ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਦੀ ਮਾਲ ਰੋਡ ਤੇ ਸਥਿੱਤ ਲੜਕੀਆਂ ਦੇ ਸਰਕਾਰੀ ਸਕੂਲ ਪਿਛਵਾੜੇ ਭਾਨਾ ਮੱਲ ਟਰੱਸਟ ਤੋ ਸਾਹਮਣੇ ਵਾਲੀ ਸੜਕ ਤੇ ਨਗਰ ਨਿਗਮ ਬਠਿੰਡਾ ਵੱਲੋਂ 50 ਤੋਂ 100 ਸਾਲ ਪੁਰਾਣੇ ਰੁੱਖਾਂ ਤੇ ਕੁਹਾੜਾ ਚਲਾਉਣ ਦੀ ਤਿਆਰੀ ਵਿੱਢ ਦਿੱਤੀ ਹੈ। ਇਹ ਹਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਦਾ ਹੈ ਜੋ ਖੁਦ ਸ਼ਹਿਰ ’ਚ ਹਰੀ ਪੱਟੀ ਵਧਾਉਣ ਦੀ ਅਕਸਰ ਵਕਾਲਤ ਕਰਿਆ ਕਰਦੇ ਹਨ। ਅਜਿਹਾ ਸੜਕ ਚੌੜੀ ਕਰਨ ਦੇ ਨਾਮ ਹੇਠ ਕੀਤਾ ਜਾ ਰਿਹਾ ਹੈ ਜਦੋਂਕਿ ਸੂਤਰ ਇਸ ਨੂੰ ਗਰਲਜ਼ ਸਕੂਲ ਵਾਲੀ ਦਿਵਾਰ ਨਾਲ ਆਪਣਿਆਂ ਦੁਕਾਨਾਂ ਬਨਾਉਣ ਨਾਲ ਜੋੜਕੇ ਦੇਖ ਰਹੇ ਹਨ। । ਇਹ ਉੁਸ ਵਕਤ ਹੋ ਰਿਹਾ ਹੈ ਜਦੋਂ ਕਰੋਨਾ ਦੌਰਾਨ ਆਕਸੀਜ਼ਨ ਦੀ ਜਰੂਰਤ ਹੈ ਜਿਸ ਲਈ ਰੁੱਖ ਅਹਿਮ ਸੋਮਾ ਹਨ। ਇਹ ਉਹ ਦਰਖਤ ਹਨ ਜਿੰਨ੍ਹਾਂ ਦੀ ਛਾਂ ਹੇਠ ਪਤਾ ਨਹੀਂ ਕਿੰਨੀਆਂ ਹੀ ਪੀੜ੍ਹੀਆਂ ਨੇ ਰੰਗ ਮਾਣੇ ਹਨ। ਅੱਜ ਬਠਿੰਡਾ ਦੇ ਨੌਜਵਾਨਾਂ ਵੱਲੋਂ ਬਣਾਈ ‘ਟਰੀ ਲਵਰਜ਼ ਸੁਸਾਇਟੀ ’ ਨਾਮਕ ਸੰਸਥਾ ਨੇ ਨਗਰ ਨਿਗਮ ਦੀ ਕਾਰਵਾਈ ਤੇ ਉਂਗਲ ਚੁੱਕਦਿਆਂ ਮਾਮਲੇ ਨੂੰ ਨਗਰ ਨਿਗਮ ਦੀ ਮੇਅਰ ਕੋਲ ਉਠਾਇਆ ਹੈ। ਇੰਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾਂ ਹੋਈ ਤਾਂ ਉਹ ਸ਼ਹਿਰ ਦੀਆਂ ਹੋਰ ਸੰਸਥਾਵਾਂ ਨਾਲ ਮਿਲਕੇ ਹਰੀ ਪੱਟੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਗਰੀਨ ਬੈਲਟ ਵਿੱਚ ਨਿੰਮ ਅਤੇ ਪਿੱਲ ਆਦਿ ਦੇ ਛਾਂਦਾਰ ਦਰੱਖ਼ਤ ਹਨ ਜਿੰਨ੍ਹਾਂ ਕਾਰਨ ਗਰਮੀਆਂ ’ਚ ਤਾਪਮਾਨ ਘੱਟ ਰਹਿੰਦਾ ਹੈ। ਅਕਸਰ ਰਿਕਸ਼ਾ ਚਾਲਕ ਦਿਨ ਵਕਤ ਆਪਣੇ ਰਿਕਸ਼ੇ ਆਦਿ ਖੜਕੇ ਅਰਾਮ ਕਰ ਲੈਂਦੇ ਹਨ। ਮਹੱਤਵਪੂਰਨ ਤੱਥ ਹੈ ਕਿ ਨਗਰ ਨਿਗਮ ਦੀ ਹਦੂਦ ਅੰਦਰ ਦਰਖਤਾਂ ਦੀ ਕਟਾਈ ਲਈ ਨਿਯਮ ਬਣੇ ਹੋਏ ਹਨ ਹਨ ਜਿੰਨ੍ਹਾਂ ਤਹਿਤ ਜੰਗਲਾਤ ਵਿਭਾਗ ਤੋਂ ਪਹਿਲਾਂ ਕੱਟੇ ਜਾਣ ਵਾਲੇ ਰੁੱਖਾਂ ਦੇ ਮੁਕੰਮਲ ਵੇਰਵੇ ਭੇਜ ਕੇ ਰਾਖਵੀਂ ਕੀਮਤ ਤੈਅ ਕਰਵਾਉਣੀ ਹੁੰਦੀ ਹੈ।
ਇਸ ਤੋਂ ਬਾਅਦ ਰੁੱਖਾਂ ਦੀ ਨਿਲਾਮੀ ਲਈ ਬਕਾਇਦਾ ਇਸ਼ਤਿਹਾਰ ਦਿੱਤਾ ਜਾਣਾ ਹੁੰਦਾ ਹੈ ਜਿਸ ਦੇ ਅਧਾਰ ਤੇ ਬੋਲੀ ਦੇ ਕੇ ਕੋਈ ਵੀ ਰੁੱਖ ਖਰੀਦ ਸਕਦਾ ਹੈ ਪਰ ਇਸ ਮਾਮਲੇ ’ਚ ਹਾਲੇ ਤੱਕ ਕਿਸੇ ਕਿਸਮ ਦੀ ਕਾਰਵਾਈ ਕਰਨੀ ਵੀ ਜਰੂਰੀ ਨਹੀਂ ਸਮਝੀ ਗਈ ਹੈ ।ਸੂਤਰ ਦੱਸਦੇ ਹਨ ਕਿ ਜੁਬਾਨੀ ਕਲਾਮੀ ਆਦੇਸ਼ਾਂ ਤੇ ਹੀ ਇਸ ਤਰਫ ਇਸ ਸੜਕ ਨੂੰ ਚੌੜੀ ਕਰਨ ਵਾਸਤੇ ਨਗਰ ਨਿਗਮ ਦੀ ‘ਹਰੀ ਪੱਟੀ’ ’ਤੇ ਕੁਹਾੜਾ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਮਾਮਲੇ ਦੇ ਵਿਸ਼ਸ਼ ਪਹਿਲਾਂ ਹੈ ਕਿ ਸੜਕ ਦੇ ਐਨ ਉੱਪਰ ਕਾਾਰੋਬਾਰੀ ਅਦਾਰਿਆਂ ਨੂੰ ਛੱਡ ਕੇ ਬਾਕੀ ਸਾਰਾ ਇਲਾਕਾ ‘ਨਵੀਂ ਬਸਤੀ’ ਦੇ ਨਾਮ ਹੇਠ ਰਿਹਾਇਸ਼ੀ ਹੈ। ਇਸ ਤੋਂ ਇਲਾਵਾ ਇਸ ਤਰਫ ਸਰਕਾਰੀ ਪ੍ਰਾਇਮਰੀ ਸਕੂਲ ਲਈ ਵੀ ਰਸਤਾ ਹੈ ਜਿੱਥੇ ਵੱਡੀ ਗਿਣਤੀ ਬੱਚੇ ਰੋਜਾਨਾ ਆਉਂਦੇ ਅਤੇ ਘਰਾਂ ਨੂੰ ਜਾਂਦੇ ਹਨ ਜਿਸ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਹੈ। ਲੋਕ ਆਖਦੇ ਹਨ ਕਿ ਜੇਕਰ ਸੜਕ ਚੌੜੀ ਹੁੰਦੀ ਹੈ ਤਾਂ ਹਰੀ ਪੱਟੀ ਉੱਜੜਨ ਦੇ ਨਾਲ ਨਾਲ ਇਸ ਤਰਫ ਵੱਡੀਆਂ ਗੱਡੀਆਂ ਆਵਾਜਾਈ ਵਧੇਗੀ ਜਿਸ ਨਾਲ ਹਾਦਸਿਆਂ ਦਾ ਖਤਰਾ ਵਧ ਜਾਣਾ ਹੈ। ਦੱਸਣਯੋਗ ਹੈ ਕਿ ਬਠਿੰਡਾ ’ਚ ਤਾਂ ਪਹਿਲਾਂ ਹੀ ਹਰਿਆਲੀ ਦੀ ਤੋਟ ਹੈ। ਪਹਿਲਾਂ ਸ਼ਹਿਰ ਵਿਚਦੀ ਲੰਘਦੇ ਕੌਮੀ ਸੜਕ ਮਾਰਗ ਤੇ ਡਿਵਾਈਡਰ ਬਣਾਏ ਗਏ ਸਨ ਤਾਂ ਸੜਕ ਚੌੜੀ ਕਰਨ ਲਈ ਦੋਵੇਂ ਪਾਸੇ ਰੁੱਖਾਂ ਦੀ ਕਟਾਈ ਕੀਤੀ ਗਈ ਸੀ। ਨਗਰ ਨਿਗਮ ਨੇ ਪੱਕੇ ਫੁੱਟ ਪਾਥ ਤਾਂ ਬਣਾ ਦਿੱਤੇ ਪਰ ਕੱਟੇ ਰੁੱਖਾਂ ਦੀ ਥਾਂ ਓਨੇ ਪੌਦੇ ਨਹੀਂ ਲਾਏ ਗਏ। ਇਸ ਤੋਂ ਬਿਨਾਂ ਸ਼ਹਿਰ ’ਚ ਵਸਾਈਆਂ ਨਵੀਆਂ ਕਲੋਨੀਆਂ ਨੇ ਵੀ ਸੈਂਕੜੇ ਰੁੱਖਾਂ ਦੀ ਬਲੀ ਲਈ ਹੈ। ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਫੋਨ ਨਹੀਂ ਚੁੱਕਿਆ।
ਨਿਯਮਾਂ ਮੁਤਾਬਕ ਕੱਟਣੇ ਹੁੰਦੇ ਰੁੱਖ :ਡੀ ਐਫ ਓ
ਡੀ ਐਫ ਓ ਬਲਜੀਤ ਸਿੰਘ ਦਾ ਕੰਗ ਕਹਿਣਾ ਸੀ ਕਿ ਜਿਸ ਥਾਂ ਤੋਂ ਦਰੱਖਤਾਂ ਦੀ ਕਟਾਈ ਦੀ ਗੱਲ ਚੱਲ ਰਹੀ ਹੈ, ਉਹ ਨਗਰ ਨਿਗਮ ਦੀ ਮਲਕੀਅਤ ਹੈ ਜਿਸ ਕਰਕੇ ਉਹ ਸਿੱਧੇ ਤੌਰ ਤੇ ਕੋਈ ਦਖਲ ਨਹੀਂ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਂਜ ਦਰਖਤ ਕੱਟਣ ਲਈ ਨਗਰ ਨਿਗਮ ਵੱਲੋਂ ਰੁੱਖਾਂ ਦੀ ਜੰਗਲਾਤ ਵਿਭਾਗ ਕੋਲੋਂ ਕੀਮਤ ਤੈਅ ਕਰਵਾਕੇ ਇਸ਼ਤਿਹਾਰ ਰਾਹੀਂ ਖੁੱਲ੍ਹੀ ਬੋਲੀ ਕਰਵਾਉਣੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਫਿਲਾਹਲ ਉਨ੍ਹਾਂ ਕੋਲ ਕੋਈ ਅਜਿਹਾ ਕੇਸ ਨਹੀਂ ਆਇਆ ਹੈ ਇਸ ਲਈ ਜੇ ਆਪਣੇ ਪੱਧਰ ’ਤੇ ਕਟਾਈ ਕੀਤੀ ਜਾਂਦੀ ਹੈ ਤਾਂ ਉਹ ਗੈਰਕਾਨੂੰਨੀ ਹੈ।
ਆਪਣਾ ਮੰਗ ਪੱਤਰ ਦਿੱਤਾ: ਸੁਸਾਇਟੀ
ਟਰੀ ਲਵਰਜ਼ ਸੁਸਾਇਟੀ ਦੇ ਕਾਰਕੁੰਨ ਕੁਲਵਿੰਦਤਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣਾ ਮੰਗ ਪੱਤਰ ਦੇ ਦਿੱਤਾ ਹੈ ਅਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵੀਰਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਸੁਸਾਇਟੀ ਦੀ ਮੀਟਿੰਗ ਸੱਦ ਕੇ ਅਗਲਾ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹਰਿਆਲੀ ਮਿਸ਼ਨ ਵੀ ਚਲਾਉਂਦਾ ਹੈ ਤੇ ਚੰਗੇ ਭਲੇ ਰੁੱਖ ਕੱਟੇ ਜਾ ਰਹੇ ਹਨ ਜੋ ਵਾਤਾਵਰਨ ਦੇ ਪੱਖ ਤੋਂ ਸਹੀ ਨਹੀਂ ਹੈ। ਸੁਸਾਇਟੀ ਨੇ ਰੁੱਖ ਕੱਟਣ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
