ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਦੇ ਪਲਿਮਥ ਵਿੱਚ ਵੀਰਵਾਰ ਨੂੰ ਇੱਕ ਸਿਰਫਿਰੇ ਵੱਲੋਂ ਸਮੂਹਿਕ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿੱਚ ਹਮਲਾਵਰ ਸਮੇਤ 6 ਲੋਕਾਂ ਦੀ ਮੌਤ ਹੋਈ ਸੀ। ਇਸ ਗੋਲੀਬਾਰੀ ਦੀ ਪੀੜਤਾਂ ਵਿੱਚ ਇੱਕ ਛੋਟੀ ਬੱਚੀ ਵੀ ਸ਼ਾਮਲ ਹੈ। ਉਹਨਾਂ ਦੇ ਨਾਮ ਅਤੇ ਤਸਵੀਰਾਂ ਬੰਦੂਕਧਾਰੀ ਹਮਲਾਵਰ ਸਮੇਤ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹਨ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲਾਵਰ ਦਾ ਨਾਮਜੇਕ ਡੇਵਿਸਨ (22) ਹੈ, ਜਿਸਨੇ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੀ ਮਾਂ ਮੈਕਸਿਨ ਨੂੰ ਗੋਲੀ ਮਾਰੀ ਅਤੇ ਫਿਰ ਬਾਹਰ ਆ ਕੇ ਚਾਰ ਹੋਰ ਲੋਕਾਂ ਦੀ ਹੱਤਿਆ ਕਰਨ ਉਪਰੰਤ, ਫਿਰ ਆਪਣੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰੀ। ਇਸ ਹਮਲਾਵਰ ਨੇ ਕੀਹੈਮ ਦੇ ਸ਼ਾਂਤ ਰਿਹਾਇਸ਼ੀ ਇਲਾਕੇ ਵਿੱਚ ਪਹਿਲਾਂ ਤਿੰਨ ਸਾਲਾਂ ਦੀ ਬੱਚੀ ਸੋਫੀ ਮਾਰਟਿਨ ਅਤੇ ਉਸਦੇ ਪਿਤਾ ਲੀ ਮਾਰਟਿਨ (43) ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ 59 ਸਾਲਾ ਸਟੀਫਨ ਵਾਸ਼ਿੰਗਟਨ ਅਤੇ 66 ਸਾਲਾ ਕੇਟ ਸ਼ੇਫਰਡ ਨੂੰ ਗੋਲੀ ਮਾਰੀ। ਹਮਲੇ ਦੇ ਸਮੇਂ ਸਟੀਫਨ ਇਸ ਇਲਾਕੇ ਵਿੱਚ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ ਜਦਕਿ ਕੇਟ ਨੂੰ ਗੋਲੀ ਲੱਗਣ ਉਪਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿੱਚ ਮਰਨ ਵਾਲੀ ਛੋਟੀ ਬੱਚੀ ਸੋਫੀ ਨੂੰ ਤਕਰੀਬਨ ਦੋ ਸਾਲ ਪਹਿਲਾਂ ਲੀ ਦੁਆਰਾ ਗੋਦ ਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਇਸ ਹੱਤਿਆਕਾਂਡ ਦੇ ਦੋਸ਼ੀ ਡੇਵਿਸਨ ਦੀ ਮਾਂ ਨੇ ਇਸ ਕਤਲੇਆਮ ਤੋਂ ਕੁੱਝ ਮਹੀਨੇ ਪਹਿਲਾਂ ਉਸ ਦੀ ਮਾਨਸਿਕ ਸਿਹਤ ਲਈ ਮੱਦਦ ਮੰਗਣ ਦੀ ਬੇਨਤੀ ਕੀਤੀ ਸੀ। ਡੇਵਿਸਨ ਦਾ ਇੱਕ ਯੂਟਿਬ ਚੈਨਲ ਸੀ, ਜਿੱਥੇ ਉਸਨੇ ਔਰਤਾਂ ਦੁਆਰਾ ਨਕਾਰੇ ਜਾਣ ਅਤੇ ਆਪਣੇ ਬੰਦੂਕ ਦੇ ਪਿਆਰ ਬਾਰੇ ਗੱਲ ਕੀਤੀ ਸੀ।ਡੇਵਿਸਨ ਨੇ ਯੂਟਿਊਬ ‘ਤੇ ਬੰਦੂਕਾਂ ਨਾਲ ਜੁੜੇ ਕਈ ਚੈਨਲਾਂ ਨੂੰ ਸਬਸਕਰਾਈਬ ਵੀ ਕੀਤਾ ਹੋਇਆ ਸੀ। ਇਸ ਹੱਤਿਆਕਾਂਡ ਦੇ ਸਬੰਧ ਵਿੱਚ ਪੁਲਿਸ ਵੱਲੋਂ ਜਾਂਚ ਜਾਰੀ ਹੈ।