6.7 C
United Kingdom
Saturday, April 19, 2025

More

    ਮੋਤੀ ਮਹਿਲਾਂ ਦੇ ਦਰ ਮੱਲੀਂ ਬੈਠੇ ਦਲਿਤਾਂ ਅੱਗੇ ਝੁਕੀ ਸਰਕਾਰ, ਸਹਿਕਾਰੀ ਸਭਾਵਾਂ ‘ਚ ਬੇਜਮੀਨੇ ਲੋਕ ਹੁਣ ਬਿਨਾ ਸ਼ਰਤ ਬਣਨਗੇ ਮੈਂਬਰ

    ਪਟਿਆਲਾ (ਦਲਜੀਤ ਕੌਰ ਭਵਾਨੀਗੜ੍ਹ)

    ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਬੇਜ਼ਮੀਨੇ ਲੋਕਾਂ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਦੇ ਫੁਹਾਰਾ ਚੌਂਕ ਤੋਂ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ। ਤਪਦੀ ਸੜਕ ਉੱਪਰ ਕਈ ਘੰਟੇ ਬੈਠੇ ਮੁਜ਼ਾਹਰਾਕਾਰੀਆਂ ਨੇ ਮੋਤੀ ਮਹਿਲਾਂ ਵੱਲ ਜਾਂਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਜਾਮ ਰੱਖਿਆ ਗਿਆ। ਇਸ ਦਰਮਿਆਨ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੇ ਕਈ ਦੌਰ ਚੱਲੇ। ਮਜ਼ਦੂਰ ਇਸ ਗੱਲ ਉਪਰ ਅੜੇ ਰਹੇ ਕਿ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ ਸਰਕਾਰ ਇਸ ਮੌਕੇ ਉੱਪਰ ਕੋਈ ਐਲਾਨ ਕਰੇ। ਜਿਸ ਦੇ ਚੱਲਦਿਆਂ ਸਹਿਕਾਰੀ ਸਭਾਵਾਂ ਦੇ ਜ਼ੋਨਲ ਰਜਿਸਟਰਾਰ ਨੇ ਧਰਨਾਕਾਰੀਆਂ ਵਿੱਚ ਆ ਕੇ ਦਲਿਤਾਂ ਅਤੇ ਬੇਜ਼ਮੀਨੇ ਲੋਕਾਂ ਨੂੰ ਬਿਨਾ ਸ਼ਰਤ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਉਣ ਦਾ ਮੌਕੇ ਤੇ ਐਲਾਨ ਕਰਦਿਆਂ ਇਸ ਦਾ ਲਿਖਤੀ ਪੱਤਰ ਆਗੂਆਂ ਨੂੰ ਸੌੰਪਿਆ। ਇਸ ਦੇ ਉੱਪਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਨ ਨਾਲ ਜਿੱਥੇ ਦਲਿਤ ਅਤੇ ਬੇਜ਼ਮੀਨੇ ਲੋਕ ਮਾਈਕ੍ਰੋਫਾਇਨਾਂਸ ਕੰਪਨੀਆਂ ਦੀ ਕੀਤੀ ਜਾ ਰਹੀ ਲੁੱਟ ਦੇ ਚੁੰਗਲ ਵਿੱਚੋਂ ਬਾਹਰ ਆਉਣਗੇ ਉਥੇ ਦਲਿਤ ਸਵੈਮਾਣ ਦੀ ਵੀ ਜਿੱਤ ਹੋਈ ਹੈ। ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੀ ਜਾਤ ਕਾਰਨ ਹੀ ਮੈਂਬਰ ਨਹੀਂ ਬਣਾਇਆ ਜਾਂਦਾ ਸੀ।
    ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਵਿੱਚੋਂ ਦਲਿਤਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਲੈਣ ਲਈ ਹਰ ਸਾਲ ਝੂਠੇ ਪਰਚਿਆਂ ਅਤੇ ਕੁੱਟਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਨਜ਼ੂਲ ਸੁਸਾਇਟੀ ਦੀਆਂ ਜ਼ਮੀਨਾਂ ਦੇ ਸਾਰੇ ਪੈਸੇ ਸਰਕਾਰ ਨੂੰ ਭਰਨ ਤੋਂ ਬਾਅਦ ਵੀ ਮਾਲਕੀ ਹੱਕ ਲੈਣ ਲਈ 30 ਫ਼ੀਸਦੀ ਪੈਸੇ ਭਰਨ ਦੀ ਸ਼ਰਤ ਲਗਾਈ ਗਈ ਹੈ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਵੀ ਸੱਤਾ ਵਿੱਚ ਆਈ ਸਰਕਾਰ ਨੇ ਉਨ੍ਹਾਂ ਨੂੰ ਪਲਾਟ ਦੇਣ ਤੋਂ ਟਾਲਾ ਵੱਟਿਆ ਹੈ। ਭੂਮੀ ਸੁਧਾਰ ਕਾਨੂੰਨ ਨੂੰ ਲਾਗੂ ਕਰਨ ਦੀ ਬਜਾਏ ਉਸ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਵਧਾਏ ਹਨ।ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਨੂੰ ਕੈਬਨਿਟ ਵਿੱਚ ਪਾਸ ਕਰਨ ਤੋਂ ਬਾਅਦ ਵੀ ਥੱਲੇ ਲਾਗੂ ਨਹੀਂ ਕੀਤਾ ਗਿਆ। ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਆਏ ਦਲਿਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਧਮਕੀ ਦੇਣ ਤੋਂ ਬਾਅਦ ਪ੍ਰਸ਼ਾਸਨ ਨੇ ਸਹਿਕਾਰੀ ਸਭਾਵਾਂ ਵਿੱਚ ਮੈਂਬਰ ਬਣਾਉਣ ਦਾ ਮੌਕੇ ਤੇ ਲਿਖਤੀ ਪੱਤਰ ਜਾਰੀ ਕੀਤਾ ਅਤੇ ਇਨ੍ਹਾਂ ਰਹਿੰਦੀਆਂ ਮੰਗਾਂ ਦੇ ਹੱਲ ਲਈ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਅਤੇ ਮੰਗਾਂ ਨਾਲ ਸਬੰਧਤ ਵਿਭਾਗ ਦੇ ਸਕੱਤਰਾਂ ਦੇ ਪੈਨਲ ਨਾਲ 18 ਅਗਸਤ ਨੂੰ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਦਿੱਤਾ।  ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਜਸਵੰਤ ਸਿੰਘ ਖੇੜੀ,ਗੁਰਵਿੰਦਰ ਸਿੰਘ ਬੌੜਾਂ, ਧਰਮਪਾਲ ਨੂਰਖੇੜੀਆਂ, ਧਰਮਵੀਰ ਹਰੀਗਡ਼੍ਹ ਪ੍ਰਸਾਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!