ਸੀਰਾ ਗਰੇਵਾਲ
ਕਰੋਨਾ ਦਾ ਕਹਿਰ ਹੈ
ਕਰਫਿਊ ਨਾਫ਼ਿਜ਼ ਹੈ
ਡੰਡਾ ਵਰ੍ਹ ਰਿਹੈ
ਲੋਕ ਛਲੀਆਂ ਵਾਂਗ
ਕੁੱਟੇ ਜਾ ਰਹੇ ਨੇ ਸ਼ਰੇਆਮ
ਮਨ ਕ੍ਰੋਧਿਤ ਹੋ ਰਿਹੈ
ਰਾਤ ਦਾ ਸਮਾਂ ਹੈ
ਬੇਬੱਸ ਹੈ ਜ਼ਿੰਦਗੀ
ਹਸਪਤਾਲ ਬੰਦ ਨੇ
ਪੀੜ ਸਿਖਰ ਤੇ ਹੈ
ਬੂਹੇ ਬੰਦ ਨੇ
ਦੋ ਫਰਿਸ਼ਤੇ ਹਾਜ਼ਿਰ ਨੇ
ਖਾਕੀ ਬਾਣੇ ਵਿੱਚ
ਨੰਨ੍ਹੀ ਜਾਨ ਦਾ
ਸੁਆਗਤ ਹੈ ਸੜਕ ਤੇ
ਮਨ ਸਲਾਮ ਕਰਦਾ ਹੈ
ਖਾਕੀ ਫ਼ਰਿਸ਼ਤਿਆਂ ਨੂੰ
ਭੀੜ ਵਿੱਚ ਨੇ ਲੋਕ
ਭੁੱਖਣ ਭਾਣੇ
ਲੰਗਰ ਵੰਡ ਰਹੇ ਨੇ
ਸਿੱਖੀ ਦੇ ਨੀਲੇ ਬਾਣੇ
ਭੁੱਖੇ ਢਿੱਡਾਂ ਦੀ ਸੁਣ
ਬਿਨਾ ਭੇਦ ਭਾਵ ਤੋਂ
ਕਰ ਰਹੇ ਨੇ ਸੇਵਾ
ਮਨ ਨਮਸਕਾਰ ਕਰਦਾ ਹੈ
ਇਹਨਾਂ ਯੋਧਿਆਂ ਨੂੰ
ਹਉਮੈ ਦੇ ਮਾਰੇ ਨੀਲੇ ਚੋਲੇ
ਕਰਦੇ ਨੇ ਉਲੰਘਣਾ ਕਨੂੰਨ ਦੀ
ਦਿਖਾਉਂਦੇ ਨੇ ਤਾਕਤ
ਸਟੇਟ ਦੇ ਨਾਲ ਸੰਧੀ ਦੀ
ਵੱਢ ਦਿੰਦੇ ਨੇ ਹੱਥ
ਸਟੇਟ ਦੇ ਆਦਮੀ ਦਾ
ਪਰ ਸਟੇਟ ਦਾ ਆਦਮੀ ਵੀ
ਸਾਡਾ ਹੀ ਪੁੱਤ ਹੈ ਭਰਾ ਹੈ
ਮਨ ਪਸੀਜ ਜਾਂਦਾ ਹੈ
ਨਫਰਤ ਹੋ ਜਾਂਦੀ ਹੈ
ਧਰਮ ਦੇ ਲਿਬਾਸ ਅੰਦਰ
ਹੁੰਦੀ ਗੁੰਡਾਗਰਦੀ ਨਾਲ
ਪੁਲੀਸ ਠਾਣੇ ਅੰਦਰ
ਹੋ ਰਹੀ ਹੈ ਗੁੰਡਾਗਰਦੀ
ਪਿਉ ਪੁੱਤ ਨੰਗੇ ਨੇ ਆਹਮੋ ਸਾਹਮਣੇ
ਕੇਸ ਦਰਜ ਕਰ
ਭੇਜ ਦਿੱਤਾ ਜੇਹਲ
ਕਰ ਦਿੱਤੀ ਵੀਡੀਓ ਵਾਇਰਲ
ਖਾਕੀ ਦਾ ਇਹ
ਅਣਮਨੁੱਖੀ ਕਾਰਾ ਦੇਖ
ਗੰਦਗੀ ਤੇ ਥੁੱਕਣ ਜਿਹਾ
ਅਹਿਸਾਸ ਹੁੰਦਾ ਹੈ
ਸੱਚ ਲਿਖਣ ਵਾਲੀ ਕਲਮ
ਤੁਰਦੀ ਹੈ ਸੜਕ ਤੇ
ਲੋਕਾਂ ਦੇ ਹੱਕ ਦੀ
ਆਵਾਜ਼ ਬਣ ਕੇ
ਖਾਕੀ ਵਰਦੀ
ਕਰਦੀ ਹੈ ਜ਼ਲੀਲ
ਮਨ ਮਹਿਸੂਸ ਕਰਦੈ
ਖਾਕੀ ਵਰਦੀ ਦੀ
ਆਪਣੀ ਕੋਈ ਹੋਂਦ ਨਹੀਂ
ਇਹ ਤਾਂ ਸਮੇਂ ਦੇ ਹਾਕਮ ਦੀ
ਰਖੇਲ ਹੈ ਸਿਰਫ
ਸੀਰਾ ਗਰੇਵਾਲ
ਰੌਂਤਾ 9878077279
