ਮੁੱਖ ਮੰਤਰੀ ਦੇ ਚੋਣ ਵਾਅਦੇ ਖਿਲਾਫੀ ਵਿਰੁੱਧ ਮੋਤੀ ਮਹਿਲ ਵੱਲ 11 ਨੂੰ ਹੋਵੇਗਾ ਮਾਰਚ
ਪਟਿਆਲਾ (ਦਲਜੀਤ ਕੌਰ ਭਵਾਨੀਗੜ੍ਹ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਚੋਣ ਵਾਅਦਾ ਖਿਲਾਫੀ ਦੇ ਤਿੱਖੇ ਵਿਰੋਧ ਵਜੋਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਆਧਾਰਿਤ ਮਜ਼ਦੂਰਾਂ ਦੇ ਸਾਂਝੇ ਮੋਰਚੇ ਵਲੋਂ ਕੱਲ ਤੋਂ ਪਟਿਆਲਾ ਦੇ ਪੁੱਡਾ ਗਰਾਉਂਡ ਵਿਖੇ ਸ਼ੁਰੂ ਕੀਤੇ ਗਏ ਮੋਰਚੇ ਵਿੱਚ ਅੱਜ ਦੂਜੇ ਦਿਨ ਵੀ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਕਰਜੇ ਤੇ ਬਿਜਲੀ ਬਿੱਲਾਂ ਦੀ ਮੁਆਫ਼ੀ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ,ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਦੀ ਵਾਪਸੀ ਆਦਿ ਮੰਗਾਂ ਨੂੰ ਲੈ ਕੇ ਡਟੇ ਰਹੇ। ਮਜ਼ਦੂਰ ਆਗੂਆਂ ਨੇ ਇੱਕਜੁੱਟ ਹੋ ਕੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ ਅਤੇ ਇਸੇ ਕੜੀ ਤਹਿਤ 11 ਅਗਸਤ ਨੂੰ ਮੁੱਖ ਮੰਤਰੀ ਦੇ ਮਹਿਲ ਵੱਲ ਹਜ਼ਾਰਾਂ ਮਜ਼ਦੂਰਾਂ ਮਰਦ ਔਰਤਾਂ ਵੱਲੋਂ ਮਾਰਚ ਕੀਤਾ ਜਾਵੇਗਾ।ਇਸੇ ਦੌਰਾਨ ਬੀਤੀ ਰਾਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੂੰਦੜ ਤੋਂ ਮੋਰਚੇ ‘ਚ ਆਈ ਬਜ਼ੁਰਗ ਮਾਤਾ ਗੁਰਤੇਜ ਕੌਰ ਦੌਰਾ ਪੈਣ ਕਾਰਨ ਸ਼ਹੀਦ ਹੋ ਗਈ। ਅੱਜ ਮਜ਼ਦੂਰ ਮੋਰਚੇ ਵੱਲੋਂ ਗੁਰਤੇਜ ਕੌਰ ਨੂੰ ਮੋਰਚੇ ਦੀ ਸ਼ਹੀਦ ਕਰਾਰ ਦਿੰਦਿਆਂ ਉਹਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਉਹਨਾਂ ਦੇ ਵਾਰਸਾਂ ਨੂੰ ਦਸ ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਪੱਕੀ ਨੌਕਰੀ ਦੇਣ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦੀ ਮੰਗ ਵੀ ਕੀਤੀ ਗਈ ਅਤੇ ਮੰਗਾਂ ਪੂਰਤੀ ਤੱਕ ਉਹਨਾਂ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਮਹੀਪਾਲ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਮੱਖਣ ਸਿੰਘ ਰਾਮਗੜ੍ਹ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਅਟਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੰਦੀਪ ਪੰਡੋਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਸੰਤੋਖ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦਲਿਤਾਂ ਨੂੰ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਅਮਲ ਵਿੱਚ ਦਿੱਤੀਆਂ ਜਾਣ, ਦਲਿਤਾਂ ਉਪਰ ਸਮਾਜਿਕ ਤੇ ਸਰਕਾਰੀ ਜ਼ਬਰ ਬੰਦ ਕਰਨ ਆਦਿ ਮੰਗਾਂ ਲਈ ਪੇਂਡੂ ਅਤੇ ਖੇਤ ਮਜ਼ਦੂਰ ਸੰਘਰਸ਼ ਕਰ ਰਹੇ ਹਨ। ਹਰ ਰੰਗ ਦੀਆਂ ਸਰਕਾਰਾਂ ਵਾਂਗ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਚੋਣ ਵਾਅਦੇ ਵੀ ਹਵਾਈ ਗੋਲੇ ਸਾਬਤ ਹੋਏ ਹਨ ਜਿਸ ਕਾਰਨ ਹਜ਼ਾਰਾਂ ਨੂੰ ਮਜ਼ਦੂਰ ਮੁੱਖ ਮੰਤਰੀ ਦੇ ਸ਼ਹਿਰ ‘ਚ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਅੱਜ਼ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸਾਹਿਬ ਸਿੰਘ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਮੁੱਖ ਆਗੂ ਮੁਕੇਸ਼ ਮਲੌਦ ਨੇ ਸੰਬੋਧਨ ਦੌਰਾਨ ਮਜ਼ਦੂਰ ਮੰਗਾਂ ਤੇ ਮੋਰਚੇ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀ ਸਾਂਝੀ ਜੋਟੀ ਦੇ ਜ਼ੋਰ ਹੀ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਅਤੇ ਖੇਤੀ ਕਾਨੂੰਨਾਂ ਸਮੇਤ ਮਜ਼ਦੂਰਾਂ ਕਿਸਾਨਾਂ ਦੀ ਗ਼ਰੀਬੀ, ਬੇਰੁਜ਼ਗਾਰੀ ਤੇ ਖੁਦਕੁਸ਼ੀਆਂ ਦਾ ਸਾਧਨ ਬਣ ਰਹੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਮੂੰਹ ਮੋੜਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਦੀ ਸਾਂਝ ਦੇ ਰਾਹ ‘ਚ ਅੜਿੱਕਾ ਬਣਦੀ ਜ਼ਾਤ ਪਾਤੀ ਦੀ ਸਮੱਸਿਆ ਨੂੰ ਦੂਰ ਕਰਨਾ ਬੇਹੱਦ ਅਹਿਮ ਹੈ। ਇਸ ਮੌਕੇ ਉੱਘੇ ਅਰਥ ਸ਼ਾਸਤਰੀ ਡਾਕਟਰ ਗਿਆਨ ਨੇ ਆਪਣੇ ਖੋਜ ਅਧਿਐਨਾਂ ਦੇ ਹਵਾਲੇ ਨਾਲ ਮਜ਼ਦੂਰਾਂ ਦੀ ਮੁਕਤੀ ਲਈ ਜ਼ਮੀਨ ਦੀ ਵੰਡ ਦੇ ਮੁੱਦੇ ਨੂੰ ਉਭਾਰਿਆ।ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ,ਪੀ ਐਸ ਯੂ ਸ਼ਹੀਦ ਰੰਧਾਵਾ ਦੇ ਬਲਵਿੰਦਰ ਸਿੰਘ ਸੋਨੀ, ਕਰੋਨਾ ਵਲੰਟੀਅਰ ਯੂਨੀਅਨ ਦੇ ਆਗੂ ਚਮਕੌਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਮੀਤ ਸਿੰਘ ਦਾਊਦ, ਤੋਂ ਇਲਾਵਾ ਮਜ਼ਦੂਰ ਮੋਰਚੇ ਦੇ ਆਗੂ ਪਰਮਜੀਤ ਸਿੰਘ ਰੰਧਾਵਾ, ਦੇਵੀ ਕੁਮਾਰੀ, ਹਰਮੇਸ਼ ਮਾਲੜੀ,ਨਿਰਮਲ ਸਿੰਘ, ਧਰਮਪਾਲ, ਬਲਵਿੰਦਰ ਸਿੰਘ ਜਲੂਰ, ਕਿਰਸਨ ਚੌਹਾਨ, ਦਰਸ਼ਨਾਂ ਜੋਸ਼ੀ , ਜ਼ੋਰਾ ਸਿੰਘ ਨਸਰਾਲੀ ਤੇ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਵੀ ਸੰਬੋਧਨ ਕੀਤਾ।
ਧਰਨੇ ‘ਚ ਸ਼ਹੀਦ ਹੋਈ ਮਾਤਾ ਨਾਲ਼ ਸਬੰਧਤ ਮੰਗਾਂ ਮੰਨਣ ਦਾ ਪ੍ਰਸ਼ਾਸਨ ਨੇ ਦਿੱਤਾ ਭਰੋਸਾ
ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਐੱਸ ਡੀ ਐੱਮ ਪਟਿਆਲਾ ਵੱਲੋਂ ਮਜ਼ਦੂਰ ਆਗੂਆਂ ਨਾਲ਼ ਮੀਟਿੰਗ ਉਪਰੰਤ ਮੋਰਚੇ ਦੀ ਸਟੇਜ ਤੋਂ ਆ ਕੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੀਤੀ ਮੁਤਾਬਕ ਨੌਕਰੀ ਦੇਣ ਤੇ ਕਰਜ਼ਾ ਖ਼ਤਮ ਕਰਨ ਅਤੇ ਰਾਤ ਸਮੇਂ ਧਰਨਾਕਾਰੀਆਂ ਨਾਲ ਬਦਸਲੂਕੀ ਕਰਨ ਵਾਲੇ ਥਾਣੇਦਾਰ ਖਿਲਾਫ਼ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ।