ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਚੋਰਾਂ ਵੱਲੋਂ ਏਸ਼ੀਅਨ ਮੂਲ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਜਾ ਰਿਹਾ ਹੈ। ਸਕਾਟਲੈਂਡ ਪੁਲਿਸ ਅਨੁਸਾਰ ਸਕਾਟਲੈਂਡ ਦੇ ਪੱਛਮ ਵਿੱਚ ਕਈ ਏਸ਼ੀਅਨ ਘਰਾਂ ਵਿੱਚੋਂ 200,000 ਪੌਂਡ ਦੇ ਕਰੀਬ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਘੜੀਆਂ ਚੋਰੀ ਹੋ ਗਈਆਂ ਹਨ। ਇਸ ਸਬੰਧੀ ਪੁਲਿਸ ‘ਓਪਰੇਸ਼ਨ ਸੂਟਕੇਸ’ ਦੇ ਹਿੱਸੇ ਵਜੋਂ ਚੋਰੀ ਦੀ ਜਾਂਚ ਕਰ ਰਹੀ ਹੈ, ਜੋ ਕਿ ਏਸ਼ੀਆਈ ਘਰਾਂ ਦੀ ਵੱਡੀ ਗਿਣਤੀ ਵਿੱਚ ਤੋੜ ਭੰਨ ਅਤੇ ਕੀਮਤੀ ਸੋਨੇ ਦੇ ਗਹਿਣੇ ਅਤੇ ਹੋਰ ਮਹਿੰਗੀਆਂ ਵਸਤੂਆਂ ਦੇ ਚੋਰੀ ਹੋਣ ਦੀ ਜਵਾਬੀ ਕਾਰਵਾਈ ਵਿੱਚ ਸ਼ੁਰੂ ਕੀਤੀ ਗਈ ਹੈ। ਪੁਲਿਸ ਰਿਕਾਰਡ ਦੇ ਅਨੁਸਾਰ ਸਕਾਟਲੈਂਡ ਦੇ ਬੀਥ, ਬਾਥਗੇਟ, ਸਟ੍ਰੈਨਰਰ, ਕੈਮਬਸਲਾਂਗ, ਪੇਜ਼ਲੀ, ਸਟੈਪਸ, ਈਸਟ ਕਿਲਬ੍ਰਾਈਡ ਅਤੇ ਗਲਾਸਗੋ ਆਦਿ ਖੇਤਰਾਂ ਵਿੱਚ 21 ਅਤੇ 31 ਅਗਸਤ ਦੇ ਵਿਚਕਾਰ 14 ਚੋਰੀਆਂ ਦੀ ਰਿਪੋਰਟ ਦਰਜ਼ ਕੀਤੀ ਗਈ ਹੈ। ਜਾਂਚ ਦੇ ਹਿੱਸੇ ਵਜੋਂ ਪੁਲਿਸ ਵੱਲੋਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਪੁੱਛਗਿੱਛ ਜਾਰੀ ਹੈ। ਸਕਾਟਲੈਂਡ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਉਹਨਾਂ ਦੀ ਪ੍ਰਮੁੱਖ ਤਰਜੀਹ ਹੈ। ਇਸਦੇ ਇਲਾਵਾ ਪੁਲਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੋਕਾਂ ਨੂੰ ਕੁੱਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚ ਮਹੱਤਵਪੂਰਣ ਕੀਮਤੀ ਵਸਤੂਆਂ ਨੂੰ ਸਾਂਭ ਕੇ ਰੱਖਣ, ਸੁਰੱਖਿਆ ਅਲਾਰਮ ਅਤੇ ਮੋਸ਼ਨ-ਐਕਟੀਵੇਟਿਡ ਲਾਈਟਿੰਗ ਵਰਗੇ ਮਜ਼ਬੂਤ ਸੁਰੱਖਿਆ ਉਪਕਰਣ ਸ਼ਾਮਲ ਹਨ।
