‘ਸਕੱਤਰ ਭਜਾਓ, ਸਿੱਖਿਆ ਬਚਾਓ’ ਅਤੇ “ਅਧਿਆਪਕ ਹਿਤਾਂ ਅਨੁਸਾਰ ਤਨਖਾਹ ਕਮਿਸ਼ਨ ਲਾਗੂ ਕਰੋ” ਦੇ ਨਾਅਰੇ ਬੁਲੰਦ ਕਰਦਿਆਂ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ
5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਮਾਗਮ ਦੇ ਸਮਾਨੰਤਰ ਸੂਬਾਈ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਸਾਂਝਾ ਅਧਿਆਪਕ ਮੋਰਚਾ, ਪੰਜਾਬ ਦੇ ਸੱਦੇ ਅਨੁਸਾਰ ਸੰਗਰੂਰ ਵਿਖੇ ਹੋਏ ਰੋਸ ਪ੍ਰਦਰਸ਼ਨ ਦੌਰਾਨ ਜ਼ਿਲ੍ਹੇ ਦੇ ਸੈਂਕੜੇ ਅਧਿਆਪਕਾਂ ਨੇ ਸਥਾਨਕ ਪਟਵਾਰਖਾਨਾ ਜਲਘਰ ਤੋਂ ਡੀ ਸੀ ਦਫ਼ਤਰ ਸੰਗਰੂਰ ਤੱਕ ਰੋਸ਼ ਮਾਰਚ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਰਥੀ ਫੂਕੀ। ਅਧਿਆਪਕਾਂ ਨੇ ਰੋਸ਼ ਪ੍ਰਦਰਸ਼ਨ ਦੌਰਾਨ “ਸਕੱਤਰ ਭਜਾਓ, ਸਿੱਖਿਆ ਬਚਾਓ” ਅਤੇ “ਅਧਿਆਪਕ ਹਿਤਾਂ ਅਨੁਸਾਰ ਤਨਖਾਹ ਕਮਿਸ਼ਨ ਲਾਗੂ ਕਰੋ” ਦੇ ਨਾਅਰੇ ਬੁਲੰਦ ਕੀਤੇ। ਇਸ ਮੌਕੇ ਆਗੂਆਂ ਨੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੌਰਾਨ ਅਧਿਆਪਕਾਂ ਦੇ ਤਨਖਾਹ ਗਰੇਡਾਂ ਅਤੇ ਸਕੇਲਾਂ ਉੱਪਰ ਪੈ ਰਹੇ ਸਰਕਾਰੀ ਡਾਕੇ ਨੂੰ ਰੋਕਣ ਅਤੇ ਸਾਂਝੇ ਅਧਿਆਪਕ ਮੋਰਚੇ ਦੀਆਂ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦੇ ਅਧਿਆਪਕ ਪੱਖੀ ਫੈਸਲਿਆਂ ਅਨੁਸਾਰ ਸਾਰੇ ਮਸਲੇ ਹੱਲ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੁਤਲਾ ਫੂਕ ਪ੍ਰਦਰਸ਼ਨ ਕਰਦਿਆਂ, ਜਨਤਕ ਸਿੱਖਿਆ ਨੂੰ ਝੂਠੇ ਅੰਕੜਿਆਂ ਤੱਕ ਸੀਮਤ ਕਰਕੇ ਆਮ ਲੋਕਾਂ ਦੇ ਬੱਚਿਆਂ ਦੀ ਸਿੱਖਿਆ ਦਾ ਬੇੜਾ ਬਹਾਉਣ ਵਾਲੇ ਸਿੱਖਿਆ ਸਕੱਤਰ ਨੂੰ ਵਿਭਾਗ ‘ਚੋਂ ਹਟਾਉਣ ਦੀ ਮੰਗ ਕੀਤੀ ਗਈ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਸਮਾਗਮ ਦੇ ਸਮਾਨੰਤਰ ਸੂਬਾਈ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨਿਰਭੈ ਸਿੰਘ, ਗੁਰਸੇਵਕ ਸਿੰਘ ਕਲੇਰ, ਅਵਤਾਰ ਸਿੰਘ ਢਢੋਗਲ, ਸ਼ਵਿੰਦਰ ਪਾਲ ਜੋਸ਼ੀ, ਜਰਨੈਲ ਸਿੰਘ ਮਿੱਠੇਵਾਲ, ਵਰਿੰਦਰਜੀਤ ਬਜਾਜ, ਸਤਵੰਤ ਸਿੰਘ ਆਲਮਪੁਰ ਅਤੇ ਸੁਖਜਿੰਦਰ ਸਿੰਘ ਹਰੀਕਾ ਨੇ ਕਿਹਾ ਕਿ ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਵਲੋਂ ਅਸਲ ਸਿੱਖਿਆ ਤੇ ਪਾਠਕ੍ਰਮ ਦੇ ਤੱਤ ਰੂਪ ਨੂੰ ਖੂਹ ਖਾਤੇ ਪਾ ਕੇ, ਆਪੇ ਖਡ਼੍ਹੇ ਕੀਤੇ ਗ਼ੈਰਸੰਵਿਧਾਨਕ ਢਾਂਚੇ ਰਾਹੀਂ ਕੇਵਲ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਅਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦੀ ਸਿਖਰ ਤਕ ਝੋਕਿਆ ਜਾ ਰਿਹਾ ਹੈ। ਬਦਲੀਆਂ, ਪੈਂਡਿੰਗ ਤਰੱਕੀਆਂ ਤੇ ਵਿਕਟੇਮਾਈਜ਼ੇਸ਼ਨਾਂ ਦੇ ਮਾਮਲੇ ਹੱਲ ਨਾ ਕਰਕੇ ਇੱਕ-ਇੱਕ ਪ੍ਰਿੰਸੀਪਲ, ਅਧਿਆਪਕ ਤੇ ਕਲਰਕ ਉੱਪਰ ਕਈ-ਕਈ ਸਕੂਲਾਂ ਦਾ ਭਾਰ ਪਾ ਕੇ ਹਜ਼ਾਰਾਂ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਿੱਜੀਕਰਨ ਪੱਖੀ ਸਿੱਖਿਆ ਨੀਤੀ-2020 ਨੂੰ ਲਾਗੂ ਕਰਕੇ ਸਿੱਖਿਆ ਦਾ ਕਾਰਪੋਰੇਟੀ ਮਾਡਲ ਖੜ੍ਹਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੌਰਾਨ ਅਧਿਆਪਕਾਂ ਨੂੰ, ਪੰਜਵੇਂ ਤਨਖ਼ਾਹ ਕਮਿਸ਼ਨ ਦੇ ਹੀ ਪਾਰਟ ਤੇ ਪਾਰਸਲ ਵਜੋਂ 24 ਕੈਟਾਗਰੀਆਂ ਨੂੰ ਦਿੱਤਾ ਵਾਧਾ ਅਤੇ ਕੈਬਨਿਟ ਸਬ ਕਮੇਟੀ ਵੱਲੋਂ 239 ਕੈਟਾਗਿਰੀਆਂ ਨੂੰ ਦਿੱਤਾ ਵਾਧਾ 1 ਜਨਵਰੀ 2006 ਤੋਂ ਤਨਖਾਹ ਕਮਿਸ਼ਨ ਨਾਲ ਲਿੰਕ ਕਰਨ ਦੀ ਥਾਂ ਮੁੱਢੋਂ ਖਤਮ ਕਰਕੇ ਅਧਿਆਪਕਾਂ ‘ਤੇ ਵੱਡਾ ਆਰਥਿਕ ਹੱਲਾ ਬੋਲਣ, ਐਸ.ਐਲ.ਏ. ਅਤੇ ਸੰਗੀਤ/ਸਿਲਾਈ ਟੀਚਰਾਂ ਸਮੇਤ ਸਾਰੀਆਂ ਅਣ ਰਿਵਾਈਜ਼ਡ ਤੇ ਅੰਸ਼ਕ ਰਿਵਾਈਜ਼ਡ ਕੈਟਾਗਰੀਆਂ ਦੀ ਤਨਖਾਹ ਪੈਅਰਟੀ ਬਹਾਲ ਕਰਕੇ ਤਨਖਾਹ ਕਮੀਸ਼ਨ ਲਾਗੂ ਕਰਨ ਦੌਰਾਨ ਹੋਈ ਬੇਇਨਸਾਫੀ ਦੂਰ ਨਾ ਕਰਨ, ਕੱਚੇ ਅਧਿਆਪਕ (ਸਮੇਤ ਸਿੱਖਿਆ ਵਾਲੰਟੀਅਰ, ਸਿੱਖਿਆ ਪ੍ਰੋਵਾਈਡਰ, ਵਿਸ਼ੇਸ਼ ਅਧਿਆਪਕ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕ) ਅਤੇ ਨਾਨ ਟੀਚਿੰਗ ਸਟਾਫ ਨੂੰ ਬਿਨਾ ਸ਼ਰਤ ਪੱਕੇ ਨਾ ਕਰਨ, ਪਿਕਟਸ ਸੁਸਾਇਟੀ ਅਧੀਨ ਰੈਗੂਲਰ ਤੇ ਕਨਫਰਮਡ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਾ ਕਰਨ, ਪ੍ਰਾਇਮਰੀ ਕਾਡਰ ਦੀਆਂ ਹੈੱਡ ਟੀਚਰਾਂ ਦੀਆਂ 1904 ਪੋਸਟਾਂ ਖਤਮ ਕਰਨ ਅਤੇ ਈ.ਟੀ.ਟੀ. ਤੋਂ ਐਚ.ਟੀ./ਸੀ.ਐਚ.ਟੀ. ਦੀਆਂ ਪਿਛਲੇ ਪੰਜ ਸਾਲਾਂ ਤੋਂ ਤਰੱਕੀਆਂ ਨਾ ਕਰਨ, ਮਾਸਟਰ ਕਾਡਰ ਅਤੇ ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਅਤੇ ਲੈਕਚਰਾਰਾਂ ਦੇ ਕਈ ਵਿਸ਼ਿਆਂ ਦੀਆਂ ਪੈਂਡਿੰਗ ਪ੍ਰੋਮੋਸ਼ਨਾਂ ਨਾ ਕਰਨ, ਮਿਡਲ ਸਕੂਲਾਂ ਤੋਂ ਬੀ ਪੀ ਈ ਓ ਦਫ਼ਤਰਾਂ ‘ਚ ਜਬਰੀ ਸ਼ਿਫਟ ਕੀਤੇ 228 ਪੀ.ਟੀ.ਆਈਜ਼ ਨੂੰ ਵਾਪਸ ਨਾ ਭੇਜਣ, ਪਰਖ ਸਮਾਂ ਐਕਟ-2015 ਰੱਦ ਕਰਕੇ ਪੂਰੀ ਤਨਖਾਹ ਤੇ ਭੱਤੇ ਬਹਾਲ ਨਾ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ, ਓ.ਡੀ.ਐੱਲ. ਅਧਿਆਪਕ ਰੈਗੂਲਰ ਨਾ ਕਰਨ, ਪ੍ਰਾਇਮਰੀ ਹੈੱਡ ਟੀਚਰਾਂ ਅਤੇ ਮਿਡਲ ਸਕੂਲਾਂ ਵਿੱਚੋਂ ਸੀ.ਐਂਡ.ਵੀ. ਕਾਡਰ ਦੀਆਂ ਖਤਮ ਕੀਤੀਆਂ ਅਸਾਮੀਆਂ ਬਹਾਲ ਨਾ ਕਰਨ, ਪੀ.ਟੀ.ਆਈ. ਸਮੇਤ ਸਾਰੀਆਂ ਪੋਸਟਾਂ ਨਾਨ ਪਲੈਨ ਟੈਂਪਰੇਰੀ ਤੋਂ ਪਰਮਾਨੈਂਟ ਨਾ ਕਰਨ ਅਤੇ ਬੇਰੁਜ਼ਗਾਰਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਇਸ਼ਤਿਹਾਰ ਜਾਰੀ ਕਰਕੇ ਭਰਤੀਆਂ ਪੂਰੀਆਂ ਨਾ ਕਰਨ ਖ਼ਿਲਾਫ਼ ਅਧਿਆਪਕ ਵਰਗ ਵਿੱਚ ਤਿੱਖਾ ਰੋਹ ਪਾਇਆ ਜਾ ਰਿਹਾ ਹੈ।
ਸਾਂਝੇ ਅਧਿਆਪਕ ਮੋਰਚੇ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ, ਕ੍ਰਿਸ਼ਨ ਦੁੱਗਾਂ, ਸਰਬਜੀਤ ਸਿੰਘ ਪੁੰਨਾਵਾਲ, ਜਰਨੈਲ ਸਿੰਘ, ਫਕੀਰ ਸਿੰਘ ਟਿੱਬਾ, ਅਮਨ ਵਿਸ਼ਿਸ਼ਟ, ਗੁਰਦੇਵ ਸਿੰਘ ਨੇ ਕਿਹਾ ਕਿ ਕਿਸੇ ਸਰਵੇ ਰਾਹੀਂ ਸਿੱਖਿਆ ਦੀ ਸਿਹਤ ਪਰਖਣ ਤੋਂ ਪਹਿਲਾ ਸਰਕਾਰ ਨੂੰ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਭਾਗ ਦੀ ਸਿਹਤ ਸੁਧਾਰਨੀ ਚਾਹੀਦੀ ਹੈ। ਜਿਸ ਦੇ ਲਈ ਵਿਭਾਗ ਨੂੰ ਅਫ਼ਸਰਸ਼ਾਹੀ ਵਾਲੀ ਧੌਂਸ ਅਨੁਸਾਰ ਚਲਾਉਣ ਵਾਲੇ ਸਿੱਖਿਆ ਸਕੱਤਰ ਦੇ ਹਵਾਲੇ ਕਰਨ ਦੀ ਥਾਂ, ਸਿੱਖਿਆ ਦੇ ਮਨੋਵਿਗਿਆਨਕ ਨਿਯਮਾਂ ਅਨੁਸਾਰ ਚਲਾਇਆ ਜਾਵੇ। ਡੀਪੀਆਈਜ਼, ਡਾਇਰੈਕਟਰਾਂ ਸਮੇਤ ਸਾਰੇ ਸਿੱਖਿਆ ਅਧਿਕਾਰੀ ਵਿਭਾਗ ਵਿੱਚੋਂ ਹੀ ਲਗਾਏ ਜਾਣ। ਨਵੀਂ ਭਰਤੀ ਅਤੇ ਤਰੱਕੀ ਪ੍ਰਕਿਰਿਆ ਰਾਹੀਂ ਅਧਿਆਪਕਾਂ ਦੀ ਵੱਡੀ ਕਮੀ ਦੂਰ ਕਰਨ, ਹਰੇਕ ਸਕੂਲ ਵਿੱਚ ਕਲਰਕ, ਸੇਵਾਦਾਰ ਆਦਿ ਦੀ ਭਰਤੀ ਕਰਕੇ ਅਧਿਆਪਕਾਂ ਦਾ ਬੋਝ ਘਟਾਉਣਾ, ਸਮੇਂ ਸਿਰ ਪਾਠ ਪੁਸਤਕਾਂ ਮੁਹੱਈਆ ਕਰਵਾਉਣਾ, ਬੀਐਲਓ ਡਿਊਟੀਆਂ ਸਮੇਤ ਅਧਿਆਪਕਾਂ ਤੋਂ ਸਾਰੇ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਨੇ ਚਾਹੀਦੇ ਹਨ। ਰੋਸ ਪ੍ਰਦਰਸ਼ਨਾਂ ਦੌਰਾਨ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦਾ ਜਬਰੀ ਬਦਲ ਬਣਾਉਣ ਲਈ ਸਕੂਲ ਖੁੱਲੇ ਹੋਣ ਦੇ ਬਾਵਜੂਦ ਬੱਚਿਆਂ ਦੇ ਆਨਲਾਈਨ ਪੇਪਰ ਭੇਜਣ ਅਤੇ ਨਿੱਜੀ ‘ਖ਼ਾਨ ਅਕੈਡਮੀ’ ਵਰਗੇ ਪ੍ਰਾਜੈਕਟਾਂ ਵਿੱਚ ਸੌ ਪ੍ਰਤੀਸ਼ਤ ਭਾਗੀਦਾਰੀ ਯਕੀਨੀ ਬਣਾਉਣ ਦਾ ਸਖਤ ਵਿਰੋਧ ਵੀ ਦਰਜ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਓਮ ਸੇਤੀਆ, ਮੈਡਮ ਮੁਕਤਾ ਰਤਨਮ ਸੇਤੀਆ, ਹਰਭਗਵਾਨ ਗੁਰਨੇ, ਕਰਮਜੀਤ ਨਦਾਮਪੁਰ, ਬਲਵਿੰਦਰ ਸਿੰਘ ਬੀਰਕਲਾਂ, ਪਰਮਿੰਦਰ ਸਿੰਘ ਲੌਂਗੋਵਾਲ, ਰੇਸ਼ਮ ਸਿੰਘ ਗੁਰਨੇ, ਰਮਨ ਕੁਮਾਰ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
