ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨਵੀ ਰਾਜਧਾਨੀ ਲੰਡਨ ਦੇ ਵਿਕਟੋਰੀਆ ਸਟੇਸ਼ਨ ਦੇ ਬਾਹਰ ਮੰਗਲਵਾਰ ਨੂੰ ਦੋ ਬੱਸਾਂ ਦੀ ਹੋਈ ਟੱਕਰ ਕਾਰਨ ਇੱਕ ਔਰਤ ਦੀ ਮੌਤ ਹੋਣ ਦੇ ਨਾਲ ਦੋ ਹੋਰ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਇੱਕ ਸਿੰਗਲ ਡੈਕਰ 507 ਬੱਸ ਦੂਜੀ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਸਵੇਰੇ 8.30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। ਇਸ ਹਾਦਸੇ ਉਪਰੰਤ ਏਅਰ ਐਂਬੂਲੈਂਸ ਸਮੇਤ ਐਮਰਜੈਂਸੀ ਕਰਮਚਾਰੀਆਂ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਤਿੰਨ ਲੋਕਾਂ ਦਾ ਇਲਾਜ ਕੀਤਾ ਜਿਹਨਾਂ ਵਿੱਚੋਂ ਦੋ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਇਕ ਹੋਰ ਔਰਤ ਪੈਦਲ ਯਾਤਰੀ (ਉਮਰ 30 ਸਾਲ ਦੇ ਕਰੀਬ) ਨੂੰ ਸਵੇਰੇ 9 ਵਜੇ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ। ਟੀ ਐਫ ਐਲ ਦੇ ਕਮਿਸ਼ਨਰ ਐਂਡੀ ਬਾਈਫੋਰਡ ਨੇ ਹਾਦਸੇ ਕਾਰਨ ਹੋਈ ਮਹਿਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਦੋਵੇਂ ਬੱਸਾਂ ਦੀਆਂ ਏਜੰਸੀਆਂ ਨਾਲ ਮਿਲ ਕੇ ਪੁਲਿਸ ਇਸ ਹਾਦਸੇ ਦੀ ਜਾਂਚ ਲਈ ਕੰਮ ਕਰ ਰਹੀ ਹੈ।
