ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਸਟੇਟ ਓਰੇਗਨ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦਾ ਦਾਖਲਾ ਵੀ ਵਧ ਰਿਹਾ ਹੈ । ਇਸ ਵਾਧੇ ਕਾਰਨ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਪੈਦਾ ਹੋ ਰਹੀ ਹੈ। ਇਸ ਲਈ ਓਰੇਗਨ ਦੀ ਗਵਰਨਰ ਕੇਟ ਬ੍ਰਾਨ ਦੁਆਰਾ ਸੂਬੇ ਦੇ ਹਸਪਤਾਲਾਂ ਵਿੱਚ 1,500 ਨੈਸ਼ਨਲ ਗਾਰਡ ਫੌਜਾਂ ਨੂੰ ਸਹਾਇਤਾ ਲਈ ਤਾਇਨਾਤ ਕੀਤਾ ਜਾਵੇਗਾ। ਇਸ ਯੋਜਨਾ ਦੀ ਸ਼ੁਰੂਆਤ ਵਿੱਚ ਸਟੇਟ ਦੇ 20 ਵੱਖ -ਵੱਖ ਹਸਪਤਾਲਾਂ ਨੂੰ ਸਮੱਗਰੀ , ਉਪਕਰਣਾਂ, ਹੋਰ ਸੇਵਾਵਾਂ ਦੀ ਸੰਭਾਲ ਅਤੇ ਢੋਆ ਢੁਆਈ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ 20 ਅਗਸਤ ਨੂੰ ਸ਼ੁਰੂਆਤੀ 500 ਫੌਜਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਵਰਨਰ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਘੱਟੋ ਘੱਟ 733 ਓਰੇਗਨ ਨਿਵਾਸੀ ਕੋਰੋਨਾ ਵਾਇਰਸ ਨਾਲ ਹਸਪਤਾਲ ਵਿੱਚ ਦਾਖਲ ਸਨ, ਜਿਨ੍ਹਾਂ ਵਿੱਚ 185 ਇੰਟੈਂਸਿਵ ਕੇਅਰ ਯੂਨਿਟ ‘ਚ ਦਾਖਲ ਸਨ। ਇਸੇ ਦੌਰਾਨ ਗਵਰਨਰ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੈਣ ਲਈ ਵੀ ਅਪੀਲ ਕੀਤੀ ਹੈ। ਓਰੇਗਨ ਹੈਲਥ ਅਥਾਰਿਟੀ ਦੇ ਅਨੁਸਾਰ, ਸਟੇਟ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਪ੍ਰਤੀ ਦਿਨ ਔਸਤਨ 1,657 ਕੇਸ ਦਰਜ ਕੀਤੇ ਗਏ ਹਨ।
