ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਇੰਗਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਿਤ ਆਰ ਨੰਬਰ ਵਿੱਚ ਹਫਤੇ ਦੌਰਾਨ 0.9 ਅਤੇ 1.2 ਦੇ ਵਿਚਕਾਰ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਹਫਤੇ ਦੇ 0.8 ਤੋਂ 1.0 ਦੇ ਮੁਕਾਬਲੇ ਸ਼ੁੱਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਇੰਗਲੈਂਡ ਵਿੱਚ ਕੋਰੋਨਾ ਵਾਇਰਸ ਆਰ ਦਰ 0.9 ਅਤੇ 1.2 ਦੇ ਵਿਚਕਾਰ ਵਧਣ ਦਾ ਅਨੁਮਾਨ ਹੈ। ਇਸਦਾ ਅਰਥ ਇਹ ਹੈ ਕਿ ਕੋਵਿਡ -19 ਵਾਲੇ ਹਰ 10 ਲੋਕ, ਔਸਤਨ 9 ਅਤੇ 12 ਹੋਰਾਂ ਨੂੰ ਸੰਕਰਮਿਤ ਕਰਨਗੇ। ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓ ਐਨ ਐਸ) ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇੰਗਲੈਂਡ ਦੇ ਨਿੱਜੀ ਘਰਾਂ ਵਿੱਚ 80 ਵਿੱਚੋਂ ਇੱਕ ਵਿਅਕਤੀ ਨੂੰ 14 ਅਗਸਤ ਤੱਕ ਦੇ ਹਫਤੇ ਵਿੱਚ ਕੋਰੋਨਾ ਸੀ। ਅੰਕੜਿਆਂ ਅਨੁਸਾਰ ਜੁਲਾਈ ਦੇ ਅੱਧ ਤੋਂ ਲਗਾਤਾਰ ਗਿਰਾਵਟ ਦੇ ਬਾਅਦ ਯੂਕੇ ਵਿੱਚ ਕੋਰੋਨਾ ਵਾਇਰਸ ਦੇ ਕੇਸ ਅਗਸਤ ਦੇ ਅਰੰਭ ਤੋਂ ਇੱਕ ਵਾਰ ਫਿਰ ਵੱਧ ਰਹੇ ਹਨ। ਸੱਤ ਦਿਨਾਂ ਦੀ ਔਸਤ ਅਨੁਸਾਰ ਪਿਛਲੇ ਹਫਤੇ ਦੇ ਮੁਕਾਬਲੇ ਕੇਸਾਂ ਵਿੱਚ 7.8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
