ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਟੈਕਸਾਸ ਦੇ ਇੱਕ ਨਾਈਟ ਕਲੱਬ ਵਿੱਚ ਐਤਵਾਰ ਸਵੇਰੇ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਇਸ ਘਟਨਾ ਬਾਰੇ ਹੈਰਿਸ ਕਾਉਂਟੀ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਹਿਊਸਟਨ ਦੇ ਵਿਜ਼ਨਜ਼ ਨਾਈਟ ਕਲੱਬ ਦੇ ਅੰਦਰ ਇਹ ਗੋਲੀਬਾਰੀ ਵਾਪਰੀ ਹੈ। ਅਧਿਕਾਰੀਆਂ ਅਨੁਸਾਰ ਕਲੱਬ ਵਿੱਚ ਕੁੱਝ ਲੋਕਾਂ ਦਰਮਿਆਨ ਲੜਾਈ ਹੋਈ, ਜਿਸ ਉਪਰੰਤ ਕਈ ਵਿਅਕਤੀਆਂ ਨੇ ਹਥਿਆਰ ਕੱਢ ਕੇ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਦੁਆਰਾ ਕਾਰਵਾਈ ਦੌਰਾਨ ਕਲੱਬ ਵਿੱਚ ਪਹੁੰਚਣ ‘ਤੇ ਡੇਰਿਕ ਜਾਨਸਨ ਨਾਮ ਦੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਇਸਦੇ ਇਲਾਵਾ ਚਾਰ ਲੋਕਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ ਇੱਕ ਹੋਰ ਵਿਅਕਤੀ ਦੇ ਸਿਰ ਵਿੱਚ ਗੋਲੀ ਲੱਗੀ, ਪਰ ਉਸਦੇ ਬਚਣ ਦੀ ਉਮੀਦ ਹੈ। ਜਦੋਂ ਲੜਾਈ ਸ਼ੁਰੂ ਹੋਈ ਤਾਂ ਲਗਭਗ 100 ਲੋਕ ਕਲੱਬ ਦੀ ਇੱਕ ਪ੍ਰਾਈਵੇਟ ਪਾਰਟੀ ਵਿੱਚ ਸ਼ਾਮਲ ਸਨ। ਪੁਲਿਸ ਨੂੰ ਘਟਨਾ ਸਥਾਨ ‘ਤੇ ਕੁੱਝ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਅਨੁਸਾਰ ਫਿਲਹਾਲ ਗੋਲੀਬਾਰੀ ਦੇ ਸੰਬੰਧ ਵਿੱਚ ਕਿਸੇ ਉੱਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਅਤੇ ਇਸ ਜਾਨਲੇਵਾ ਘਟਨਾ ਦੀ ਜਾਂਚ ਜਾਰੀ ਹੈ।
