10.2 C
United Kingdom
Saturday, April 19, 2025

More

    ਬਜ਼ੁਰਗ ਤੇ ਬੁੱਢੇ ਵਿੱਚ ਅੰਤਰ

    ਵਿਜੈ ਗਰਗ

    ਬਚਪਨ ਜਵਾਨੀ ਦੀ ਤਰਾ੍ਹਂ ਬੁਢਾਪਾ ਵੀ ਮਨੁੱਖੀ ਜੀਵਨ ਦਾ ਇੱਕ ਅਹਿਮ ਪੜਾਅ ਹੈ।ਬੁਢਾਪਾ, ਜਵਾਨੀ ਤੇ ਬਚਪਨ ਵਿੱਚ ਇੱਕ ਬੁਨਿਆਦੀ ਫ਼ਰਕ ਇਹ ਹੈ ਕਿ ਬਚਪਨ ਤੇ ਜਵਾਨੀ ਤਾਂ ਜੀਵਨ ‘ਚ ਇੱਕ ਵਾਰ ਆਉਂਦੇ ਹਨ ਤੇ ਫਿਰ ਚਲੇ ਜਾਂਦੇ ਹਨ। ਪਰ ਬੁਢਾਪਾ ਜਦੋਂ ਇੱਕ ਵਾਰ ਆ ਜਾਂਦਾ ਹੈ ਫਿਰ ਆਖ਼ਰੀ ਸਾਹ ਤੱਕ ਨਾਲ ਹੀ ਰਹਿੰਦਾ ਹੈ। ਮੋਟੇ ਤੌਰ ਤੇ 60 ਕੁ ਸਾਲ ਆਪਣੀ ਜ਼ਿੰਦਗੀ ਦੀਆਂ ਬਸੰਤ ਰੁੱਤਾਂ ਦੇਖਣ ਵਾਲੇ ਬੰਦੇ ਨੂੰ ਬੁੱਢਾ ਕਲੱਬ ਦੇ ਮੈਂਬਰ ਦੇ ਤੌਰ ਤੇ ਮਾਨਤਾ ਦੇ ਦਿੱਤੀ ਜਾਂਦੀ ਹੈ। ਉਮਰ ਦੇ ਇਸ ਪੜਾਅ ‘ਤੇ ਸਮਾਜ ਸਿਆਣਪ ਦੀ ਉਮੀਦ ਕਰਦਾ ਹੈ। ਉਸ ਨੂੰ ਬਜ਼ੁਰਗ ਦਾ ਖਿਤਾਬ ਦੇ ਦਿੰਦਾ ਹੈ ਪਰ ਉਸ ਸਮੇਂ ਦੁੱਖ ਹੁੰਦਾ ਹੈ ਜਦੋਂ ਦੂਰੋਂ ਲੱਗਦਾ ਹੈ ਕਿ ਬਜ਼ੁਰਗ ਆ ਰਿਹਾ ਹੈ ਪਰ ਜਦੋਂ ਉਹ ਮੂੰਹ ਖੋਲਦਾ ਹੈ ਤਾਂ ਉਹ ਬੁੱਢਾ ਹੀ ਨਿਕਲਦਾ ਹੈ।ਬਜ਼ੁਰਗ ਤੇ ਬੁੱਢੇ ਵਿੱਚ ਅੰਤਰ ਇਹ ਹੁੰਦਾ ਹੈ ਕਿ ਬਜ਼ੁਰਗ ਹਮੇਸ਼ਾਂ ਸਿਆਣਪ ਭਰਪੂਰ ਗੱਲਾਂ ਕਰਦੇ ਹਨ ਜਦੋਂ ਕਿ ਬੁੱਢੇ ਸਿਰਫ ਗੱਲਾਂ ਹੀ ਕਰਦੇ ਹਨ। ਆਧੁਨਿਕ ਸੱਭਿਅਤਾ ‘ਚ ਹਰ ਰਿਸ਼ਤੇ ‘ਚ ਤਰੇੜਾ ਆ ਰਹੀਆਂ ਹਨ। ਅਕਸਰ ਹੀ ਬੁਢਾਪੇ ‘ਚ ਮਾਂ-ਬਾਪ ਆਪਣੇ ਆਪ ਨੂੰ ਅਣਗੋਲਿਆ ਮਹਿਸੂਸ ਕਰਦੇ ਹਨ। ਦੁੱਖ ਦੀ ਗੱਲ ਹੈ ਕਿ ਬੱਚੇ ਆਪਣੇ ਮਾਂ-ਬਾਪ ਨੂੰ ਬ੍ਰਿਧ-ਆਸਰਮਾਂ ‘ਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ਬੁਜ਼ਰਗਾਂ ਨਾਲ ਮੇਰੀ ਦਿਲੋਂ ਹਮਦਰਦੀ ਤੇ ਸਤਿਕਾਰ ਹੈ। ਅਜਿਹਾ ਸਮਾਜਿਕ ਵਰਤਾਰਾਂ ਨਿੰਦਣਯੋਗ ਹੀ ਨਹੀਂ ਸਗੋਂ ਬੇਹੱਦ ਸ਼ਰਮਨਾਕ ਹੈ। ਇਸ ਲਈ ਇਹ ਜਲਦੀ ਤੋਂ ਜਲਦੀ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਬੁਜ਼ਰਗਾਂ ਦੀ ਅਣਦੇਖੀ ਕਰਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਇਹ ਸਮੱਸਿਆਵਾਂ ਦਿਨੋਂ ਦਿਨ ਵਿਕਰਾਲ ਰੂਪ ਕਿਉਂ ਧਾਰਨ ਕਰ ਰਹੀ ਹੈ? ਭਾਂਵੇ ਨਵੀਂ ਪੀੜੀ ‘ਖਾਓ ਪੀਓ ਐਸ ਕਰੋ’ ਦੇ ਸਿਧਾਂਤ ‘ਚ ਗਲਤਾਨ ਹੈ, ਪਦਾਰਥਵਾਦ ਕਦਰਾਂ-ਕੀਮਤਾਂ ‘ਤੇ ਭਾਰੂ ਪੈ ਰਿਹਾ ਹੈ। ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਮੇਸ਼ਾਂ ਬੱਚੇ ਹੀ ਗ਼ਲਤ ਹੁੰਦੇ ਹਨ।ਬਹੁਤ ਵਾਰ ਮਾਂ-ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ। ਆਪਣੀ ਜਗਿਆਸੂ ਆਲੋਚਨਾਤਮਿਕ ਅਤੇ ਅਨੇਲੇਟਿਕ ਪ੍ਰਵਿਰਤੀ ਨਾਲ ਸਮਾਜ ਵਿੱਚ ਵਿਚਰਦੇ ਹੋਏ  ਇਸਦੇ ਕਾਰਨਾਂ ਦੀ ਘੋਖ ਕਰਨ ‘ਤੇ ਮੁੱਖ ਰੂਪ ‘ਚ ਜਿਹੜੀਆਂ ਗੱਲਾਂ ਸਾਹਮਣੇ ਆਈਆ, ਉਹਨਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ।

    ਸਮੱਸਿਆਵਾਂ ਤੇ ਕਾਰਨ 

    ਜ਼ਿਆਦਾਤਰ ਬਜ਼ੁਰਗਾਂ ਨੂੰ ਉਹਨ੍ਹਾਂ ਦੇ ਮਾਂ-ਬਾਪ ਨੇ ਤਾੜ੍ਹ ਕੇ ਰੱਖਿਆਂ ਹੁੰਦਾ ਹੈ ਤੇ ਉਨ੍ਹਾ ਨੇ ਆਪਣੀ ਜ਼ਿੰਦਗੀ ‘ਚ ਸਖ਼ਤ ਮਿਹਨਤ ਕੀਤੀ ਹੁੰਦੀ ਹੈ। ਇਸ ਲਈ ਹੁਣ ਉਹ ਵੀ ਆਪਣੀ ਔਲਾਦ ਨੂੰ ਤਾੜ੍ਹ ਕੇ ਰੱਖਣਾ ਚਾਹੁੰਦੇ ਹਨ। ਪਰ ਉੱਚ ਸਿੱਖਿਆ ਪ੍ਰਾਪਤ ਕਰ ਚੁੱਕੇ ਬੱਚੇ ਦਲੀਲ ਨਾਲ ਗੱਲ ਤੇ ਦਿਮਾਗ਼ ਨਾਲ ਕੰਪਿਊਟਰ ‘ਤੇ ਹੀ ਬਹੁਤ ਸਾਰੇ ਕੰਮ ਕਰ ਜਾਂਦੇ ਹਨ।ਮਸ਼ੀਨੀਕਰਨ ਦੇ ਯੁੱਗ ‘ਚ ਨਵੀਂ ਪੀੜ੍ਹੀ ਟੋਕਾ-ਟਾਕੀ ਬਰਦਾਸਤ ਨਹੀਂ ਕਰਦੀ ਜਦੋਂ ਕਿ ਪੁਰਾਣੀ ਪੀੜੀ ਆਪਣਾ ਤਜ਼ਰਬਾ ਤੇ ਗਿਆਨ ਉਨ੍ਹਾਂ ‘ਤੇ ਥੋਪਣਾ ਚਾਹੁੰਦੀ ਹੈ।     

    ਵਿਆਹ ਮਗਰੋਂ ਜਦੋਂ ਮਾਂ-ਬਾਪ ਆਪਣੀ ਨੂੰਹ ਨੂੰ ਸਿਰਫ਼ ਇੱਕ ਪੱਕਾ ਸੇਵਾਦਾਰ ਹੀ ਸਮਝਣ ਲੱਗਦੇ ਹਨ ਤਾਂ ਇੱਥੋਂ ਹੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।ਜਿਸ ਲੜਕੀ ਨੇ ਮੰਗਣੇ ਦੌਰਾਨ ਹੁੰਦੀ ਸੌਦੇਬਾਜ਼ੀ ਸਮੇਂ ਆਪਣੇ ਪਿਤਾ ਨੂੰ ਦੁੱਖੀ ਹੁੰਦੇ ਦੇਖਿਆ ਹੋਵੇ। ਉਸ ਤੋਂ ਦਿਲੀ ਸਤਿਕਾਰ ਦੀ ਉਮੀਦ ਕਰਨਾ ਵੀ ਮੂਰਖਤਾ ਹੀ ਹੈ। ਇਸ ਸਥਿਤੀ ‘ਚ ਹਰ ਐਕਸ਼ਨ ‘ਤੇ ਰਿਐਕਸ਼ਨ ਫਿਰ ਰਿਐਕਸ਼ਨ ‘ਤੇ ਐਕਸ਼ਨ ਹੁੰਦਾ ਹੈ। ਰਿਐਕਸ਼ਨ , ਐਕਸ਼ਨ ਦੇ ਇਸ ਕੁਚੱਕਰ ‘ਚ ਰਿਸ਼ਤੇ ਕੜਵਾਹਟ ਦੀ ਭੇਂਟ ਚੜਨ ਲੱਗਦੇ ਹਨ।       

    ਬੇਟੇ ਦੀ ਸ਼ਾਦੀ ਹੋਣ ਤੇ ਆਪਣੀ ਨੂੰਹ ਨੂੰ ਧੀ ਹੀ ਸਮਝਣਾ ਚਾਹੀਦਾ ਹੈ। ਕਿਉਂਕਿ ਉਹ ਤਾਂ ਵਿਆਹ ਸਮੇਂ ਹੀ ਆਪਣਾ ਘਰ ਬਾਰ ਤੇ ਮਾਂ-ਬਾਪ ਛੱਡ ਕੇ ਤੁਹਾਡੇ ਘਰ ਆ ਜਾਂਦੀ ਹੈ।ਹੁਣ ਤੁਸੀਂ ਹੀ ਉਸ ਦੇ ਮਾਂ-ਬਾਪ ਹੋਂ।ਇਹ ਤੁਹਾਡੇ ‘ਤੇ ਨਿਰਭਰ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੀ ਇਨਪੁਟ ਦੇ ਰਹੇ ਹੋਂ।ਜਿਸ ਤਰ੍ਹਾਂ ਦੀ ਇਨਪੁਟ ਦਿਉਂਗੇ ਉਸੇ ਤਰ੍ਹਾਂ ਦੀ ਆਉਟਪੁਟ ਮਿਲੇਗੀ।ਚੰਗੀਆਂ ਕਦਰਾਂ-ਕੀਮਤਾਂ ਨਾਲ ਵਿਵਹਾਰ ਕਰੋਗੇ ਤਾਂ ਬਦਲੇ ‘ਚ  ਇੱਜ਼ਤ ਮਿਲੇਗੀ।ਜੇ ਕਿਸੇ ਨੂੰ ਜ਼ਬਰਦਸਤੀ ਦਬਾਓਗੇ ਤਾਂ ਇਕ ਸਥਿਤੀ ਤੋਂ ਬਾਅਦ ਉਹ ਟੁੱਟੇਗੀ ਜਾਂ ਉਨ੍ਹੀ ਸ਼ਕਤੀ ਨਾਲ ਹੀ ਵਾਪਿਸ ਉਛਲੇਗੀ।ਇਸ ਸਾਇੰਸ ਦੇ ਸਿਧਾਂਤ ਤੋਂ ਅਸੀਂ ਇਨਕਾਰ ਨਹੀ ਕਰ ਸਕਦੇ। ਅਕਸਰ ਹੀ ਮਾਂ-ਬਾਪ ਨੂੰ ਵਿਆਹ ਮਗਰੋਂ ਬੇਟੇ ਦੇ ਵਿਵਹਾਰ ‘ਚ ਬਦਲਾਅ ਦੀ ਸ਼ਿਕਾਇਤ ਰਹਿੰਦੀ ਹੈ। ਮਾਂ-ਬਾਪ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੇਟਾ ਭੋਲਾ ਹੈ ਤੇ ਨੂਹ ਚਲਾਕ ਇਸ ਕਰਕੇ ਉਹ ਘਰਵਾਲੀ ਦਾ ਹੀ ਗੁਲਾਮ ਬਣ ਗਿਆ ਹੈ। ਜਦੋ ਕਿ ਹਮੇਸ਼ਾ ਇਹ ਅਸਲੀਅਤ ਨਹੀਂ ਹੁੰਦੀ। ਮਾਂ-ਬਾਪ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਬੇਟਾ ਕਿਸੇ ਦਾ ਪਤੀ ਵੀ ਹੈ। ਅੱਜਕਲ ਪੜ੍ਹੇ-ਲਿਖੇ ਲੜਕੇ ਜੇਕਰ ਕੰਮ ਕਾਰ ‘ਚ ਆਪਣੀ ਪਤਨੀ ਦੀ ਮੱਦਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ‘ਜ਼ੋਰੂ ਦੇ ਗੁਲਾਮ’ ਨਹੀਂ ਕਹਿ ਸਕਦੇ ਕਿਉਂਕਿ ਅਨੇਕਾਂ ਹੀ ਅਜਿਹੇ ਕੰਮ ਜੋ ਪਤੀ ਦੇ ਹਿੱਸੇ ਦੇ ਹੁੰਦੇ ਹਨ ਪਤਨੀ ਕਰ ਦਿੰਦੀ ਹੈ।ਆਪਸੀ ਸਹਿਯੋਗ ਨਾਲ ਹੀ ਗ੍ਰਹਿਸਥੀ ਜੀਵਨ ਦਾ ਰਥ ਅੱਗੇ ਵਧ ਸਕਦਾ ਹੈ।ਕਈ ਬਜ਼ੁਰਗਾਂ ਨੂੰ ਨਵੀਂ ਨੂੰਹ ਆਉਣ ਤੇ ਪਹਿਲਾ ਆਈ ਵੱਡੀ  ਨੂੰਹ ‘ਚ ਅਨੇਕਾਂ ਕਮੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ ਉਹ ਭੁੱਲ ਜਾਂਦੇ ਹਨ ਕਿ ਹੁਣ ਤੱਕ ਕੋਣ ਉਹਨਾਂ ਦੀ ਸੇਵਾ ਕਰਦਾ ਰਿਹਾ ਹੈ। ਨਵਾਂ ਮੈਂਬਰ ਪਰਿਵਾਰ ‘ਚ ਸੈਟ ਹੋਣ ਲਈ ਕਈ ਵਾਰ ਬਜ਼ੁਰਗਾਂ ਦੀ ਕੋਈ ਵੀ ਗੱਲ ਨਹੀਂ ਕੱਟਦਾ।ਪਰ ਸਾਲ ਕੁ ਬਾਅਦ ਜਦੋਂ ਉਹ ਆਪਣਾ ਰੰਗ ਵਿਖਾਉਣ ਲੱਗਦੀ ਹੈ ਤਾਂ ਲੱਗਦਾ ਹੈ ਕਿ ਹੁਣ ਉਹ ਜਿਆਦਾ ਬੋਲਣ ਲੱਗ ਗਈ ਹੈ!       

    ਜਿਹੜੇ ਬਾਪ ‘ਸ਼ਕਤੀ ਵਾਟਰ’ ਪੀ ਕੇ ਸ਼ਾਮ ਨੂੰ ਆਪਣੀ ਅਕਲ ਦੀ ਮੁਨਿਆਦੀ ਕਰਦੇ ਹਨ, ਉਨਾ੍ਹਂ ਦੀ ਔਲਾਦ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ ਕਿਉਂਕਿ ਜੇਕਰ ਔਲਾਦ ਆਪਣੇ ਬਾਪ ਨੂੰ ਸਖ਼ਤੀ ਨਾਲ ਰੋਕਦੀ ਹੈ ਤਾਂ ਸ਼ਰੀਕੇ ਵਿੱਚ ਉਹਨਾ੍ਹਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ  ਤੇ ਜੇ ਉਹ ਨਹੀਂ ਰੋਕਦੇ ਤਾਂ ਸਾਰੇ ਪਰਿਵਾਰ ਨੂੰ ਹੀ ਸਮਾਜ ‘ਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।            

    ਘਰ ਆਏ ਮਹਿਮਾਨ ਵੱਲੋਂ ਹਾਲ-ਚਾਲ ਪੁੱਛਣ ‘ਤੇ ਕਈ ਵਾਰ ਬਜ਼ੁਰਗ ਜਦੋਂ ਲੰਮਾ ਜਿਹਾ ਹੋਂਕਾ ਲੈ ਕੇ ਕਹੇ, ”ਬਸ ਠੀਕ ਹੀ ਆ”। ਲਹਿਜੇ ਤੋਂ ਹੀ ਮਹਿਮਾਨ ਸਭ ਸਮਝ ਜਾਂਦਾ ਹੈ ਤੇ ਦੁੱਖ ਵੰਡਾਉਣ ਲਈ ਤਤਪਰ ਹੋ ਜਾਂਦਾ ਹੈ। ਮੌਕਾ ਮਿਲਣ ‘ਤੇ ਬਜ਼ੁਰਗ ਆਪਣੇ ਮਨ ਦੇ ਭਾਵਾਂ ਨੂੰ ਮਹਿਮਾਨ ਅੱਗੇ ਢੋਲ ‘ਚੋਂ ਨਿਕਲੀ ਕਣਕ ਵਾਂਗ ਢੇਰੀ ਕਰ ਦਿੰਦਾ ਹੈ। ਫਿਰ ਇਹ ਖਾਸ ਮਹਿਮਾਨ ਸਾਰੇ ਰਿਸ਼ਤੇਦਾਰਾਂ ਵਿੱਚ ਮੁਨਿਆਦੀ ਕਰਕੇ ਬਜ਼ੁਰਗ ਅਤੇ ਉਸ ਦੇ ਬੱਚਿਆ ਦਾ ‘ਦੁੱਖ’ ਵੰਡਾਉਂਦਾ ਹੈ। ਅਗਲੇ ਕੁੱਝ ਦਿਨਾਂ ‘ਚ ਹਾਲਾਤ ਸੁਧਰ ਕੇ ਘਰ ਦਾ ਮਾਹੌਲ ਤਾਂ ਆਮ ਵਰਗਾ ਹੋ ਜਾਂਦਾ ਹੈ ਪਰ ਸਾਰੇ ਰਿਸ਼ਤੇਦਾਰਾਂ ਵਿੱਚ ਬੱਚਿਆਂ ਦੇ ਅਕਸ਼ ਨੂੰ ਜੋ ਢਾਹ ਲੱਗ ਜਾਂਦੀ ਹੈ ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।ਇਸ ਲਈ ਰਿਸ਼ਤੇਦਾਰਾਂ ਕੋਲ਼ ਆਪਣੇ ਬੱਚਿਆਂ ਦੀ ਬੁਰਾਈ ਨਾ ਕਰੋ ਸਗੋ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਮਾਣ ਮਹਿਸੂਸ ਕਰੋ, ਕਿਉਂਕਿ ਜੋ ਕੁੱਝ ਤੁਹਾਡੇ ਬੱਚੇ ਤੁਹਾਡੇ ਲਈ ਕਰ ਸਕਦੇ ਹਨ ਉਹ ਰਿਸ਼ਤੇਦਾਰ ਨਹੀਂ ਕਰ ਸਕਦੇ।ਦੂਜਿਆਂ ਨੂੰ ਇੱਕ ਲਾਈਨ ‘ਚ ਦੋ ਵਾਰ ਪੁੱਤ-ਪੁੱਤ ਕਹਿ ਕੇ ਬੁਲਾਉਣਾ ਤੇ ਆਪਣੇ ਪੁੱਤਾਂ ਨੂੰ ਹਮੇਸ਼ਾ ਰੋਅਬ ਨਾਲ ਬੁਲਾਉਣਾ ਕੋਈ ਜ਼ਿਆਦਾ ਚੰਗੀ ਗੱਲ ਨਹੀਂ। 

    ਘਰ ਦੇ ਮਹੌਲ ਨੂੰ ਖੁਸ਼ਗਵਾਰ ਰੱਖਣ ਲਈ ਬਜ਼ੁਰਗਾਂ ਨੂੰ ਵੀ ਅੱਗੇ ਦਿੱਤੀਆਂ ਗੱਲਾ ਧਿਆਨ ‘ਚ ਰੱਖਣੀਆਂ ਚਾਹੀਦੀਆਂ ਹਨ

    ਛੋਟੇ ਬੱਚਿਆਂ ਨਾਲ ਸਮਾਂ ਗੁਜਾਰੋ।ਉਨਾ੍ਹਂ ਨੂੰ ਬਾਹਰ ਘੁੰਮਣ ਲਈ ਲੈ ਜਾਓ। ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਬੱਚਿਆਂ ਨੂੰ ਕਦੇ-ਕਦੇ ਕੁੱਝ ਖਾਣ ਲਈ ਲੈ ਕੇ ਦਿੰਦੇ ਰਹੋ।ਇਸ ਤਰਾ੍ਹਂ ਤੁਹਾਡਾ ਸਮਾਂ ਚੰਗਾ ਬਤੀਤ ਹੋਵੇਗਾ ਤੇ ਬੱਚੇ ਵੀ ਤੁਹਾਨੂੰ ਹੋਰ ਪਿਆਰ ਕਰਨਗੇ।ਮੇਰਾ ਇਕ ਸਰਪੰਚ ਦੋਸਤ ਆਪਣੀ ਨੂੰਹ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਦੇ ਘਰ ਆਉਣ ‘ਤੇ ਉਨ੍ਹਾਂ ਦੀ ਇੱਜ਼ਤ ਹੀ ਨਹੀ ਕਰਦਾ ਸਗੋਂ ਆਪਣੀ ਨੂੰਹ ਬਾਰੇ ਜਦੋਂ ਹੋਰਾਂ ਨੂੰ ਦੱਸਦਾ ਹੈ ਤਾਂ ਕਹਿੰਦਾ ਹੈ, ”ਹੋਰਾਂ ਦੇ ਘਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਕਿਸਮਤ ਵਾਲੀ ਕੁੜ੍ਹੀ ਤਾਂ ਸਾਡੇ ਘਰ ਆ ਗਈ ਹੈ” ਨਤੀਜ਼ੇ ਵਜੋਂ ਉਸ ਦੀ ਨੂੰਹ ਦਿਲੋਂ ਸਤਿਕਾਰ ਕਰਦੀ ਹੈ। ਹਮਦਰਦੀ, ਸਤਿਕਾਰ, ਪਿਆਰ, ਨਿਮਰਤਾ ਆਦਿ ਅਜਿਹੇ ਭਾਵ ਹਨ ਜਿਨ੍ਹਾਂ ਨਾਲ ਕਿਸੇ ਦਾ ਵੀ ਆਸਾਨੀ ਨਾਲ ਦਿਲ ਜਿੱਤਿਆ ਜਾ ਸਕਦਾ ਹੈ।ਪੜ੍ਹ-ਲਿਖ ਕੇ ਰੁਜਗਾਰ ਲਈ ਥਾਂ-ਥਾਂ ਧੱਕੇ ਖਾ ਕੇ ਨਿਰਾਸ਼ ਹੋ ਚੁੱਕੇ ਬੱਚਿਆਂ ਦਾ ਮਨੋਬਲ ਵਧਾਉਣ ਲਈ ਵੱਡਿਆ ਦੀ ਹਮਦਰਦੀ ਇਕ ਕਾਰਗਰ ਟੋਨਿਕ ਸਾਬਿਤ ਹੋ ਸਕਦੀ ਹੈ। ਵੱਡੀ ਉਮਰ ‘ਚ  ਗੋਡੇ, ਢੂਹੀ, ਸਿਰ, ਲੱਤਾਂ-ਬਾਹਾਂ ‘ਚ ਦਰਦ ਹੋਣਾ ਆਮ ਸਮੱਸਿਆਵਾਂ ਹਨ। ਸਵੇਰੇ ਉੱਠਣ ਸਾਰ ਹੀ ਗੋਡੇ ਜਾਂ ਮੋਢੇ ਦੇ ਦਰਦ ਦੀ ਸ਼ਿਕਾਇਤ ਕਰਕੇ ਸੁਹਾਵਣੀ ਸਵੇਰ ਦੀ ਬੇਕਦਰੀ ਨਾ ਕਰੋ ਸਗੋ ਮਨ ਵਿੱਚ ਧੰਨਵਾਦੀ ਭਾਵ ਲਿਆਓ ਕਿਉਂਕਿ ਤੁਹਾਨੂੰ ਜ਼ਿਦੰਗੀ ਜਿਉਣ ਲਈ ਇੱਕ ਹੋਰ ਖ਼ੁਬਸੂਰਤ ਦਿਨ ਨਸੀਬ ਹੋਇਆ ਹੈ। ਜਿਵੇਂ ਕੁਦਰਤ ਦਾ ਨਿਯਮ ਹੈ ਕਿ ਕੱਚੇ ਫ਼ਲ ਨੇ ਸਮੇਂ ਦੇ ਬੀਤਣ ਨਾਲ ਪੱਕ ਕੇ ਦਰਖ਼ਤ ਤੋ ਅਲੱਗ ਹੋਣਾ ਹੁੰਦਾ ਹੈ। ਉਸੇ ਤਰਾ੍ਹਂ ਮਨੁੱਖੀ ਸਰੀਰ ਨੇ ਆਪਣੀ ਬਚਪਨ, ਜਵਾਨੀ ਤੇ ਬੁਢਾਪੇ ਆਦਿ ਪੜਾਵਾਂ ‘ਚ ਲੰਘ ਕੇ ਅੰਤ ਮਿੱਟੀ ‘ਚ ਮਲੀਨ ਹੋਣਾ ਹੁੰਦਾ ਹੈ।ਇਹੀ ਕੁਦਰਤ ਦਾ ਨਿਯਮ ਹੈ।ਜਦੋਂ ਮੌਤ ਇੱਕ ਅਟੱਲ ਸੱਚਾਈ ਹੈ ਫਿਰ ਇਸ ਤੋਂ ਡਰ ਕਾਹਦਾ? ਹਾਂ! ਜਿੱਥੋ ਤੱਕ ਸਰੀਰਕ ਸਮੱਸਿਆਵਾਂ ਦੀ ਗੱਲ ਹੈ ਇਸ ਉਮਰ ‘ਚ ਆਪਣੇ ਖਾਣ ਪੀਣ ਤੇ ਸੰਯਮ ਤੇ ਪਰਹੇਜ਼ ਰੱਖਣਾ ਚਾਹੀਦਾ ਹੈ। ਸਰੀਰਕ ਸਮਰੱਥਾ ਅਨੁਸਾਰ ਛੋਟੇ-ਮੋਟੇ ਕੰਮ ਕਰਕੇ ਆਪਣੇ ਆਪ ਨੂੰ ਮਸਰੂਫ਼ ਰੱਖਣਾ ਚਾਹੀਦਾ ਹੈ। ਹਲਕਾ ਭੋਜਨ ਖਾਣਾ ਚਾਹੀਦਾ ਹੈ। ਸਰੀਰਕ ਗਤੀਸ਼ੀਲਤਾ ਘੱਟ ਹੋਣ ਕਰਕੇ ਕੈਲੋਰੀ ਦੀ ਖਪਤ ਘੱਟ ਹੁੰਦੀ ਹੈ। ਇਸ ਲਈ ਮਸਾਲੇਦਾਰ ਚਟਪਟਾ ਤੇ ਤਲੇ ਹੋਏ ਖਾਣੇ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।ਜੇਕਰ ਤੁਸੀਂ ਸੰਯਕਤ ਪਰਿਵਾਰ ਦੇ ਮੁੱਖੀ ਹੋਂ ਤਾਂ ਸਾਰਿਆਂ ਨੂੰ ਹੀ ਪਿਆਰ ਕਰੋ ਪਰ ਜੇਕਰ ਕੋਈ ਪੁੱਤਰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਕੰਮ ਕਰਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਜ਼ਰੂਰ ਕਰੋ।     

    ਮਾਂ-ਬਾਪ ਦੀ ਸੇਵਾ ਕਰਨਾ ਬੱਚਿਆਂ ਦੀ ਸਮਾਜਿਕ ਜਿੰਮੇਵਾਰੀ ਹੀ ਨਹੀਂ ਸਗੋਂ ਨੈਤਿਕ ਫ਼ਰਜ਼ ਵੀ ਹੈ।ਮਾਂ-ਬਾਪ ਨਾਲ ਨਿਮਰਤਾ ਨਾਲ ਗੱਲ ਕਰੋ, ਉਨਾ੍ਹਂ ਦੀ ਗੱਲ ਧੀਰਜ ਨਾਲ ਸੁਣੋ ਜੇ ਤੁਸੀਂ ਉਨਾ੍ਹਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਵੀ ਉਸੇ ਤਰਾ੍ਹਂ ਸਹਿਣਸ਼ੀਲਤਾ ਦਿਖਾਓ, ਜਿਵੇਂ ਬਾਹਰ ਹੋਰ ਲੋਕਾਂ ਨਾਲ ਦਿਖਾਉਂਦੇ ਹੋ। ਭਾਵੇਂ ਤੁਸੀਂ ਮਜ਼ਦੂਰ ਹੋ ਜਾਂ ਮੈਨੇਜਰ ਆਪਣੇ ਮਾਲਕ ਜਾਂ ਬੋਸ ਦੀ ਡਾਂਟ ਤਾਂ ਤੁਸੀਂ ਚੁੱਪ-ਚਾਪ ਸਹਿਣ ਕਰ ਲੈਂਦੇ ਹੋ ਜਿਨਾ੍ਹਂ ਨੇ ਤੁਹਾਨੂੰ ਮਹੀਨੇ ਦਾ ਸਿਰਫ਼ ਪੰਜ ਜਾਂ ਪੰਜਾਹ ਹਜ਼ਾਰ ਹੀ ਦੇਣਾ ਹੈ, ਪਰ ਉਹ ਮਾਂ-ਬਾਪ ਜਿਨਾ੍ਹਂ ਨੇ ਤੁਹਾਨੂੰ ਪਾਲ-ਪੋਸ਼ ਕੇ ਆਪਣੀ ਜ਼ਿੰਦਗੀ ਦੀ ਲੱਖਾਂ-ਕਰੋੜਾਂ ਦੀ ਸਾਰੀ ਪੂੰਜੀ ਤੇ ਜਾਇਦਾਦ ਦੇਣੀ ਹੈ।ਉਨਾ੍ਹਂ ਦੀਆਂ ਗੱਲਾਂ ਤੁਹਾਨੂੰ ਬੁਰੀਆਂ ਲੱਗਦੀਆਂ ਹਨ ਤੇ ਤੁਹਾਡੀ ਜ਼ੁਬਾਨ ਕੈਂਚੀ ਦੀ ਤਰਾ੍ਹਂ ਚੱਲਣ ਲੱਗਦੀ ਹੈ। ਇਹ ਸ਼ਰਮਨਾਕ ਕਾਰਾ ਨਹੀਂ ਤਾਂ ਹੋਰ ਕੀ ਹੈ? ਤੋਤਲੀਆਂ ਆਵਾਜ਼ਾਂ ਕੱਢਣ ਵਾਲੇ ਬੱਚਿਆਂ ਨੂੰ ਮਾਂ-ਬਾਪ ਹੀ ਬੋਲਣਾ ਸਿਖਾਉਦੇਂ ਹਨ।ਉਹੀ ਤੋਤਲੀਆਂ ਆਵਾਜ਼ਾਂ ਕੱਡਣ ਵਾਲੇ ਬੱਚੇ ਜਦੋਂ ਵੱਡੇ ਹੋ ਕੇ ਮਾਂ-ਬਾਪ ਨਾਲ ਬਹਿਸ ਕਰਨ ਲੱਗ ਜਾਂਦੇ ਹਨ ਤਾਂ ਸਥਿਤੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਯਾਦ ਰੱਖੋ ਕਿ ਤੁਸੀਂ ਮਾਂ-ਬਾਪ ਦੀ ਬਦੋਲਤ ਹੀ ਚੰਗੇ ਪੜ੍ਹੇ-ਲਿਖੇ ਹੋਂ ਤੇ ਜਿੱਥੋਂ ਤੱਕ ਜੀਵਨ ਜਾਂਚ ਦਾ ਸਬੰਧ ਹੈ ਤੁਸੀਂ ਜੀਵਨ ਭਰ ਉਨਾ੍ਹਂ ਤੋਂ ਪਿੱਛੇ ਹੀ ਰਹੋਂਗੇ।ਕਿਉਂਕਿ ਮਾਂ-ਬਾਪ ਜੀਵਨ ਜਾਂਚ ਵਿੱਚ ਪੀ.ਐਚ.ਡੀ. ਹੁੰਦੇ ਹਨ।         

    ਮੁੱਕਦੀ ਗੱਲ ਇਹ ਹੈ ਕਿ ਬੁਜ਼ਰਗਾ ਅਤੇ ਬੱਚਿਆਂ ਦੇ ਵਿਚਾਰ ਨਦੀ ਦੇ ਦੋ ਕਿਨਾਰਿਆਂ ਵਾਂਗ ਮਿਲ ਨਹੀਂ ਸਕਦੇ। ਇਹ ਨਵੀਂ ਪੀੜੀ ਅਤੇ ਪੁਰਾਣੀ ਪੀੜੀ ਦੇ ਵਿਚਾਰਾਂ ਦਾ ਵਖਰੇਵਾਂ ਸਦੀਆਂ ਤੋਂ ਰਿਹਾ ਹੈ ਤੇ ਹਮੇਸ਼ਾ ਹੀ ਰਹੇਗਾ, ਭਾਵੇਂ ਵਿਚਾਰਾਂ ਦੇ ਇਸ ਵਖਰੇਵੇਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ ਪਰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਲਈ ਬਜ਼ੁਰਗਾਂ ਨੂੰ ਆਪਣੇ ਖਾਣ ਤੇ ਬੋਲਣ ਉੱਤੇ ਸੰਯਮ ਰੱਖ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਮਾਂ-ਬਾਪ ਤੋਂ ਜ਼ਿਆਦਾ ਚਲਾਕ ਜਾਂ ਚਤਰ ਨਾ ਸਮਝੋ ।ਜਿੱਥੇ ਤੁਸੀਂ ਅੱਜ ਫਿਰ ਰਹੇ ਹੋ ਉਹ ਬਹੁਤ ਚਿਰ ਪਹਿਲਾ ਇਸ ਦੌਰ ‘ਚੋ ਗੁਜ਼ਰ ਚੁੱਕੇ ਹਨ। ਉਪਰੋਕਤ ਗੱਲਾਂ ਨੂੰ ਦਿਮਾਗ਼ ‘ਚ ਰੱਖ ਕੇ ਇਸ ਧਰਤੀ ‘ਤੇ ਹੀ ਸਵਰਗ ਦੀ ਮੌਜ ਦਾ ਅਹਿਸਾਸ ਕੀਤਾ ਜਾ ਸਕਦਾ ਹੈ

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!