ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ ਅਤੇ ਸਿਹਤ ਮਾਹਿਰਾਂ ਅਨੁਸਾਰ ਕੋਰੋਨਾ ਟੀਕਿਆਂ ਨੇ ਵਾਇਰਸ ਦੀ ਲਾਗ ਦੇ ਜਿਆਦਾਤਰ ਮਾਮਲਿਆਂ ਨੂੰ ਰੋਕਿਆ ਹੈ। ਇਸ ਸਬੰਧੀ ਆਕਸਫੋਰਡ ਯੂਨੀਵਰਸਿਟੀ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੋਵਿਡ ਟੀਕੇ ਵਾਇਰਸ ਦੇ ਡੈਲਟਾ ਰੂਪ ਸਮੇਤ ਤਿੰਨ ਚੌਥਾਈ ਕੇਸਾਂ ਪ੍ਰਤੀ ਫਾਇਦੇਮੰਦ ਹਨ। ਯੂਨੀਵਰਸਿਟੀ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਡੈਲਟਾ ਵੈਰੀਐਂਟ ਦੇ ਬਾਵਜੂਦ ਫਾਈਜ਼ਰ ਜਾਂ ਐਸਟਰਾਜ਼ੇਨੇਕਾ ਵੈਕਸੀਨ ਦੀਆਂ ਦੋ ਖੁਰਾਕਾਂ ਅਜੇ ਵੀ ਬਹੁਤ ਪ੍ਰਭਾਵਸ਼ਾਲੀ ਹਨ। ਜਦਕਿ ਪਹਿਲਾਂ ਸਿਹਤ ਮਾਹਿਰਾਂ ਨੂੰ ਡਰ ਸੀ ਕਿ ਕੋਰੋਨਾ ਟੀਕੇ ਡੈਲਟਾ ਵੇਰੀਐਂਟ ਦੇ ਵਿਰੁੱਧ ਕੰਮ ਨਹੀਂ ਕਰਨਗੇ। ਹਾਲਾਂਕਿ ਮਾਹਿਰਾਂ ਅਨੁਸਾਰ ਡੈਲਟਾ ਖਿਲਾਫ ਟੀਕਿਆਂ ਦੀ ਸੁਰੱਖਿਆ ਵਾਇਰਸ ਦੇ ਅਲਫਾ ਵੈਰੀਐਂਟ ਦੇ ਮੁਕਾਬਲੇ ਘੱਟ ਹੈ, ਜਿਸ ਲਈ ਵੈਕਸੀਨ ਦੀ ਇੱਕ ਖੁਰਾਕ ਅਜੇ ਵੀ ਅੱਧੇ ਮਾਮਲਿਆਂ ਨੂੰ ਰੋਕਦੀ ਹੈ ਅਤੇ ਦੂਜੀ ਖੁਰਾਕ ਤੋਂ ਬਾਅਦ 70 ਤੋਂ 80 ਪ੍ਰਤੀਸ਼ਤ ਤੱਕ ਵੱਧ ਜਾਂਦੀ ਹੈ। ਆਕਸਫੋਰਡ ਦੀ ਪ੍ਰੋਫੈਸਰ ਸਾਰਾਹ ਵਾਕਰ ਅਨੁਸਾਰ ਦੋਵੇਂ ਟੀਕੇ ਅਜੇ ਵੀ ਡੈਲਟਾ ਦੇ ਵਿਰੁੱਧ ਬਹੁਤ ਵਧੀਆ ਰਿਜ਼ਲਟ ਦੇ ਰਹੇ ਹਨ।
