ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਪਿਛਲੇ ਹਫਤੇ ਚੀਨ ਤੋਂ ਅਮਰੀਕੀ ਸਟੇਟ ਟੈਨੇਸੀ ਨੂੰ ਭੇਜੇ ਗਏ ਨਕਲੀ ਕੋਰੋਨਾ ਵੈਕਸੀਨ ਕਾਰਡ ਜ਼ਬਤ ਕੀਤੇ ਹਨ। ਬਾਰਡਰ ਏਜੰਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਨਕਲੀ ਵੈਕਸੀਨ ਕਾਰਡਾਂ ਨੂੰ ਪੇਪਰ ਗ੍ਰੀਟਿੰਗ ਕਾਰਡਾਂ ਦੇ ਰੂਪ ਵਿੱਚ ਬਦਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਇਹ ਖੇਪ ਨਿਊ ਓਰਲੀਨਜ਼ ਦੇ ਸੈਂਟਰਲ ਬਿਜਨਸ ਡਿਸਟ੍ਰਿਕਟ ਦੇ ਰਸਤੇ ‘ਤੇ ਸੀ ਪਰ ਇਸਨੂੰ ਮੈਮਫਿਸ ਦਦੇ ਪੋਰਟ ‘ਤੇ ਰੋਕਿਆ ਗਿਆ। ਇਹ ਜ਼ਬਤ ਕੀਤੇ 51 ਕਾਰਡ, ਵੈਕਸੀਨ ਦੇ ਰਿਕਾਰਡ ਵਾਲੇ ਅਸਲੀ ਕਾਰਡਾਂ ਵਰਗੇ ਸਨ , ਜਿਨ੍ਹਾਂ ਵਿੱਚ ਨਾਮ, ਜਨਮ ਮਿਤੀ, ਟੀਕੇ ਦੇ ਬ੍ਰਾਂਡ ਅਤੇ ਹੋਰ ਜਾਣਕਾਰੀ ਦੇ ਨਾਲ ਨਾਲ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ) ਦੇ ਲੋਗੋ ਵੀ ਸਨ। ਹਾਲਾਂਕਿ, ਕਾਰਡਾਂ ਵਿੱਚ ਕੁੱਝ ਅਧੂਰੇ ਅਤੇ ਕੁੱਝ ਸਪੈਨਿਸ਼ ਸ਼ਬਦ ਵੀ ਸਨ। ਏਜੰਸੀ ਅਨੁਸਾਰ ਇਸ ਤਰ੍ਹਾਂ ਦੇ ਫਰਜ਼ੀ ਵੈਕਸੀਨ ਕਾਰਡ 20, 51 ਅਤੇ 100 ਦੇ ਪੈਕ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਲੁਕਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਾਂਦੀ।ਇਸ ਤਰ੍ਹਾਂ ਦੇ ਕਾਰਡਾਂ ਨੂੰ ਇਕੱਲੇ ਮੈਮਫਿਸ ਵਿੱਚ ਹੀ ਨਹੀਂ ਰੋਕਿਆ ਗਿਆ ਹੈ। ਬਾਰਡਰ ਪ੍ਰੋਟੈਕਸ਼ਨ ਦੁਆਰਾ ਦੇ ਅਧਿਕਾਰੀਆਂ ਇਸ ਤਰ੍ਹਾਂ ਦੀਆਂ 121 ਖੇਪਾਂ ਵਿੱਚੋਂ ਕੁੱਲ 3,017 ਟੀਕਾਕਰਨ ਕਾਰਡ ਬਰਾਮਦ ਕੀਤੇ ਹਨ। ਕੋਰੋਨਾ ਵਾਇਰਸ ਟੀਕਾਕਰਨ ਦੇ ਚਲਦਿਆਂ ਐਫ ਬੀ ਆਈ ਅਨੁਸਾਰ ਨਕਲੀ ਕੋਵਿਡ -19 ਕਾਰਡ ਵੇਚਣਾ, ਖਰੀਦਣਾ ਜਾਂ ਇਸਤੇਮਾਲ ਕਰਨਾ ਇੱਕ ਅਪਰਾਧ ਹੈ। ਜਿਸ ਲਈ ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
