
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ 12 ਸੂਬਿਆਂ ਵੱਲੋਂ ਤਾਲਮੇਲ ਪੈਦਾ ਕਰਕੇ ਮਨੁੱਖੀ ਤਸਕਰੀ ਵਿਰੁੱਧ ਚਲਾਈ ਮੁਹਿੰਮ ਵਿੱਚ 100 ਤੋਂ ਜਿਆਦਾ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਇਸਦੇ ਇਲਾਵਾ ਇਸ ਕਾਰਵਾਈ ਦੀ ਮੱਦਦ ਨਾਲ ਮਨੁੱਖੀ ਤਸਕਰੀ ਦੇ ਤਕਰੀਬਨ 47 ਪੀੜਤਾਂ ਨੂੰ ਬਚਾਇਆ ਵੀ ਗਿਆ। ਇਸ ਕਾਰਵਾਈ ਸਬੰਧੀ ਮਿਜ਼ੂਰੀ ਦੇ ਪੁਲਿਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਨੁੱਖੀ ਤਸਕਰੀ ਨਾਲ ਨਜਿੱਠਣ ਲਈ 12 ਰਾਜਾਂ ਦੀ ਸਾਂਝੀ ਕੋਸ਼ਿਸ਼ ਦੇ ਹਿੱਸੇ ਵਜੋਂ ਅਧਿਕਾਰੀਆਂ ਨੇ 102 ਗ੍ਰਿਫਤਾਰੀਆਂ ਕੀਤੀਆਂ ਅਤੇ 47 ਪੀੜਤਾਂ ਨੂੰ ਬਚਾਇਆ ਅਤੇ ਜ਼ਿਆਦਾਤਰ ਗ੍ਰਿਫ਼ਤਾਰੀਆਂ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਹੋਈਆਂ ਹਨ। ਅਧਿਕਾਰੀਆਂ ਵੱਲੋਂ ਇਹ ਗ੍ਰਿਫਤਾਰੀਆਂ ਮਹੀਨਿਆਂ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ। “ਆਪਰੇਸ਼ਨ ਯੂਨਾਈਟਿਡ ਫਰੰਟ” ਨਾਮ ਦੀ ਇਸ ਮੁਹਿੰਮ ਨੂੰ ਅਮਰੀਕੀ ਸੂਬਿਆਂ ਮਿਜ਼ੂਰੀ, ਇਲੀਨੋਏ, ਆਇਓਵਾ, ਕੇਂਟਕੀ, ਮਿਨੇਸੋਟਾ, ਨੇਬਰਾਸਕਾ, ਨੌਰਥ ਡਕੋਟਾ, ਓਕਲਾਹੋਮਾ, ਟੈਨੇਸੀ, ਟੈਕਸਾਸ, ਵਿਸਕਾਨਸਿਨ ਅਤੇ ਸਾਊਥ ਡਕੋਟਾ ਵਿੱਚ ਚਲਾਇਆ ਗਿਆ ਸੀ। ਇਸ ਅਪ੍ਰੇਸ਼ਨ ਵਿੱਚ ਫੈਡਰਲ, ਰਾਜ ਅਤੇ ਸਥਾਨਕ ਏਜੰਸੀਆਂ ਦੇ ਅੰਡਰਕਵਰ ਅਧਿਕਾਰੀਆਂ ਨੇ ਤਸਕਰਾਂ ਦੀ ਪਛਾਣ ਕਰਨ ਲਈ ਸੰਭਾਵਿਤ ਪੀੜਤਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਕਈ ਮੌਕਿਆਂ ‘ਤੇ ਤਾਂ ਅਧਿਕਾਰੀ ਖੁਦ ਪੀੜਤਾਂ ਵਜੋਂ ਪੇਸ਼ ਹੋਏ। ਬਚਾਏ ਗਏ 47 ਲੋਕਾਂ ਵਿੱਚੋਂ ਦੋ ਨਾਬਾਲਗ ਸਨ ਅਤੇ ਉਨ੍ਹਾਂ ਨੂੰ ਕੇਂਟਕੀ ਵਿੱਚ ਬਚਾਇਆ ਗਿਆ।