ਯੋਗਤਾ ਪਛਾਣਨ ਲਈ ਸੰਗਰੂਰ ਹਲਕੇ ਦੇ ਸਾਰੇ ਹਾਈ ਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਦੇ 10ਵੀਂ ਤੇ 12ਵੀਂ ਦੇ 2,245 ਵਿਦਿਆਰਥੀਆਂ ਦਾ ਕਰਵਾਇਆ ‘ਸਾਇਕੋਮੀਟਿ੍ਰਕ ਟੈਸਟ’: ਸਕੂਲ ਸਿੱਖਿਆ ਮੰਤਰੀ
ਨਦਾਮਪੁਰ/ਭਵਾਨੀਗੜ੍ਹ/ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਹਲਕੇ ’ਚ ਬੱਚਿਆਂ ਨੂੰ ਆਪਣੀ ਯੋਗਤਾ ਦੇ ਆਧਾਰ ’ਤੇ ਭਵਿੱਖ ’ਚ ਉਚੇਰੀ ਸਿੱਖਿਆ ਅਤੇ ਕਰੀਅਰ ਦੀ ਚੋਣ ਕਰਨ ਲਈ ਸੇਧ ਦੇਣ ਦੇ ਮੰਤਵ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਕੌਂਸਲਿੰਗ ਤੇ ਹੌਸਲਾ ਅਫ਼ਜ਼ਾਈ ਮੁਹਿੰਮ ਸ਼ੁਰੂ ਕਰਨ ਦੀ ਨਵੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਹਲਕੇ ਦੇ ਸਾਰੇ 27 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਅਕਾਦਮਿਕ ਵਰੇ 2020-21 ਦੌਰਾਨ 10ਵੀਂ ਤੇ 12ਵੀਂ ਜਮਾਤ ’ਚ ਪੜਦੇ 2,245 ਵਿਦਿਆਰਥੀਆਂ ਦੀ ਯੋਗਤਾ ਪਛਾਣਨ ਲਈ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਗਿਆ ਸੀ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ’ਚ ਅਜਿਹੇ ਟੈਸਟ ਕਰਵਾਉਣ ਵਾਲੀ ਸਿਰਮੌਰ ਸੰਸਥਾ ‘ਵੀਬੌਕਸ’ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਹੀ ਆਨਲਾਈਨ ਮਾਧਿਅਮ ਜ਼ਰੀਏ ਹਲਕੇ ਦੇ ਵਿਦਿਆਰਥੀਆਂ ਦਾ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਸੀ। ਉਨਾਂ ਕਿਹਾ ਕਿ ਟੈਸਟ ਦੇ ਨਤੀਜੇ ਆਉਣ ’ਤੇ ਸਾਰੇ ਵਿਦਿਆਰਥੀਆਂ ਨੂੰ ਉਨਾਂ ਦੀ ਯੋਗਤਾ ਦੇ ਆਧਾਰ ’ਤੇ ਉਚੇਰੀ ਸਿੱਖਿਆ ਲਈ ਕੋਰਸਾਂ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਅੱਵਲ ਦਰਜਾ ਬਣਾਈ ਰੱਖਣ ਲਈ ਬੁਨਿਆਦੀ ਢਾਂਚੇ ’ਚ ਸੁਧਾਰ ਤੋਂ ਇਲਾਵਾ ਅਜਿਹੀਆਂ ਹੋਰ ਵੀ ਪਹਿਲਕਦਮੀਆਂ ਲਿਆਉਣ ’ਤੇ ਜ਼ੋਰ ਦਿੱਤਾ ਜਾਵੇਗਾ।ਮੁਹਿੰਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਅੱਜ ਨਦਾਮਪੁਰ ਸਕੂਲ ਵਿਖੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਲਗਭਗ 60 ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਰੂ-ਬ-ਰੂ ਮੁਲਕਾਤ ਕੀਤੀ। ਇਸ ਮੌਕੇ ਕੋਵਿਡ ਮਹਾਂਮਾਰੀ ਦਾ ਖਿਆਲ ਰੱਖਦਿਆਂ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਗਿਣਤੀ ਦੇ ਹਿਸਾਬ ਨਾਲ ਵੱਖ-ਵੱਖ ਕਮਰਿਆਂ ’ਚ ਬਿਠਾਇਆ ਗਿਆ ਸੀ ਤੇ ਸਿੱਖਿਆ ਮੰਤਰੀ ਵੱਲੋਂ ਬੜੀ ਸੰਜੀਦਗੀ ਨਾਲ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਉਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਦੇ ਵਿਦਿਆਰਥੀਆਂ ਦੀ ਮੰਗ ਤੇ ਯੋਗਤਾ ਅਨੁਸਾਰ ਉਚੇਰੀ ਸਿੱਖਿਆ ਦੇ ਨੀਟ ਵਰਗੇ ਕੋਰਸਾਂ ਲਈ ਕੋਚਿੰਗ ਮੁਹੱਈਆ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ, ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ, ਸੁਰਿੰਦਰ ਸਿੰਘ ਭਰੂਰ, ਕੁਲਦੀਪ ਸਿੰਘ ਭੁੱਲਰ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
