ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਦੋ ਖੇਤਰ ਯੂਰਪ ਭਰ ਵਿੱਚੋਂ ਕੋਰੋਨਾ ਲਾਗ ਦੇ ਕੇਸਾਂ ‘ਚ ਮੋਹਰੀ ਮੰਨੇ ਗਏ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਅਨੁਸਾਰ ਸਕਾਟਲੈਂਡ ਦੇ ਗਲਾਸਗੋ ਅਤੇ ਲਾਨਾਰਕਸ਼ਾਇਰ ਯੂਰਪ ਦੇ ਦੋ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਇਲਾਕੇ ਹਨ। ਇਹਨਾਂ ਦੋਵੇ ਸਕਾਟਿਸ਼ ਖੇਤਰਾਂ ਵਿੱਚ ਪ੍ਰਤੀ ਵਿਅਕਤੀ ਕੋਵਿਡ -19 ਕੇਸਾਂ ਦੀ ਦਰ ਸਕਾਟਲੈਂਡ, ਯੂਨਾਈਟਿਡ ਕਿੰਗਡਮ ਅਤੇ ਮਹਾਂਦੀਪ ਦੇ ਹੋਰਨਾਂ ਸਥਾਨਾਂ ਨਾਲੋਂ ਕਾਫੀ ਜ਼ਿਆਦਾ ਹੈ। ਲਾਨਾਰਕਸ਼ਾਇਰ ਦੀ ਪ੍ਰਤੀ 100,000 ਲੋਕਾਂ ਪਿੱਛੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਸੱਤ ਦਿਨਾਂ ਦੀ ਦਰ 1111 ਤੋਂ ਵੱਧ ਅਤੇ ਗਲਾਸਗੋ ਦੀ 1014 ਤੋਂ ਵੱਧ ਦੇ ਨਾਲ ਦਰਜ ਕੀਤੀ ਗਈ ਹੈ। ਇਸਦੇ ਇਲਾਵਾ ਕੋਵਿਡ -19 ਲਈ ਅਗਲੇ ਸਭ ਤੋਂ ਭੈੜੇ ਪੱਧਰ ਵਾਲੇ ਖੇਤਰ ਕ੍ਰਮਵਾਰ 734 ਅਤੇ 718 ਦੀ ਦਰ ਨਾਲ ਕੋਸੋਵੋ ਅਤੇ ਇਜ਼ਰਾਈਲ ਹਨ। ਐਨ ਐਚ ਐਸ ਗ੍ਰੇਟਰ ਗਲਾਸਗੋ ਅਤੇ ਕਲਾਈਡ ਵਿੱਚ ਸੱਤ ਦਿਨਾਂ ਦੇ ਤਾਜ਼ਾ ਅੰਕੜਿਆਂ ਵਿੱਚ 12,000 ਤੋਂ ਵੱਧ ਸਕਾਰਾਤਮਕ ਨਤੀਜੇ ਦਰਜ ਕੀਤੇ ਗਏ ਹਨ ਜਦਕਿ ਐੱਨ ਐੱਚ ਐੱਸ ਲਾਨਾਰਕਸ਼ਾਇਰ ਵਿੱਚ ਇਹ ਗਿਣਤੀ 7357 ਹੈ। ਵਧ ਰਹੇ ਕੇਸਾਂ ਕਾਰਨ ਦੋਵਾਂ ਸਿਹਤ ਬੋਰਡਾਂ ਤਣਾਅ ਦਾ ਸਾਹਮਣਾ ਕਰ ਰਹੇ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਵੀ ਰੋਜ਼ਾਨਾ ਦੇ ਕੋਰੋਨਾ ਵਾਇਰਸ ਕੇਸਾਂ ਵਿੱਚ ਵਾਧੇ ਕਾਰਨ ਐਨ ਐਚ ਐਸ ਸਕਾਟਲੈਂਡ ਦਬਾਅ ਅਧੀਨ ਹੈ। ਸਕਾਟਲੈਂਡ ਸਰਕਾਰ ਦੁਆਰਾ ਮੰਗਲਵਾਰ ਨੂੰ ਅਪਡੇਟ ਕੀਤੇ ਗਏ ਵਾਇਰਸ ਸਬੰਧੀ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ 6029 ਨਵੇਂ ਕੇਸ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ।
