ਮੁਬਾਰਕਪੁਰ ਨੇ ਮਲੇਰਕੋਟਲਾ ਫੁੱਟਬਾਲ ਕਲੱਬ ਨੂੰ 2-1 ਨਾਲ ਹਰਾਇਆ
ਮਲੇਰਕੋਟਲਾ (ਜੌੜਾ) ਮਲੇਰਕੋਟਲਾ ਫੁੱਟਬਾਲ ਚੈਂਪੀਅਨ ਲੀਗ ਅਲ-ਕੌਸਰ ਫੁੱਟਬਾਲ ਅਕੈਡਮੀ ਕਿਲਾ ਰਹਿਮਤਗੜ੍ਹ ਜੋ ਕਿ ਸਟਾਰ ਇੰਪੈਕਟ ਪ੍ਰਾ. ਲਿਮਿਟਡ ਵੱਲੋਂ ਚਲਾਈ ਜਾ ਰਹੀ ਹੈ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈ । ਦੋ ਮਹੀਨੇ ਚੱਲੀ ਵੀਕਐਂਡ ਫੁੱਟਬਾਲ ਲੀਗ ਦਾ ਫਾਈਨਲ ਮੈਚ ਮਲੇਰਕੋਟਲਾ ਫੁੱਟਬਾਲ ਕਲੱਬ ਅਤੇ ਮੁਬਾਰਕਪੁਰ ਚੂੰਘਾਂ ਫੁੱਟਬਾਲ ਕਲੱਬ ਦਰਮਿਆਨ ਖੇਡਿਆ ਗਿਆ । ਬਹੁਤ ਹੀ ਰੋਮਾਂਚਕ ਮੈਚ ਵਿੱਚ ਸ਼ੇਬੀ ਖਾਨ ਨੇ ਗੋਲ ਕਰਕੇ ਮਲੇਰਕੋਟਲਾ ਫੁੱਟਬਾਲ ਕਲੱਬ ਨੂੰ 1-0 ਦੀ ਲੀਡ ਦਿਵਾ ਦਿੱਤੀ। ਬਾਅਦ ਵਿੱਚ ਗੁਰੀ ਨੇ ਮੁਬਾਰਕਪੁਰ ਚੂੰਘਾਂ ਫੁੱਟਬਾਲ ਕਲੱਬ ਲਈ ਬਰਾਬਰੀ ਦਾ ਗੋਲ ਕੀਤਾ। ਫਿਰ ਅੰਤਿਮ ਸਮੇਂ ਵਿੱਚ ਬਿੱਲੂ ਖਾਨ ਨੇ ਜੇਤੂ ਗੋਲ ਕਰਕੇ ਮੁਬਾਰਕਪੁਰ ਨੂੰ ਇਸ ਲੀਗ ਦਾ ਚੈਂਪੀਅਨ ਬਣਾ ਦਿੱਤਾ। ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਇੰਦਰਜੀਤ ਸਿੰਘ ਮੁੰਡੇ (ਕੇ. ਐਸ. ਐਗਰੋ ) ਆਪ ਹਾਜ਼ਰ ਨਾ ਹੋ ਸਕੇ ਅਤੇ ਆਪਣੇ ਪ੍ਰਤੀਨਿਧੀ ਅਬਦੁਲ ਸੱਤਾਰ ਹਾਂਡਾ ਨੂੰ ਭੇਜ ਕੇ ਇਨਾਮਾਂ ਦੀ ਵੰਡ ਕੀਤੀ । ਇਸ ਮੌਕੇ ਨਿਰਮਲ ਸਿੰਘ (ਨਿੰਮਾ ਬਾਈ) ਸ਼ੇਰਪੁਰ ਤੋਂ ਵਿਸ਼ੇਸ਼ ਤੌਰ ਇਨਾਮ ਵੰਡ ਸਮਾਰੋਹ ‘ਚ ਸ਼ਾਮਿਲ ਹੋਏ । । ਉਨ੍ਹਾਂ ਦੇ ਨਾਲ ਰਵੀ ਸਿੰਘ, ਮੈਡਮ ਬਲਵਿੰਦਰ ਕੌਰ ਇੰਸਪੈਕਟਰ ਪੰਜਾਬ ਪੁਲਿਸ, ਕਾਕਾ ਸਰਪੰਚ ਜਹਾਂਗੀਰ, ਜੱਗੀ ਢੀਂਡਸਾ ਦਾ ਐੱਜ਼ ਧੂਰੀ, ਮੱਖਣ ਸ਼ੇਰਗਿੱਲ, ਰੂਬੀ ਸਮਰਾ, ਮਨੀ ਨਾਗਰਾ ਨੇ ਸ਼ਿਰਕਤ ਕੀਤੀ । ਮੁਹੰਮਦ ਆਜ਼ਮ, ਜੇ ਬੀ ਰਿਟੇਲਰ ਵੱਲੋਂ ਚਾਰੋਂ ਸੈਮੀ ਫਾਈਨਲ ਵਾਲੀਆਂ ਟੀਮਾਂ ਨੂੰ ਸ਼ਾਨਦਾਰ ਕਿਟਾਂ ਵੰਡ ਕੇ ਖਿਡਾਰੀਆਂ ਦਾ ਮਾਣ ਵਧਾਇਆ । ਲੀਗ ਦੀ ਅਗਵਾਈ ਮੁਹੰਮਦ ਸ਼ਰੀਫ਼ ਸਾਬਕਾ ਅਧਿਕਾਰੀ ਏਅਰ ਫੋਰਸ ਨੇ ਕੀਤੀ ਅਤੇ ਮੁਹੰਮਦ ਨਜ਼ੀਰ (ਅੰਤਰਰਾਸ਼ਟਰੀ ਖਿਡਾਰੀ) ਸਰਫ਼ਰਾਜ਼ ਖਾਨ ਕੋਚ , ਮੁਹੰਮਦ ਅਕਰਮ ਕੋਚ , ਮੁਹੰਮਦ ਇਮਰਾਨ ਜੁਡੋ ਕੋਚ, ਮੁਹੰਮਦ ਫੈਸਲ, ਮਾਸਟਰ ਅਸਰਾਰ-ਉਲ-ਹੱਕ, ਮੁਮਤਾਜ਼ ਅਖਤਰ (ਏ.ਜੀ. ਜੈਪੁਰ), ਡਾਕਟਰ ਸ਼ਰਾਫ਼ਤ ਅਲੀ, ਡਾਕਟਰ ਮੁਹੰਮਦ ਸ਼ਹਿਜ਼ਾਦ, ਮੁਹੰਮਦ ਸ਼ਮਸ਼ਾਦ (ਸ਼ਾਜ਼ਾ), ਬਾਲੀ ਅੱਬਾਸਪੁਰਾ, ਮੁਹੰਮਦ ਦਿਲਸ਼ਾਦ ਸ਼ਫ਼ੀ ਸਵੀਟਸ ਦੀ ਟੀਮ ਨਾਲ ਮਿਲ ਕੇ ਲੀਗ ਨੂੰ ਬਾਖ਼ੂਬੀ ਸੰਪੰਨ ਕਰਵਾਇਆ। ਇੱਥੇ ਵਰਨਣਯੋਗ ਹੈ ਕਿ ਅਲ-ਕੌਸਰ ਫੁੱਟਬਾਲ ਅਕੈਡਮੀ ਕਿਲਾ ਰਹਿਮਤਗੜ੍ਹ ਦੇ ਦੋ ਖਿਡਾਰੀ ਮੁਹੰਮਦ ਸਾਲਿਕ ਅਤੇ ਮੁਹੰਮਦ ਸਾਹਿਲ ਨੇ ਰਾਜਸਥਾਨ ਲੀਗ ਵਿੱਚ ਜਿੰਕ ਫੁੱਟਬਾਲ ਅਕੈਡਮੀ ਉਦੇਪੁਰ ਵੱਲੋਂ ਹਿੱਸਾ ਲਿਆ ਅਤੇ ਟੀਮ ਨੂੰ ਚੈਂਪੀਅਨ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ । ਕਾਸ਼ਿਫ਼ ਫਾਰੂਕੀ ਹਕੀਕਤ ਟੀ.ਵੀ. ਦੀ ਪ੍ਰੈਸ ਟੀਮ ਨੇ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਨ ਨਸ਼ਰ ਕਰਕੇ ਫੁੱਟਬਾਲ ਲੀਗ ਨੂੰ ਚਾਰ ਚੰਨ ਲਗਾ ਦਿੱਤੇ ।
