ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਕੈਲੀਫੋਰਨੀਆ ਵੱਡੇ ਪੱਧਰ ‘ਤੇ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ। ਇਹਨਾਂ ਹੀ ਜੰਗਲੀ ਅੱਗਾਂ ਦੇ ਮੱਦੇਨਜ਼ਰ ਜਨਤਕ ਸੁਰੱਖਿਆ ਅਤੇ ਅੱਗਾਂ ਨੂੰ ਵਧਣ ਤੋਂ ਰੋਕਣ ਲਈ ਅਮਰੀਕੀ ਫੋਰੈਸਟ ਸਰਵਿਸ ਵੱਲੋਂ ਕੈਲੀਫੋਰਨੀਆ ਵਿਚਲੇ ਸਾਰੇ ਰਾਸ਼ਟਰੀ ਜੰਗਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਜਾਵੇਗਾ। ਇਸ ਸਬੰਧੀ ਯੂ ਐਸ ਫੋਰੈਸਟ ਸਰਵਿਸ ਨੇ ਘੋਸ਼ਣਾ ਕੀਤੀ ਹੈ ਕਿ ਮੰਗਲਵਾਰ ਤੋਂ ਕੈਲੀਫੋਰਨੀਆ ਦੇ ਅੰਦਰ ਸਾਰੇ ਰਾਸ਼ਟਰੀ ਜੰਗਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਜਾਵੇਗਾ। ਯੂ ਐਸ ਫੋਰੈਸਟ ਸਰਵਿਸ ਦੇ ਬਿਆਨ ਅਨੁਸਾਰ 31 ਅਗਸਤ ਤੋਂ 17 ਸਤੰਬਰ ਤੱਕ ਕੈਲੀਫੋਰਨੀਆ ਦੇ ਸਾਰੇ ਰਾਸ਼ਟਰੀ ਜੰਗਲ ਬੰਦ ਕਰ ਦਿੱਤੇ ਜਾਣਗੇ, ਤਾਂ ਜੋ ਨਵੀਂ ਅੱਗ ਲੱਗਣ ਦੀ ਸੰਭਾਵਨਾ ਨੂੰ ਸੀਮਤ ਕੀਤਾ ਜਾ ਸਕੇ। ਖੇਤਰੀ ਜੰਗਲਾਤ ਅਧਿਕਾਰੀ ਜੈਨੀਫਰ ਏਬਰਲੀਅਨ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਗਿਆ ਹੈ ਕਿਉਂਕਿ ਜਨਤਕ ਸੁਰੱਖਿਆ ਲਈ ਇਹ ਸਭ ਤੋਂ ਵਧੀਆ ਵਿਕਲਪ ਹੈ। ਫੋਰੈਸਟ ਸਰਵਿਸ ਅਨੁਸਾਰ ਰਾਸ਼ਟਰੀ ਜੰਗਲਾਂ ਨੂੰ ਬੰਦ ਕਰਨ ਦਾ ਉਦੇਸ਼ ਐਮਰਜੈਂਸੀ ਦੀ ਸਥਿਤੀ ਵਿੱਚ ਜਨਤਕ ਜ਼ਮੀਨ ‘ਤੇ ਲੋਕਾਂ ਦੀ ਸੰਖਿਆ ਨੂੰ ਸੀਮਤ ਕਰਨਾ ਵੀ ਹੈ।
