ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਕੋਰੋਨਾ ਤਾਲਾਬੰਦੀ ਪਾਬੰਦੀਆਂ ਨੂੰ ਹਟਾਏ ਜਾਣ ਤੋਂ ਬਾਅਦ ਜਿਆਦਾਤਰ ਕੌਂਸਲਾਂ ਦੁਆਰਾ ਇਸ ਹਫਤੇ ਨਵੇਂ ਸਕੂਲੀ ਸ਼ੈਸ਼ਨ ਦੀ ਸ਼ੁਰੂਆਤ ਕੀਤੀ ਹੈ। ਪਿਛਲੇ ਹਫਤੇ ਐਂਗਸ, ਈਸਟ ਡਨਬਰਟਨਸ਼ਾਇਰ ਆਦਿ ਨੇ ਸਕੂਲੀ ਸ਼ੁਰੂਆਤ ਕੀਤੀ ਸੀ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ, ਵਿਦਿਆਰਥੀ ਸੋਮਵਾਰ ਤੋਂ ਆਪਣੇ ਸਾਥੀਆਂ ਨਾਲ ਦੁਬਾਰਾ ਜੁੜੇ ਹਨ। ਇਸ ਦੌਰਾਨ ਜਿਆਦਾਤਰ ਪਾਬੰਦੀਆਂ ਨੂੰ ਹਟਾਇਆ ਗਿਆ ਹੈ, ਪਰ ਫਿਰ ਵੀ ਸੁਰੱਖਿਆ ਦੇ ਮੱਦੇਨਜ਼ਰ ਕੁੱਝ ਕੁ ਪਾਬੰਦੀਆਂ ਸਕੂਲਾਂ ਵਿੱਚ ਲਾਗੂ ਰਹਿਣਗੀਆਂ। ਜੀਵਨ ਦੇ ਹੋਰ ਖੇਤਰਾਂ ਵਿੱਚ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਵਜੂਦ, ਸਕੂਲੀ ਸੰਸਥਾਵਾਂ ਵਿੱਚ ਸਮਾਜਿਕ ਦੂਰੀ ਦੀ ਜਰੂਰਤ ਰਹੇਗੀ। ਸਕਾਟਿਸ਼ ਸਰਕਾਰ ਦੁਆਰਾ ਸਰੀਰਕ ਦੂਰੀਆਂ ਲਈ ਕਾਨੂੰਨੀ ਜ਼ਰੂਰਤਾਂ ਨੂੰ ਸਿਹਤ ਸੰਭਾਲ ਸੰਸਥਾਵਾਂ ਅਤੇ ਇਕੱਠਾਂ ਨੂੰ ਛੱਡ ਕੇ 9 ਅਗਸਤ ਨੂੰ ਹਟਾ ਦਿੱਤਾ ਗਿਆ ਸੀ। ਪਰ ਹੁਣ ਸਕੂਲ ਦੁਬਾਰਾ ਖੁੱਲ੍ਹਣ ‘ਤੇ ਘੱਟੋ ਘੱਟ ਛੇ ਹਫ਼ਤਿਆਂ ਲਈ ਸਕੂਲਾਂ, ਮੁੱਢਲੀ ਸਿਖਲਾਈ ਅਤੇ ਬਾਲ ਦੇਖਭਾਲ ਸੰਸਥਾ ਵਿੱਚ ਸਟਾਫ, ਸਟਾਫ ਅਤੇ ਬੱਚਿਆਂ ਦੇ ਵਿਚਕਾਰ ਘੱਟੋ ਘੱਟ ਇੱਕ ਮੀਟਰ ਦੀ ਸਰੀਰਕ ਦੂਰੀ ਲਾਗੂ ਰਹੇਗੀ। ਇਸਦੇ ਨਾਲ ਹੀ ਸਕਾਟਲੈਂਡ ਦੇ ਸੈਕੰਡਰੀ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਸਕੂਲ ਵਾਪਸ ਆਉਣ ਤੋਂ ਪਹਿਲਾਂ ਲੇਟਰਲ ਫਲੋਅ ਟੈਸਟ ਦੇਣ ਲਈ ਕਿਹਾ ਜਾਵੇਗਾ। ਜਦਕਿ ਕੋਵਿਡ -19 ਲਈ ਸਕਾਰਾਤਮਕ ਟੈਸਟ ਕਰਨ ਵਾਲਿਆਂ ਦੇ ਨਜ਼ਦੀਕੀ ਸੰਪਰਕਾਂ ਨੂੰ ਹੁਣ ਦਸ ਦਿਨਾਂ ਲਈ ਇਕਾਂਤਵਾਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। 17 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਵੀ ਨੈਗੇਟਿਵ ਟੈਸਟ ਹੋਣ ਦੀ ਸੂਰਤ ਵਿੱਚ ਇਕਾਂਤਵਾਸ ਨੂੰ ਖਤਮ ਕਰਨ ਦੇ ਯੋਗ ਹੋਣਗੇ ਜਦੋਂ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੱਕ ਟੈਸਟ ਦੇਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਪਰ ਇਹ ਜਰੂਰੀ ਨਹੀਂ ਹੈ। ਇਸਦੇ ਇਲਾਵਾ ਸਕੂਲਾਂ ਵਿੱਚ ਸੈਕੰਡਰੀ ਵਿਦਿਆਰਥੀਆਂ ਦੁਆਰਾ ਕਲਾਸ ਦੇ ਦੌਰਾਨ ਫੇਸ ਮਾਸਕ ਪਹਿਨੇ ਜਾਣੇ ਜਰੂਰੀ ਹਨ ਅਤੇ ਸਕੂਲ ਕਾਰੀਡੋਰ, ਦਫਤਰ ਅਤੇ ਪ੍ਰਬੰਧਕੀ ਖੇਤਰਾਂ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਦੁਆਰਾ ਫੇਸ ਮਾਸਕ ਪਹਿਨਣ ਦੀ ਜਰੂਰਤ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਵਿੱਚ ਚਿਹਰੇ ਨੂੰ ਢਕਣ ਦੀ ਜ਼ਰੂਰਤ ਨਹੀਂ ਹੈ। ਇਸਦੇ ਇਲਾਵਾ ਟੀਕਾਕਰਨ ਲਈ ਯੋਗ ਵਿਦਿਆਰਥੀਆਂ ਨੂੰ ਵੈਕਸੀਨ ਲਈ ਉਤਸ਼ਾਹਿਤ ਕਰਨ ਦੇ ਨਾਲ, ਕਲਾਸਾਂ ਵਿੱਚ ਢੁੱਕਵੀਂ ਹਵਾਦਾਰੀ ਦਾ ਵੀ ਧਿਆਨ ਰੱਖਿਆ ਜਾਵੇਗਾ।
