ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰੋਜ਼ਾਨਾ ਦੇ ਕੋਵਿਡ ਮਾਮਲਿਆਂ ਦੇ ਸੰਬੰਧ ਵਿੱਚ ਇੱਥੇ ਇੱਕ ਹਫਤੇ ‘ਚ ਹੀ ਹਜਾਰਾਂ ਕੇਸਾਂ ਨੂੰ ਦਰਜ ਕੀਤਾ ਗਿਆ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਘੰਟਿਆਂ ਵਿੱਚ ਸਕਾਟਲੈਂਡ ‘ਚ 6835 ਨਵੇਂ ਇੱਕ ਦਿਨਾਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਇਸ ਹਫਤੇ ਵਿੱਚ ਮੰਗਲਵਾਰ ਨੂੰ 4323 ਅਤੇ ਬੁੱਧਵਾਰ ਨੂੰ 5021 ਨਵੇਂ ਮਾਮਲੇ ਦਰਜ ਕੀਤੇ ਗਏ। ਇਸਦੇ ਇਲਾਵਾ ਸਟਰਜਨ ਨੇ ਦੱਸਿਆ ਕਿ ਵੀਰਵਾਰ ਤੱਕ ਹਸਪਤਾਲ ਵਿੱਚ 479 ਲੋਕ ਦਾਖਲ ਸਨ, ਜਿਨ੍ਹਾਂ ਵਿੱਚੋਂ 47 ਲੋਕ ਆਈ ਸੀ ਯੂ ਵਿੱਚ ਸਨ ਅਤੇ ਪਿਛਲੇ 24 ਘੰਟਿਆਂ ਦੌਰਾਨ ਕੁੱਲ ਚਾਰ ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਸਟਰਜਨ ਨੇ ਕਿਹਾ ਕਿ ਸਕਾਟਿਸ਼ ਸਰਕਾਰ ਲੋੜ ਪੈਣ ‘ਤੇ ਕੋਵਿਡ ਪਾਬੰਦੀਆਂ ਨੂੰ ਦੁਬਾਰਾ ਲਗਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੀ ਪਰ ਫਿਲਹਾਲ ਤਾਲਾਬੰਦੀ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਸਰਕਾਰ ਅਨੁਸਾਰ ਸਖਤ ਪਾਬੰਦੀਆਂ ਲਗਾਉਣ ਨਾਲ ਨੌਕਰੀਆਂ, ਮਾਨਸਿਕ ਅਤੇ ਸਰੀਰਕ ਸਿਹਤ ਲਈ ਗੰਭੀਰ ਨਤੀਜੇ ਸਾਹਮਣੇ ਆਉਣ ਦੇ ਨਾਲ ਐਨ ਐਚ ਐਸ ‘ਤੇ ਵੀ ਪ੍ਰਭਾਵ ਪੈ ਸਕਦਾ ਹੈ।
