ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਪੰਜਾਬ ਭਰ ਵਿੱਚ ਸੈਂਕੜੇ ਪਿੰਡਾਂ ਸ਼ਹਿਰਾਂ ਵਿੱਚ ਦੀ ਝੰਡਾ ਮਾਰਚ ਕਰਦੇ ਹੋਏ ਤਿੰਨ ਵੱਡੇ ਰੋਹ ਭਰਪੂਰ ਇਕੱਠਾਂ ਨਾਲ 40 ਥਾਂਵਾਂ ‘ਤੇ ਕਿਸਾਨ ਮਜ਼ਦੂਰ ਮੁਕਤੀ-ਸੰਘਰਸ਼ ਦਿਵਸ ਮਨਾਇਆ ਗਿਆ। ਹਰ ਥਾਂ ਮੌਜੂਦਾ ਕਿਸਾਨ ਘੋਲ਼ ਦੇ 500 ਤੋਂ ਵੱਧ ਸ਼ਹੀਦਾਂ ਨੂੰ ਅਤੇ ਬਰਤਾਨਵੀ ਸਾਮਰਾਜ ਵਿਰੋਧੀ ਕਿਸਾਨ ਲਹਿਰ ਦੇ ਆਗੂ ਚਾਚਾ ਅਜੀਤ ਸਿੰਘ ਨੂੰ ਉਨ੍ਹਾਂ ਦੀ 74ਵੀਂ ਬਰਸੀ ਦੇ ਮੌਕੇ ‘ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਸਟੇਜ ਦੀ ਸ਼ੁਰੂਆਤ ਕੀਤੀ ਗਈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਅਡਾਨੀ ਸੈਲੋ ਡਗਰੂ (ਮੋਗਾ), ਅਡਾਨੀ ਸੋਲਰ ਪਾਵਰ ਪਲਾਂਟ ਸਰਦਾਰਗੜ੍ਹ (ਬਠਿੰਡਾ) ਅਤੇ ਟੌਲ ਪਲਾਜ਼ਾ ਕਾਲਾਝਾੜ (ਸੰਗਰੂਰ) ਤਿੰਨੀ ਥਾਂਈਂ ਹਜ਼ਾਰਾਂ ਦੀ ਤਾਦਾਦ ਵਿੱਚ ਔਰਤਾਂ ਤੇ ਨੌਜਵਾਨਾਂ ਸਮੇਤ ਦਹਿ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੇ ਠਾਠਾਂ ਮਾਰਦੇ ਰੋਹ ਭਰਪੂਰ ਇਕੱਠ ਦੇਖੇ ਗਏ। ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਨਪੀੜੇ ਜਾ ਰਹੇ ਹਰ ਤਬਕੇ ਦੇ ਠੇਕਾ ਕਾਮੇ, ਕੱਚੇ ਅਧਿਆਪਕ/ਲੈਕਚਰਾਰ, ਪੱਕੇ ਅਧਿਆਪਕ, ਪੈਨਸ਼ਨਰ, ਬੇਰੁਜ਼ਗਾਰ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਮਗਨਰੇਗਾ ਕਾਮੇ, ਪੇਂਡੂ ਖੇਤ ਮਜ਼ਦੂਰ, ਬਿਜਲੀ ਕਾਮੇ,ਜਲ ਸਪਲਾਈ ਕਾਮੇ ਅਤੇ ਹੋਰ ਸੰਘਰਸ਼ਸ਼ੀਲ ਲੋਕ ਵੀ ਹਮਾਇਤ ਵਿੱਚ ਸ਼ਾਮਲ ਹੋਏ।
ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਾਲ਼ੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਸਾਰੇ ਲੋੜਵੰਦ ਲੋਕਾਂ ਨੂੰ ਸਾਰੀਆਂ ਜ਼ਰੂਰੀ ਵਸਤਾਂ ਸਸਤੇ ਰੇਟਾਂ ‘ਤੇ ਦੇਣ ਦੀ ਗਰੰਟੀ ਕਰਨ ਅਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਨੂੰ ਦੇਸ਼ ਤੋਂ ਬਾਹਰ ਕਰਨ ਵਰਗੀਆਂ ਫੌਰੀ ਤੇ ਬੁਨਿਆਦੀ ਮੰਗਾਂ ਉੱਤੇ ਪੂਰਾ ਜ਼ੋਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਹੁਕਮਰਾਨਾਂ ਵੱਲੋਂ ਆਜ਼ਾਦੀ ਦੇ ਜਸ਼ਨਾਂ ਦੇ ਪਰਦੇ ਹੇਠ ਇੱਕ ਬਰਤਾਨਵੀ ਸਾਮਰਾਜੀ ਕੰਪਨੀ ਦੀ ਥਾਂ ਅਨੇਕਾਂ ਦੇਸੀ ਵਿਦੇਸ਼ੀ ਸਾਮਰਾਜੀ ਬਹੁਕੌਮੀ ਕੰਪਨੀਆਂ ਨੂੰ ਕਿਰਤੀ ਕਿਸਾਨਾਂ ਦੀ ਨਵੇਂ ਖੇਤੀ ਕਾਨੂੰਨਾਂ ਅਤੇ ਲੇਬਰ ਕੋਡ ਸੋਧਾਂ, ਪੈਨਸ਼ਨ ਸਕੀਮ ਸੋਧਾਂ ਆਦਿ ਰਾਹੀਂ ਦੋਹੀਂ ਹੱਥੀਂ ਲੁੱਟਣ ਦੇ ਨਿਉਂਦੇ ਦਿੱਤੇ ਜਾ ਰਹੇ ਹਨ। ਧੜਾਧੜ ਮੜ੍ਹੀਆਂ ਜਾ ਰਹੀਆਂ ਨਵੇਂ ਆਰਥਿਕ ਸੁਧਾਰਾਂ ਦੀਆਂ ਨੀਤੀਆਂ ਨੇ ਤਾਂ ਮਜ਼ਦੂਰਾਂ ਕਿਸਾਨਾਂ ਤੇ ਹੋਰ ਕਿਰਤੀਆਂ ਦੀ ਆਰਥਿਕ ਲੁੱਟ ਇਤਨੀ ਤਿੱਖੀ ਕਰ ਦਿੱਤੀ ਹੈ ਕਿ ਉਹ ਲੱਕਤੋੜ ਕਰਜ਼ਿਆਂ, ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਹੇਠ ਲੱਖਾਂ ਦੀ ਤਾਦਾਦ ਵਿੱਚ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੀਆਂ ਜ਼ਮੀਨਾਂ ਖੁੱਸ ਕੇ ਸ਼ਾਹੂਕਾਰਾਂ ਜਗੀਰਦਾਰਾਂ ਕੋਲ ਜਾ ਰਹੀਆਂ ਹਨ। ਇਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕਰਨ ਦੀ ਬਜਾਏ ਸਰਕਾਰੀ ਖ਼ਜ਼ਾਨਾ ਵੀ ਅਡਾਨੀ ਅੰਬਾਨੀ ਵਰਗੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਹੋਰ ਭਰਨ ਲਈ ਦੋਹੀਂ ਹੱਥੀਂ ਲੁਟਾਇਆ ਜਾ ਰਿਹਾ ਹੈ। ਨਿੱਜੀਕਰਨ ਠੇਕਾ ਪ੍ਰਣਾਲੀ ਰਾਹੀਂ ਸਿੱਖਿਆ, ਸਿਹਤ, ਬਿਜਲੀ, ਪਾਣੀ, ਆਵਾਜਾਈ ਸਮੇਤ ਸਾਰੀਆਂ ਜਨਤਕ ਸਹੂਲਤਾਂ ਅਤੀ ਮਹਿੰਗੀਆਂ ਕਰਕੇ ਆਮ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਲੋਕਾਂ ਤੋਂ ਖੋਹੀਆਂ ਜਾ ਰਹੀਂਆਂ ਹਨ। ਮੰਨੂਵਾਦ ਰਾਹੀਂ ਮੜ੍ਹੀ ਫਿਰਕਾਪ੍ਰਸਤੀ ਤੇ ਜਾਤ-ਪਾਤ ਤੋਂ ਇਲਾਵਾ ਗੁੰਡਾਗਰਦੀ ਤੇ ਨਸ਼ਿਆਂ ਦੇ ਵਪਾਰ ਨੇ ਅੱਤ ਮਚਾ ਰੱਖੀ ਹੈ। ਦਲਿਤਾਂ ਔਰਤਾਂ ਨਾਲ ਵਧੀਕੀਆਂ ਹੱਦਾਂ ਬੰਨੇ ਪਾਰ ਕਰ ਰਹੀਆਂ ਹਨ। ਹੱਕ, ਸੱਚ, ਇਨਸਾਫ਼ ਦੀ ਆਵਾਜ਼ ਉਠਾਉਣ ਵਾਲਿਆਂ ਦੇ ਜਮਹੂਰੀ ਹੱਕ ਕੁਚਲੇ ਜਾ ਰਹੇ ਹਨ।
ਵੱਖ-ਵੱਖ ਥਾਵਾਂ ‘ਤੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਗੁਰਪ੍ਰੀਤ ਕੌਰ ਬਰਾਸ,ਸਰੋਜ ਦਿਆਲਪੁਰਾ, ਕੁਲਦੀਪ ਕੌਰ ਕੁੱਸਾ ਸਮੇਤ ਸੰਬੰਧਿਤ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਆਗੂ ਸ਼ਾਮਲ ਸਨ। ਉਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਲਈ ਅਮਲੀ ਰੂਪ ‘ਚ ਆਜ਼ਾਦੀ ਵਾਸਤੇ ਦੇਸੀ ਵਿਦੇਸ਼ੀ ਧੜਵੈਲ ਕਾਰਪੋਰੇਸ਼ਨਾਂ ਦੇ ਸਾਰੇ ਕਾਰੋਬਾਰਾਂ ਦਾ ਕੌਮੀਕਰਣ ਕਰਨ; ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਸਾਮਰਾਜੀ ਸੰਸਥਾਵਾਂ ਵਿੱਚੋਂ ਸਾਡੇ ਦੇਸ਼ ਨੂੰ ਬਾਹਰ ਲਿਆ ਕੇ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਛੰਡਣ ਤੇ ਸਾਰੇ ਆਰਥਿਕ ਸਮਾਜਿਕ ਖੇਤਰਾਂ ਵਿੱਚ ਪਈਆਂ ਖਾਲੀ ਅਸਾਮੀਆਂ ਤੁਰੰਤ ਪੱਕੇ ਤੌਰ ‘ਤੇ ਭਰਨ; ਜ਼ਮੀਨੀ ਸੁਧਾਰ ਸਹੀ ਅਰਥਾਂ ਵਿੱਚ ਲਾਗੂ ਕਰਕੇ ਕਾਨੂੰਨ ਮੁਤਾਬਕ ਵਾਧੂ ਜ਼ਮੀਨਾਂ ਬੇਜ਼ਮੀਨੇ ਅਤੇ ਥੁੜ-ਜ਼ਮੀਨੇ ਮਜ਼ਦੂਰਾਂ ਕਿਸਾਨਾਂ ਵਿੱਚ ਵੰਡਣ; ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਸ਼ਾਹੂਕਾਰਾ ਤੇ ਬੈਂਕ ਕਰਜ਼ੇ ਖਤਮ ਕਰਨ; ਨਿੱਜੀ ਕੰਪਨੀਆਂ ਦੇ ਅੰਨ੍ਹੇ ਮੁਨਾਫ਼ੇ ਛਾਂਗ ਕੇ ਸਸਤੀਆਂ ਖੇਤੀ ਲਾਗਤ ਵਸਤਾਂ ਅਤੇ ਖੇਤੀ ਲਈ ਸਸਤੇ ਬੈਂਕ ਕਰਜ਼ਿਆਂ ਦੀ ਨੀਤੀ ਲਾਗੂ ਕਰਨ; ਸਾਰੇ ਲੋੜਵੰਦ ਬੇਰੁਜ਼ਗਾਰ ਮਰਦਾਂ ਔਰਤਾਂ ਨੂੰ ਬੌਧਿਕ ਤੇ ਸਰੀਰਕ ਸਮਰੱਥਾ ਮੁਤਾਬਕ ਪੱਕਾ ਰੁਜ਼ਗਾਰ ਦੇਣ ਅਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦੇਣ ਤੋਂ ਇਲਾਵਾ ਕਿਸਾਨ ਮਜ਼ਦੂਰ ਮੁਕਤੀ ਲਈ ਚੱਲਣ ਵਾਲੇ ਮਹਾਨ ਲੋਕ ਸੰਗਰਾਮ ਵਾਸਤੇ ਜਮਹੂਰੀ ਹੱਕਾਂ ਦੀ ਗਰੰਟੀ ਕਰਨ ਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ। ਸਮੂਹਕ ਤੌਰ’ਤੇ ਮੌਜੂਦਾ ਮੁਲਕ ਵਿਆਪੀ ਕਿਸਾਨ ਘੋਲ਼ ਨੂੰ ਹਰ ਪੱਧਰ’ਤੇ ਤੇਜ਼ੀ ਨਾਲ ਹੋਰ ਵਿਸ਼ਾਲ ਅਤੇ ਸਖ਼ਤ ਕਰਨ ਦਾ ਅਹਿਦ ਕੀਤਾ ਗਿਆ।
