ਨਿਹਾਲ ਸਿੰਘ ਵਾਲਾ ( ਜਗਵੀਰ ਆਜ਼ਾਦ, ਗਗਨਦੀਪ )
ਬਲਾਕ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਰੌਂਤਾ ਵਿਖੇ ਉਸ ਸਮੇਂ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਪਿੰਡ ਰੌਂਤਾ ਦੀ ਵਾਰਡ ਨੰਬਰ 4 ਦੇ ਵਸਨੀਕ ਵਕੀਲ ਕਿਰਮਨਪ੍ਰੀਤ ਕੌਰ ਅਤੇ ਉਸਦੇ ਵਾਰਡ ਦੇ ਲੋਕਾਂ ਵੱਲੋਂ ਇਕੱਠ ਕਰਕੇ ਪਿੰਡ ਦੇ ਸਰਪੰਚ ਦੁਆਰਾ ਵਿਕਾਸ ਕਾਰਜਾਂ ਨੂੰ ਲੈ ਕੇ ਸਵਾਲ ਉਠਾਏ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਕਿਰਨਪ੍ਰੀਤ ਕੌਰ ਨੇ ਕਿਹਾ ਕਿ ਪਿੰਡ ਰੌਂਤਾ ਤੋਂ ਹਾਕਮ ਵਾਲਾ ਸੜਕ ਪਿਛਲੇ ਕਾਫੀ ਸਮੇਂ ਤੋਂ ਠੀਕ ਢੰਗ ਨਾਲ ਨਾ ਬਣਨ ਕਰਕੇ ਮੀਂਹ ਦਾ ਪਾਣੀ ਸਾਡੇ ਘਰਾਂ ਦੀਆਂ ਨੀਹਾਂ ਵਿੱਚ ਖੜ੍ਹ ਜਾਂਦਾ ਹੈ , ਜਿਸ ਨਾਲ ਘਰ ਦੀਆਂ ਕੰਧਾਂ ਵਿੱਚ ਸਲਾਬ ਚੜ੍ਹਨ ਨਾਲ ਕੰਧਾਂ ਵਿੱਚ ਤਰੇੜਾਂ ਆ ਰਹੀਆਂ ਹਨ । ਉਹਨਾਂ ਕਿਹਾ ਕਿ ਸਾਡੀ ਗਲੀ ਵਿੱਚ ਕੁੱਝ ਘਰ ਅਜਿਹੇ ਹਨ, ਜਿੰਨਾਂ ਦੀਆਂ ਮੀਂਹ ਵਾਲੇ ਪਾਣੀ ਦੀਵਾਰਾਂ ਵਿੱਚ ਪੈਣ ਕਾਰਨ ਘਰ ਦੀ ਛੱਤ ਡਿੱਗਣ ਕਿਨਾਰੇ ਹੈ । ਉਹਨਾਂ ਇਹ ਵੀ ਕਿਹਾ ਕਿ ਪਿੱਛਲੇ ਇੱਕ ਸਾਲ ਤੋਂ ਇਹ ਮਸਲੇ ਨੂੰ ਹੱਲ ਕਰਨ ਲਈ ਅਸੀਂ ਸਰਪੰਚ ਦੇ ਕੋਲ ਜਾ ਚੁੱਕੇ ਹਾਂ ਪਰ ਕੋਈ ਹੱਲ ਦਿਸਦਾ ਨਜ਼ਰ ਨਹੀਂ ਆ ਰਿਹਾ । ਅਸੀਂ ਇਸ ਵਾਰਡ ਦੇ ਮੈਂਬਰਾਂ ਕੋਲ ਦੇ ਧਿਆਨ ਵਿੱਚ ਵੀ ਇਸ ਮਸਲੇ ਨੂੰ ਲਿਆਂਦਾ ਪਰ ਸਭ ਬੇਕਾਰ , ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਜਿੰਨੀ ਜਲਦੀ ਸੰਭਵ ਹੋ ਸਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ, ਜੇਕਰ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤੇਜ ਕਰਾਂਗੇ। ਇਸ ਤੋਂ ਇਲਾਵਾ ਪਿੰਡ ਦੇ ਗੁਰਸੇਵਕ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਸਰਪੰਚ ਨੂੰ ਕਿਹਾ ਕਿ ਤੁਸੀਂ ਦੋ ਨਾਲਿਆਂ ਵਾਲੀਆਂ ਪਾਈਪਾਂ ਬਣਾਉ ਜਿਸ ਨਾਲ ਇਸ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ ਪਰ ਸਾਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ । ਇਸ ਤੋਂ ਇਲਾਵਾ ਸ਼੍ਰੋਮਣੀ ਆਕਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਸੁਖਮੰਦਰ ਸਿੰਘ ਨੇ ਕਿਹਾ ਕਿ ਸਰਪੰਚ ਵੱਲੋਂ 26 ਵਾਅਦੇ ਪੂਰੇ ਕਰਨ ਦੇ ਦਾਅਵੇ ਕੀਤੇ ਗਏ ਸੀ, ਉਹਨਾਂ ਵਿੱਚੋਂ ਇੱਕ ਵੀ ਪੂਰਾ ਕੀਤਾ ਹੋਵੇ ਅਸੀਂ ਦੇਣਦਾਰ ਹੋਵਾਂਗੇ। ਆਖਿਰ ਤੇ ਉਹਨਾ ਕਿਹਾ ਕਿ ਜੇਕਰ ਸਾਡੀ ਮੰਗ ਪੂਰੀ ਨਾ ਕੀਤੀ ਅਸੀਂ ਧਰਨਾ ਮੁਜ਼ਾਹਰਾ ਵੀ ਕਰਾਂਗੇ । ਇਸ ਸਮੇਂ ਵਕੀਲ ਕਿਰਮਨਪ੍ਰੀਤ ਕੌਰ ਅਤੇ ਉਹਨਾਂ ਦੀ ਮਾਤਾ ਤੋਂ ਇਲਾਵਾ, ਗੁਰਸੇਵਕ ਸਿੰਘ ਖਾਲਸਾ, ਸੁਖਮੰਦਰ ਸਿੰਘ, ਅਮ੍ਰਿਤਪਾਲ ਸਿੰਘ, ਮੱਖਣ ਸਿੰਘ, ਭੋਲਾ ਸਿੰਘ, ਮੁਖਤਿਆਰ ਸਿੰਘ, ਅਵਤਾਰ ਸਿੰਘ, ਪੂਰਨ ਸਿੰਘ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ ।
ਇਸ ਮਾਮਲੇ ‘ਚ ਸਰਪੰਚ ਦਾ ਕੀ ਕਹਿਣਾ?
ਇਸ ਮੁੱਦੇ ਤੇ ਜਦੋਂ ਪੱਤਰਕਾਰਾਂ ਨੇ ਸਰਪੰਚ ਬਲਰਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਦੇ ਨਿਕਾਸ ਵਾਲਾ ਗੰਦੇ ਪਾਣੀ ਦਾ ਨਾਲਾ ਪੁਰਾਣੀ ਪੰਚਾਇਤ ਦਾ ਬਣਾਇਆ ਹੋਇਆ ਸੀ। ਸੜਕ ਥੋੜੀ ਉੱਚੀ ਬਣਨ ਕਾਰਨ ,ਮੀਂਹ ਦਾ ਪਾਣੀ ਜਿਆਦਾ ਇਕੱਠਾ ਹੋਣ ਕਾਰਨ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਹਨਾਂ ਕਿਹਾ ਕਿ ਮੇਰਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ , ਜਿਸ ਕਰਕੇ ਮੈਂ ਇਲਾਕਾ ਦਾ ਵਿਕਾਸ ਕਿਸੇ ਨਾਲ ਭੇਦਭਾਵ ਕਰਾਂ ਤੇ ਉੱਥੋਂ ਦੇ ਵਿਕਾਸ ਤੇ ਰੋਕ ਲਾਵਾਂ । ਉਸਨੇ ਦੱਸਿਆ ਕਿ ਪਿਛਲੇ ਢਾਈ ਸਾਲ ਤੋਂ ਉਹ ਆਪਣਾ ਕੰਮ ਤਨਦੇਹੀ ਨਾਲ ਕਰ ਰਹੇ ਹਨ ਉਹਨਾ ਕਿਹਾ ਕਿ ਪਿੰਡ ਦੇ ਕਿਸੇ ਵੀ ਬੰਦੇ ਤੋਂ ਮੇਰੇ ਕੰਮਾਂ ਬਾਰੇ ਪੁੱਛ ਸਕਦੇ ਹੋ , ਇੱਕ ਇੱਕ ਰੁਪਏ ਦਾ ਹਿਸਾਬ ਦੇਣ ਲਈ ਤਿਆਰ ਹਾਂ । ਉਹਨਾਂ ਕਿਹਾ ਕਿ ਜੋ ਕੰਮ ਅਸੀਂ ਕਰ ਰਹੇ ਹਾਂ , ਪੂਰਾ ਵਿਉਂਤਬੰਦੀ ਨਾਲ ਕਰ ਰਹੇ ਹਾਂ, ਇਸ ਦਾ ਪਤਾ ਲੋਕਾਂ ਨੂੰ ਜਲਦੀ ਹੀ ਲੱਗੇਗਾ । ਸਰਕਾਰ ਦੁਆਰਾ ਕੋਈ ਗਰਾਂਟ ਨਾ ਮਿਲਣ ਕਰਕੇ ਸਾਨੂੰ ਕੁਝ ਕਾਰਜਾਂ ਨੂੰ ਪੂਰਾ ਕਰਨ ਵਿੱਚ ਦੇਰੀ ਹੋ ਰਹੀ ਹੈ । ਜਿਸ ਨਾਲੇ ਦੀ ਪਿੰਡ ਵਾਸੀ ਗੱਲ ਕਰ ਰਹੇ ਹਨ, ਉਸ ਨਾਲੇ ਤੇ ਇੱਟਾਂ ਲਾਉਣ ਦੀ ਲੋੜ ਪਈ ਤਾਂ ਅਸੀਂ ਲਾਉਣ ਨੂੰ ਤਿਆਰ ਹਾਂ। ਸਰਪੰਚ ਨੇ ਕਿਹਾ ਕਿ ਹਰ ਇਕ ਦਾ ਨੈਤਿਕ ਫਰਜ ਹੁੰਦਾ ਹੈ ਕਿ ਉਹ ਸਰਪੰਚ ਨੂੰ ਆ ਕੇ ਕਹਿਣ ਦਾ ਅਤੇ ਮੇਰਾ ਵੀ ਫਰਜ ਆ ਹਰ ਇੱਕ ਨਾਲ ਦੁੱਖ ਸੁੱਖ ਕਰਨ ਦਾ, ਜੇ ਕੋਈ ਗੱਲ ਆ ਤਾਂ ਮੇਰੇ ਨਾਲ ਬੈਠ ਕੇ ਇਸ ਮੁੱਦੇ ਤੇ ਗੱਲ ਕਰਨ ਤਾਂ ਹੱਲ ਕਰਨ ਲਈ ਤਿਆਰ ਹਾਂ । ਆਖਿਰ ਤੇ ਉਹਨਾਂ ਕਿਹਾ ਕਿ ਪਿੰਡ ਸਾਡਾ ਘਰ ਹੈ , ਉਸ ਦੀ ਤਰੱਕੀ ਲਈ ਅਸੀਂ ਦਿਨ ਰਾਤ ਕਰ ਰਹੇ ਹਾਂ । ਜਲਦੀ ਹੀ ਆਉਣ ਵਾਲੇ ਸਮੇਂ ਵਿੱਚ ਨਵੇਂ ਪ੍ਰੋਜੇਕਟ ਤੇ ਕੰਮ ਕਰ ਰਹੇ ਤਾਂ ਜੋ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ ।
