, ਵਿਆਹ-ਮੁਕਲਾਵੇ ਓਨ ਕਹਿਣਾ ਬੇਬੇ ਨਿੱਕੇ ਨੂੰ ਲੈ ਜਾ,ਮੈਂ ਡੰਗਰ-ਵੱਛਾ ਸਾਂਭੂ। ਪੜ੍ਹਾਈ-ਲਿਖਾਈ ਦੀ ਗੱਲ ਆਈ ਤਾਂ ਬੇਬੇ ਨੂੰ ਕਹਿੰਦਾ, ‘ਮੈਂ ਵੇਖੂੰ ਕੰਮ-ਧੰਦਾ ਨਿੱਕਾ ਪੜਾਈਏ!ਅਫਸਰ ਬਣਜੂ।’ ਜਦੋਂ ਮਾਮੇ ਨੇ ਅਮਰੀਕਾ ਵਾਲੇ ਵੀਜੇ ਦੀ ਆਖੀ ਸੀ ਕਹਿੰਦਾ, ‘ਮਾਮਾ! ਨਿੱਕਾ ਭੇਜਦੇਂ! ਸੈੱਟ ਹੋ ਜਾਊ।’ ਕਿਤੇ ਤਾਂ ਆਪਣਾ ਆਪ ਅੱਗੇ ਰੱਖਦਾ,ਪਰ ਨਹੀਂ!ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਸੀ।” ਪਿਛਲੀਆਂ ਚੇਤੇ ਕਰਦਿਆਂ-ਕਰਦਿਆਂ ਨਿੱਕੇ ਦਾ ਗੱਚ ਭਰ ਆਇਆ।ਉਹ ਰੋਣ ਲੱਗ ਪਿਆ। “ਰੋ ਨਾ!ਚੁਪ ਕਰ! ਓਏ!ਤੇਰਾ ਢਿੱਡ ਲੁਕਿਆ ਥੋੜ੍ਹਾ ਕਿਤੇ ਮੈਥੋਂ! ਸਭ ਪਤਾ ਮੈਨੂੰ ਨਿੱਕਿਆ!ਫਿਕਰ ਨਾ ਕਰ! ਦਿਲ ਵੱਡਾ ਕਰ।ਆ ਗਿਆਂ ਬਾਹਰ, ਮੈਂ!ਓਏ! ਏਹਦੇ ਤਾਂ ਡੱਕਰੇ ਕਰਨੇ ਮੈਂ! ਭਾਵੇਂ ਫਾਂਸੀ ਲੱਗ ਜਾਵਾਂ।ਮੈਂ ਤਾਂ ਓਸ ਰਾਤ ਨੂੰ ਅੱਜ ਤੱਕ ਕੋਸਦਾਂ, ਕਿਉਂ ਕੱਲਾ ਜਾਣ ਦਿੱਤਾ।ਜੇ ਮੈਂ ਨਾਲ ਹੁੰਦਾ ਕਿੰਦਾਂ ਜੁਰਅਤ ਪੈਂਦੀ ਕਿਸੇ ਦੀ ਹੱਥ ਪਾਉਣ ਦੀ।ਕੱਲਾ ਇਕ ਤੇ ਦੋ ਗਿਆਰਾਂ ਹੋ ਜਾਂਦੇ ਆ। ਨਿੱਕਿਆ! ਤੇਰੇ ਨਾਲ ਤੇ ਓਹਦੇ ਕੰਜਰ ਦੇ ਸਾਹ ਚਲਦੇ ਸੀ ਜਿਵੇਂ! ਜਿਸ ਦਿਨ ਤੈਨੂੰ ਮਰੀਕਾ ਚੜਾ ਕੇ ਆਏਂ, ਪਹਿਲਾਂ ਤਾਂ ਪੀਣੋ ਹੀ ਨਾ ਹਟੇ ‘ਤੇ ਫਿਰ ਰਾਤ ਨੂੰ ਮੇਰੇ ਮੋਢੇ ਸਿਰ ਰੱਖ ਰੋਂਦਾ ਰਿਹਾ। ਕਹਿੰਦਾ, ‘ਘਰ ਅੱਜ ਓਪਰਾ ਜਿਹਾ ਲੱਗੀ ਜਾਂਦਾ ਸੋਹਰੀ ਦਾ।ਹੁਣ ਕਿਸ ਤੋਂ ਸੁਣਨਾ ਗੌਣ-ਪਾਣੀ ਭਾਊ!’ ਫੇਰ ਕਹਿੰਦਾ,’ਜਦੋਂ ਨਿੱਕੇ ਨੂੰ ਪੱਕਾ ਕਾਰਡ ਮਿਲ ਗਿਆ,ਓਨ ਝੱਟ ਆ ਵੜਿਆ ਕਰਨਾ ਜਹਾਜ਼ ਚੜ ਕੇ।’ ਬੀਰਾ ਦੋ ਕੁ ਸਾਲਾਂ ਦੀ ਹੀ ਸੀ ਮਸਾਂ। ਜਦੋਂ ਉਹਨੇ ਤੋਤਲੀਆਂ ਸ਼ੁਰੂ ਕੀਤੀਆਂ ਤਾਂ ਭਾਬੀ ਨੇ ਕਹਿਣਾ, ‘ਭਾਪਾ ਕੈਹ!ਬੀਬੀ ਕੈਹ! ਚੀਜੀ ਮਿਲੂ !’ ‘ਤੇ ਏਨ ਕਹਿਣਾ, ‘ਚਾਚਾ ਕਹਿ ਪਹਿਲਾਂ! ਫਿਰ ਕੁੱਛੜ ਚੁੱਕਣਾ ਮੈਂ!’ ਬੀਰੇ ਨੇ ਨਾ ਤੇ ਭਾਪਾ ਕਹਿਣਾ ਸਿੱਖਿਆ ‘ਤੇ ਨਾ ਚਾਚਾ, ਓਹ ਸਗੋਂ ਪਤੰਦਰ ‘ਣਿੱਕਾ-ਣਿੱਕਾ’ ਕਰਨ ਲੱਗ ਪਿਆ। ਭਾਅ ਨੇ ਭਾਬੀ ਨੂੰ ਹੱਸਣਾ,’ਪੜਾ ਲ਼ਾ ਪਾਠ ਹੋਰ ਭਾਪੇ-ਬੀਬੀ ਦਾ ਇਹਨੂੰ! ਚਾਚਾ ਮਰੀਕਾ ਬੈਠਾ ਛਿੱਕਾਂ ਮਾਰਦਾ ਹੋਣਾ।’ ਚਾਚੀ ਜਿਉਂਦੀ ਸੀ ਉਦੋਂ! ਇਕ ਦਿਨ ਭਾਅ ਨੂੰ ਕਹਿੰਦੀ, ‘ਵੱਡਿਆ ਬਲਬੀਰ ਤਾਂ ਆਪਣੇ ਚਾਚੇ ਵਾਂਗ ਸਿਆਣੇ ਨਿਕਲਣਾ! ਵੇਖ ਖਾਂ! ਕਿਵੇਂ ਖਿਡਾਉਣੇ ਸਵਾਰ-ਸਵਾਰ ਰੱਖਦਾ।’ ਭਾਅ ਕਹਿੰਦਾ,’ ਭੁਲਜਾ ਮਾਤਾ!ਨਿੱਕੇ ਨੂੰ ਜਿਥੇ ਵੀ ਤੋਰਿਆ ਆਪਾਂ, ਇਕ ਨੰਬਰ ਤੇ ਰਿਹਾ।ਤੇਰਾ ਆਖਾ ਕਦੇ ਨਹੀਂ ਮੋੜਿਆ ਓਸ, ‘ਤੇ ਇਹਨੂੰ ਕਹੀਦਾ ਕੁਝ ‘ਤੇ ਏਹ ਕਰਦਾ ਕੁਝ ਏ।’ ਏਹ ਨਿੱਕੇ ਦੀ ਕੀ ਰੀਸ ਕਰੂ।’ ਚਾਚੀ ਕਹਿੰਦੀ, ‘ਏਹ ਚਾਰਾਂ ਸਾਲਾਂ ਦਾ ਜਵਾਕ ਅਜੇ!’ ਇਹ ਗੱਲਾਂ ਕਰਨੀਆਂ ਉਹਦਾ ਨਿੱਤ ਦਾ ਕੰਮ ਹੋ ਗਿਆ ਸੀ।”ਨਿੱਕੇ ਨੂੰ ਦਿਲਾਸਾ ਦਿੰਦਿਆਂ, ਭਾਅ ਨਾਲ ਹੰਢਾਈਆਂ ਹੱਡ-ਬੀਤੀਆਂ ਨੂੰ ਚੇਤੇ ਕਰਦਾ ਭਾਊ ਆਪਣੇ ਹੱਝੂ ਵਹਿਣੋ ਨਾ ਰੋਕ ਸਕਿਆ। ਅੰਤ,ਭਾਊ ਨੇ ਬੜੇ ਵਾਸਤੇ ਪਾ ਨਿੱਕੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੱਲ-ਗੱਲ ਤੇ ਕਹੇ, ‘ਨਿੱਕਿਆ ਨਾ ਆ ਏਥੇ! ਮੈਂ ਆੜ੍ਹਤੀਏ ਨੂੰ ਆਪ ਹੀ ਗੱਡੀ ਚਾੜ੍ਹਨ ਦਾ ਇੰਤਜ਼ਾਮ ਕਰਲੂ।ਤੂੰ ਮਸਾਂ ਮਸਾਂ ਸੈੱਟ ਹੋਇਆ, ਬਾਲ-ਬੱਚਾ ਸਾਂਭ।ਪਰ ਨਿੱਕੇ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ‘ਅੱਠਾਂ ਦਿਨਾਂ ਨੂੰ ਏਸੇ ਟੈਮ ਫੋਨ ਕਰੂੰ ਮੈਂ !ਜਗਾ,ਦਿਨ ਤੇ ਹਥਿਆਰ ਦਾ ਕੰਮ ਤੇਰੇ ਜਿੰਮੇ।ਪਰ ਤੈਨੂੰ ਸੌਂਅ ਮੇਰੀ! ਜੇ ਇਹ ਕੰਮ ਕਿਤੇ ਕੱਲ੍ਹੇ ਨੇ ਕਰਨ ਬਾਰੇ ਸੋਚਿਆ ਵੀ!”
    ਭਾਊ ਨੇ ਏਧਰ ਆੜ੍ਹਤੀਏ ਦੀ ਪੈੜ ਨੱਪ ਅੱਠਾਂ ਦਿਨਾਂ ਦੇ ਅੰਦਰ-ਅੰਦਰ ਹਥਿਆਰ ਦਾ ਹੀਲਾ ਕਰ, ਜਗਾ ‘ਤੇ ਦਿਨ ਮਿੱਥ ਨਿੱਕੇ ਨਾਲ ਫੋਨ ਤੇ ਗੱਲ ਕਰਕੇ ਘੜੀ ਦੀਆਂ ਸੂਈਆਂ ਮਿਲਾ ਲਈਆਂ ।ਓਧਰ ਨਿੱਕੇ ਨੇ ਘਰੋਂ ਚੁੱਪ ਚੁਪੀਤੇ ਟਿਕਟ ਬੁੱਕ ਕਰਾ ਦੂਜੇ ਸੋਮਵਾਰ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ।ਉਸਨੇ ਸਕੀਮ ਘੜੀ ਕੇ ਦੂਜੇ ਸੋਮਵਾਰ ਨੂੰ ਜਾਬ ‘ਤੇ ਗਿਆ ਓ ਸਿੱਧਾ ਜਹਾਜ਼ ਫੜਕੇ ਉਡਾਰੀ ਮਾਰ ਜਾਵੇਗਾ। ਭਾਊ ਨੂੰ ਇਹ ਗੱਲ ਵਾਰ-ਵਾਰ ਸਤਾ ਰਹੀ ਸੀ ਕਿ ਮੈਂ ਵੀ ਤਾਂ ਨਿੱਕੇ ਨੂੰ ਭਾਅ ਦੀ ਜਗ੍ਹਾ ਹੀ ਹਾਂ।ਏਨੇ ਸਾਲ ਮੈਂ ਤਾਂ ਅੰਦਰ ਕੱਟੇ,ਪਰ ਪਿਛੋਂ ਜੀਤੇ ਦਾ ਟਰੱਕ ‘ਤੇ ਉਹਦੀ ਮਾਂ ਨੂੰ ਪੱਕਾ ਮਕਾਨ ਪਾ ਕੇ ਦਿੱਤਾ। ਹਰ ਮਹੀਨੇ ਪੈਸੇ ਵੀ ਆਉਂਦੇ ਰਹੇ ਮਰੀਕਾ ਤੋਂ। ਭਾਅ ਨੇ ਕਿਹੜਾ ਕਦੀ ਫਰਕ ਕੀਤਾ ਸੀ। ਓ ਤਾਂ ਹਮੇਸ਼ਾ ਕਹਿੰਦਾ ਹੁੰਦਾ ਸੀ,’ਆਪਣੇ ਪਿਉ ਭਾਈ ਸੀ,ਹੁਣ ਆਪਾਂ ਭਾਈ ‘ਤੇ ਅੱਗੋਂ ਬੀਰਾ ‘ਤੇ ਜੀਤਾ ਭਾਈ-ਭਾਈ।’ ਕਿਉਂ ਨਾ ਹੋਵੇ ਕਿ ਇਹ ਕੰਮ ਮੈਂ ਆਪ ਹੀ ਕਰਾਂ,ਪਰ ਦੂਜੇ ਪਾਸੇ ਓਹ ਸੌਂਅ ਅੱਗੇ ਆਪਣੇ ਹੱਥ ਬੰਨ੍ਹ ਚੁੱਕਾ ਸੀ।ਅੱਜ ਸ਼ੁਕਰਵਾਰ ਦੇ ਦਿਨ ਜਦੋਂ ਨਿੱਕਾ ਸ਼ਾਮ ਨੂੰ ਘਰ ਮੁੜਿਆ ਤਾਂ ਘਰਵਾਲੀ ਨੇ ਪਾਣੀ ਦਾ ਗਲਾਸ ਫੜਾ ਨੇੜੇ ਸੋਫੇ ਤੇ ਬੈਠਦਿਆਂ ਪੁੱਛਿਆ, “ਬੜੇ ਲੇਟ ਹੋਗੇ ਤੁਸੀਂ? ਬੱਚੇ ਕਦੋਂ ਦੇ ਉਡੀਕਦੇ ਆ।ਬਾਰ-ਬਾਰ ਮੈਨੂੰ ਪੁੱਛਦੇ, ‘ਮੰਮਾ ਏਸ ਵੀਕਐਂਡ ਤੇ ਕਿੱਥੇ ਜਾ ਰਹੇਂ ਘੁੰਮਣ?’ ਦੱਸੋ ? ਮੈਂ ਕੀ ਕਹਾਂ?ਹੁਣ ! ਤੁਸੀਂ ਆਪ ਹੀ ਦੱਸ ਦਿਉ!ਨਾਲੇ,ਮੈਨੂੰ ਵੀ ਦੱਸ ਦਿਉ ਰੋਟੀ ਖਾ ਕੇ! ਕੀ-ਕੀ ਪੈਕਿੰਗ ਕਰਨੀ?” ਪਾਣੀ ਵਾਲੇ ਗਲਾਸ ਨੂੰ ਝੱਟ ਦੇਣੀ ਪੀ ਕੇ ਟੇਬਲ ਤੇ ਰੱਖ ਆਪਣੀ ਪੱਗ ਦੇ ਲੜ ਖੋਲ੍ਹਿਦਿਆਂ ਨਿੱਕਾ ਬੋਲਿਆ,”ਮੈਂ ਸੋਚਦਾਂ ਸੀ ਹਰਜੀਤ ਕਦੇ ਵੀਕਐਡ ‘ਤੇ ਘਰੇ ਵੀ ਬਹਿ ਜਾਇਆ ਕਰੀਏ! ਇਹਨਾਂ ਨਾਲ ਖੁੱਲ ਕੇ ਪਿੰਡ ਦੀਆਂ ਗੱਲਾਂ ਕਰੀਏ। ਜਦੋਂ ਇਹ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਲੱਗ ਪਏ,ਫੇਰ ਆਪਣੇ ਲਈ ਇਹਨਾਂ ਕੋਲ ਟਾਇਮ ਕਿੱਥੇ ਬਚਣਾ ਬਲਵੀਰ ਵਾਂਗ।” ਨਿੱਕੇ ਦਾ ਜੀਅ ਕਰਦਾ ਸੀ ਕਿ ਉਹ ਆਪਣੇ ਅਤੇ ਉਹਨਾ ਦੇ ਤਾਏ ਦੀਆਂ ਗੱਲਾਂ ਆਪਣੇ ਜਵਾਨ ਹੋ ਰਹੇ ਜੁਆਕਾਂ ਨੂੰ ਦੱਸੇ।ਉਹ ਦੱਸਣਾ ਚਾਹੁੰਦਾ ਸੀ ਕਿ ਕਿਵੇਂ ਉਸਦੀ ਹਰ ਰੀਝ ਪੂਰੀ ਕਰਨ ਲਈ ਭਾਅ ਉਸਦੀ ਹਰ ਖੁਸ਼ੀ ਦੀ ਪੌੜੀ ਬਣਦਾ ਰਿਹਾ। “ਤੁਸੀਂ ਤਾਂ ਨਾ! ਬਸ! ਪਿੰਡ ਨੂੰ ਵਿੱਚ ਘਸੀੜ ਬਹਿੰਦੇ ਹੋ! ਇਹਨਾਂ ਜਵਾਕਾਂ ਕੀ ਲੈਣਾ ਪਿੰਡ ਤੋਂ।ਮਸਾਂ-ਮਸਾਂ ਸੈੱਟ ਹੋਏਂ ਕਿਤੇ। ਕੀ ਆ ਜੇ ਵੀਕਐਡ ਕਿਤੇ ਘੁੰਮਣ ਚਲੇ ਜਾਈਦਾ।ਹੋਰ ਏਥੇ ਕਿਹੜਾ ਵਾਂਡੇ-ਟੀਂਡੇ ਦਾ ਰਿਵਾਜ਼ ਭਲਾ!ਆਪਣੇ ਬੱਚਿਆਂ ਲਈ ਕਮਾਉਂਦਾ ਕਰਦਾ ਹਰ ਕੋਈ!” ਨਿੱਕੇ ਨੂੰ ਹਾਂ ਦੇ ਹੁੰਗਾਰੇ ਦੇ ਉਲਟ ਉਸਦੀ ਘਰਵਾਲੀ ਨੇ ਖਿੱਝ ਕੇ ਆਖਿਆ।” “ਹਾਂ ਤੂੰ ਠੀਕ ਕਿਹਾ!ਭਾਅ ਵੀ ਇਹੋ ਚਾਹੁੰਦਾ ਸੀ ਨਿੱਕਾ ਸੈੱਟ ਹੋ ਜਾਊ ਅਮਰੀਕਾ ਜਾ ਕੇ।”, ਕਹਿ ਨਿੱਕਾ ਚੁੱਪ ਜਿਹਾ ਹੋ ਗਿਆ। ਉਸ ਬੀਰੇ ਵੱਲ ਵੇਖਿਆ ਜਿਹੜਾ ਉਹਦੇ ਜਿੰਨਾ ਹੀ ਕੱਦ ਕੱਢ ਚੁੱਕਾ ਸੀ।ਨਿੱਕੇ ਦੇ ਆਪਣੇ ਦੋਵੇਂ ਜਵਾਕ ਹਾਲੇ ਸਕੂਲ ਵਿੱਚ ਹੀ ਸਨ।ਨਿੱਕੇ ਨੇ ਬੀਰੇ ਨੂੰ ਆਵਾਜ਼ ਮਾਰੀ, “ਬਲਬੀਰ ਏਧਰ ਆ ਪੁੱਤ! ਬੈਠ ਮੇਰੇ ਕੋਲ।” ” ਦੱਸ ਚਾਚੇ!ਬਰਾ ਸੈਡ ਜਿਹਾ ਲੱਗਦਾ?”, ਬੀਰਾ ਨੇੜੇ ਬੈਠਦਾ ਬੋਲਿਆ। “ਨਹੀਂ! ਸੈਡ ਤਾਂ ਨੀ, ਮੈਂ ਤਾਂ ਪੁੱਛਣਾ ਸੀ ਹੁਣ ਤਾਂ ਤੇਰੀ ਜਾਬ ਵੀ ਵਧੀਆ,ਕੁੜੀ ਦੇਖੀਏ ਕੋਈ ਜਾਂ ਦੇਖੀ ਹੋਈ?” ਨਿੱਕੇ ਨੇ ਥੋੜ੍ਹਾ ਮਿਜ਼ਾਜ ਜਿਹੇ ਨਾਲ ਪੁੱਛਿਆ। “ਨੋ ਮੈਰਿਜ!ਚਾਚੇ ਡਾਰਲਿੰਗ!ਆਈ ਵਾਂਟ ਟੂ ਬੀ ਬਿੰਕਮ ਲਾਇਕ ਯੂ! ਦੈਨ ਵੂਈ ਵਿਲ ਟਾਕ ਅਬਾਟ ਡੈਟ!”, ਕਹਿੰਦਿਆਂ ਬਲਬੀਰ ਥੋੜ੍ਹਾ ਜਿਹਾ ਹੱਸਿਆ ਵੀ ਤੇ ਫਿਰ ਇਹ ਕਹਿੰਦਾ ਉਠ ਆਪਣੇ ਕਮਰੇ ਵੱਲ ਚਲੇ ਗਿਆ,ਕਿ,”ਲੈੱਟ ਮੀ ਕਮ ਬੈਕ ਫਰਾਮ ਦਿੱਸ ਟਰਿੱਪ! ਸ਼ਿਉਰ ਆਈ ਵਿਲ ਥਿੰਕ ਅਬਾਟ ਡੈਟ!” “ਕਦੇ ਸਾਡੇ ਕੋਲ ਵੀ ਬਹਿ ਜਾਇਆ ਕਰ ਬਿਜੀ ਬੁਆਏ!” ਨਿੱਕੇ ਦੀ ਕਹੀ ਪਤਾ ਨਹੀ ਬਲਵੀਰ ਨੂੰ ਸੁਣੀ ਵੀ ਕੇ ਨਹੀਂ। ਜਦੋਂ ਬੀਰੇ ਨੂੰ ਨਿੱਕੇ ਨੇ ਆਪਣੇ ਕੋਲ ਅਮਰੀਕਾ ਸੱਦਿਆ ਸੀ ਤਾਂ ਉਮਰ ਨਿੱਕੀ ਹੋਣ ਕਰਕੇ ਉਸਨੂੰ ਆਪਣੇ ਪਿਉ ਬਾਰੇ ਕੁਝ ਯਾਦ ਨਹੀਂ ਸੀ।ਪਰ ਇਕ ਗੱਲ ਜਿਹੜੀ ਭਾਅ ਬੇਬੇ ਨੂੰ ਵਾਰ-ਵਾਰ ਕਹਿੰਦਾ ਹੁੰਦਾ ਸੀ ਉਸਨੂੰ ਧੁੰਦਲੀ ਜਿਹੀ ਯਾਦ ਸੀ,ਕਿ,” ਬੀਰਾ ਨਿੱਕੇ ਵਰਗਾ ਬਣਕੇ ਦਿਖਾ ਦੇਵੇ,ਮਾਤਾ !ਫਿਰ ਮੰਨਾਗੇ।” ਜਾਂ ਫਿਰ ਇਕ ਨਾਂ ਜੀਤਾ ਉਸ ਨੂੰ ਯਾਦ ਰਿਹਾ।ਉਹ ਮਿਹਨਤ ਕਰ ਪੜ੍ਹਾਈ ਵਿੱਚ ਇਕ ਨੰਬਰ ‘ਤੇ ਆਉਂਦਾ ਰਿਹਾ ਸੀ ‘ਤੇ ਹੁਣ ਨੋਕਰੀ ਵੀ ਟੌਪ ਕਲਾਸ ਕੰਪਨੀ ਵਿੱਚ ਕਰਨ ਕਰਕੇ ਸਾਰੀ ਦੁਨੀਆਂ ਘੁੰਮਣ ਲੱਗ ਪਿਆ ਸੀ। ਸੋਮਵਾਰ ਵਿੱਚ ਅਜੇ ਚਾਰ ਦਿਨ ਬਾਕੀ ਸਨ ਕੇ ਰਾਤ ਜਦੋਂ ਅੱਧੀ ਕੁ ਹੀ ਗੁਜਰੀ ਸੀ,ਤਾਂ ਘਰੇ ਵੱਜ ਰਹੀ ਫੋਨ ਦੀ ਘੰਟੀ ਨੇ ਦੋਹਾਂ ਜੀਆਂ ਦੀ ਨੀਂਦ ਖੋਲ੍ਹ ਦਿੱਤੀ। “ਸੁੱਖ ਹੋਵੇ ਰੱਬਾ!” ਕਹਿ ਨਿੱਕੇ ਦੀ ਘਰਵਾਲੀ ਨੇ ,”ਹੈਲੋ!” ਕਿਹਾ।”ਨਿੱਕਾ ਬੋਲਦਾ?”, ਦੂਜੇ ਪਾਸਿਓਂ ਆਵਾਜ ਆਈ। “ਨਹੀਂ!ਕੌਣ ਬੋਲਦਾ?”,ਹਰਜੀਤ ਨੇ ਮੋੜਵੇਂ ਲਹਿਜੇ ਵਿੱਚ ਪੁੱਛਿਆ। “ਮੈਂ ਬੋਲਦਾਂ!ਮੈਂ ਭਾ ਭਾ !”,ਫਿਰ ਓ ਚੁੱਪ ਜਿਹਾ ਹੋ ਗਿਆ। “ਕੌਣ ਭਾ? ਆ ਫੜਿਓ ਫੋਨ ਪਤਾ ਨਹੀਂ ਕੌਣ ਬੋਲਦਾ?ਕਹਿੰਦਾ ਤੁਹਾਡੇ ਨਾਲ ਗੱਲ ਕਰਨੀ!”,ਹਰਜੀਤ ਨੇ ਫੋਨ ਨਿੱਕੇ ਵੱਲ ਕਰ ਦਿੱਤਾ। ” ਹੈਲੋ!ਹਾਂਜੀ! ਨਿੱਕਾ ਗੱਲ ਕਰਦਾਂ!” ,ਉਸਨੇ ਫੋਨ ਕੰਨ ਨੂੰ ਲਾਉਂਦਿਆਂ ਕਿਹਾ। “ਨਿੱਕੇ! ਆੜਤੀਆ ਗੱਡੀ ਚੜ੍ਹ ਗਿਆ!”,ਭਾਊ ਨੇ ਕਾਹਲੀ ਵਿੱਚ ਦੱਸਿਆ। “ਭਾਊ ਤੂੰ?” ਨਿੱਕੇ ਨੇ ਰਤਾ ਰੋਹ ‘ਚ ਆ ਪੁੱਛਿਆ। “ਓ ਨਹੀਂ!ਮੇਰੀ ਤਾਂ ਵੀਹਾਂ ਸਾਲਾਂ ਤੋਂ ਬਲਦੀ ‘ਤੇ ਗਿੱਲੀ ਲੱਕੜ ਸੁੱਟ ਦਿੱਤੀ, ਊ!ਇਸ ਖ਼ਬਰ ਨੇ। ਕਹਿੰਦੇ ਕੱਲ੍ਹ ਰਾਤ ਘਰ ਆਉਂਦਾ ਸੀ ਕਾਰ ‘ਤੇ, ਐਕਸੀਡੈਂਟ ਹੋ ਗਿਆ। ਥਾਂਏ ਮੁੱਕ ਗਿਆ!ਕੋਈ ਕਹਿੰਦਾ ਬੱਸ ਸਾਇਡ ਮਾਰੀ,ਕੋਈ ਕਹਿੰਦਾ ਟਰੱਕ ਵਾਲੇ ਟੱਕਰ ਮਾਰ ਭਜਾ ਲੈ ਗਏ।ਇਹ ਵੀ ਸੁਣਿਆ ਬਈ ਕੋਈ ਬੰਦਾ ਪਾਣੀ ਲਾਉਂਦਾ ਸੀ ਨੇੜੇ।ਓਸ ਦੇਖਿਆ ਜਦੋਂ ਸਾਇਡ ਵੱਜੀ ਬੱਸ-ਟਰੱਕ ‘ਚੋਂ ਦੋ ਜਾਣੇ ਉਤਰ ਕੇ ਇਹਨੂੰ ਵੇਖਣ ਵੀ ਆਏ ਅਤੇ ਜਦੋਂ ਪਤਾ ਲੱਗਾ ਬਈ ਬੰਦਾ ਮਰ ਗਿਆ। ਫਿਰ ਡਰਦੇ ਮਾਰੇ ਭਜ ਗਏ।ਪੁਲਿਸ ਵਾਲੇ ਕਹਿੰਦੇ ਡਰਾਈਵਰ-ਕੰਡਕਟਰ ਹੋ ਸਕਦੇ।ਤੈਨੂੰ ਦੱਸਣਾ ਜਰੂਰੀ ਸੀ। ਨਹੀਂ ਤੇ ਮੈਂ ਘਰ ਵਾਲੇ ਫੋਨ ਤੇ ਗੱਲ ਨਾ ਕਰਦਾ ਕਦੀ।ਮੈਨੂੰ ਚੇਤੇ ਤੂੰ ਕਿਹਾ ਸੀ, ‘ਇਸ ਨੰਬਰ ‘ਤੇ ਫੋਨ ਤਾਂ ਕਰੀਂ, ਜੇ ਕੋਈ ਚਾਰਾ ਨਾ ਦਿਸੇ, ਵਰਨਾ ਫੋਨ ਮੈਂ ਹੀ ਕਰੂੰਗਾਾਂ!’ ਮੈਨੂੰ ਲੱਗਾ ਕੇ ਤੂੰ ਹੁਣ ਫੋਨ ਨੀ ਕਰਨਾ,ਸਗੋਂ ਜਹਾਜ਼ ਚੜ ਆਉਣਾ।ਚੰਗਾ ਫਿਰ!” ਏਨੀ ਗੱਲ ਆਖ ਭਾਊ ਫੋਨ ਕੱਟ ਗਿਆ।ਹਰਜੀਤ ਨੂੰ ਆਲਾ-ਟਾਲਾ ਕਰਕੇ ਨਿੱਕੇ ਨੇ ਰਾਤ ਹੀ ਨਹੀਂ ਕੱਟੀ,ਸਗੋਂ ਆੜ੍ਹਤੀਏ ਨੂੰ ਮਾਰ ਮੁਕਾਉਣ ਵਾਲਾ ਕਿੱਸਾ ਵੀ ਆਪਣੇ ਅੰਦਰ ਦੱਬ ਦਿੱਤਾ। ਕੁੱਝ ਸਾਲ ਲੰਘਣ ਤੋਂ ਬਾਅਦ ਜਦੋਂ ਬਲਬੀਰ ਆਪਣੇ ਮੁੰਡੇ ਦਿਲਸ਼ੇਰ ਨੂੰ ਖਿਡਾ ਰਿਹਾ ਸੀ ਤਾਂ ਨਾਲ-ਨਾਲ ਦੁਹਰਾ ਰਿਹਾ ਸੀ,”ਆਪਣੇ ਪਿਉ ਭਾਈ-ਭਾਈ,ਹੁਣ ਆਪਾਂ ਭਾਈ ‘ਤੇ ਅੱਗੋਂ ਚੇਤਾ ਤੇ ਦਿਲਸ਼ੇਰ ਭਾਈ-ਭਾਈ।” ਨੇੜੇ ਬੈਠੇ ਨਿੱਕੇ ਨੇ ਜਦੋਂ ਇਹ ਸੁਣਿਆ ਤਾਂ ਉਸਨੂੰ ਇਹਨਾਂ ਬੋਲਾਂ ਵਿੱਚ ਬੜੀ ਅਪਣੱਤ ਮਹਿਸੂਸ ਹੋਈ।ਉਹ ਪੁੱਛੇ ਬਿਨਾ ਰਹਿ ਨਾ ਸਕਿਆ ‘ਤੇ ਬੋਲਿਆ, “ਬਲਵੀਰ ਇਹ ਕੌਣ ਕਹਿੰਦਾ?ਤੇ ਏ ਚੇਤਾ ਕੌਣ ਆ?” “ਚਾਚੇ!ਇਕ ਬੈਸਟ ਫਰੈਂਡ ਕਹਿੰਦਾ ਹੁੰਦਾ ਮੇਰਾ। ਚੇਤਾ, ਸਨ ਏ ਉਹਦਾ।” ਬਲਵੀਰ ਨੇ ਬੜੇ ਚਾਅ ਨਾਲ ਖਿੜੇ ਮੱਥੇ ਦੱਸਿਆ। “ਓਕੇ ਬਈ ਓਕੇ!ਇਕ ਤਾਂ ਤੇਰੇ ਫਰੈਂਡ ਹਨ ਹੀ ਬੜੇ !ਤੇਰੇ ਨਾਲ ਹੀ ਜਾਬ ਕਰਦਾ? ਮੈਨੂੰ ਲੱਗਦਾ,ਮੈਂ ਨਹੀਂ ਮਿਲਿਆ ਹੋਣਾ ਇਸ ਬੈਸਟ ਫਰੈਂਡ ਨੂੰ ਵੀ?”,ਨਿੱਕੇ ਨੇ ਚਿੱਟੀ ਹੋ ਗਈ ਦਾਹੜੀ ਨੂੰ ਰਤਾ ਸਿੱਧੀ ਕਰਦਿਆਂ ਆਖਿਆ।”ਮਿਲਣਾ ਕਿੱਥੇ ਸੀ ਚਾਚੇ ਤੂੰ!ਮੈਂ ਖੁਦ, ਜਦ ਇੰਡੀਆ ਟਰਿੱਪ ‘ਤੇ ਜਾਵਾਂ ਤਾਂ ਫਿਰ ਮਿਲ ਹੁੰਦਾ ਕਿਤੇ।ਬਟ ਥਰੀ ਯੀਅਰ ਪਹਿਲਾਂ ਜਦੋਂ ਮੈਂ ਇੰਡੀਆ ਗਿਆ ਸੀ ਜਾਬ ਟਰਿੱਪ ‘ਤੇ, ਓਦੋਂ ਬਹੁਤ ਘੁੰਮੇ ਸੀ ਦੋਵੇ।ਆਈ ਵਿਲ ਨੈਵਰ ਫਾਰਗਟ ਡੈਟ ਯੀਅਰ।ਟਰੱਕ ਡਰਾਈਵਿੰਗ ਦੀ ਜਾਬ ਕਰਦਾ ਓ!” “ਟਰੱਕ ਡਰਾਈਵਰ!ਤੇਰਾ ਬੈਸਟ ਫਰੈਂਡ!” ਨਿੱਕੇ ਨੇ ਹੈਰਾਨ ਹੁੰਦਿਆਂ ਪੁੱਛਿਆ।ਉਸ ਵਾਸਤੇ ਇਹ ਗੱਲ ਬੜੀ ਓਪਰੀ ਸੀ।ਇਸ ਤੋਂ ਪਹਿਲਾਂ ਕਿ ਉਹ ਹੋਰ ਕੁੱਝ ਪੁਛਦਾ।”ਦਿਲਸ਼ੇਰ ਨੂੰ ਉਸਦੀ ਗੋਦੀ ਬਿਠਾ ਨਿੱਕੇ ਦੇ ਦੋਵੇਂ ਮੋਢੇ ਘੁੱਟ ਕੇ ਫੜਕੇ ਰਤਾ ਕੁ ਹਿਲਾਉਂਦੇ ਹੋਏ ਬਲਵੀਰ ਨੇ ਮਸ਼ਕਰੀ ਨਾਲ ਕਿਹਾ, “ਏ ਸੋਚਣ ਵਾਲਾ ਸਾਰਾ ਕੰਮ,ਲੀਵ ਆਨ ਮੀ ਨਾਅਉ!ਚਾਚੇ! ਦੇਖ ਤੇਰੇ ਸਾਰੇ ਵਾਲ ਵਾਈਟ ਹੋ ਗਏ ਆ।” ਏਨੀ ਆਖ ਉਹ ਬਾਹਰ ਨਿਕਲ ਗਿਆ।ਪਰ ਨਿੱਕਾ ਗੂੰਗਾ-ਬੋਲ਼ਾ ਜਿਹਾ ਹੋ ਗਿਆ। ਉਸ ਨੂੰ ਇੰਝ ਲੱਗਿਆ ਜਿਵੇਂ ਭਾਅ ਫਿਰ ਬਲਵੀਰ ਦੇ ਰੂਪ ਵਿੱਚ ਉਸਦੀ ਪੌੜੀ ਦਾ ਡੰਡਾ ਬਣ ਗਿਆ ਹੋਵੇ। 

    ਅਵਤਾਰ ਸਿੰਘ ਬਸਰਾ ਮੈਲਬੌਰਨ 

    Punj Darya

    Leave a Reply

    Latest Posts

    error: Content is protected !!