ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਹਨਾਂ ਵਿੱਚ ਖਾਸ ਕਰਕੇ ਡੈਲਟਾ ਵੈਰੀਐਂਟ ਦੀ ਬਹੁਤਾਤ ਹੈ। ਉੱਥੇ ਹੀ ਸਾਊਥ ਡਕੋਟਾ ਦੇ ਸਟਰਗਿਸ ਵਿੱਚ ਭਾਰੀ ਇਕੱਠ ਵਾਲੀ ਮੋਟਰਸਾਈਕਲ ਰੈਲੀ ਦੀ ਸ਼ੁਰੂਆਤ ਕੀਤੀ ਗਈ ਹੈ। ਕੋਰੋਨਾ ਵਾਇਰਸ ਦੀ ਲਾਗ ਦੀ ਚਿੰਤਾ ਕੀਤੇ ਬਿਨਾਂ ਹਜ਼ਾਰਾਂ ਬਾਈਕਰ ਸਲਾਨਾ 10 ਦਿਨਾਂ ਦੀ ਸਟਰਗਿਸ ਮੋਟਰਸਾਈਕਲ ਰੈਲੀ ਲਈ ਸਟਰਗਿਸ ਵਿੱਚ ਇਕੱਠੇ ਹੋਏ ਹਨ। ਇਹ ਰੈਲੀ ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਗਈ ਹੈ ਜਦਕਿ ਸਾਊਥ ਡਕੋਟਾ ਵਿੱਚ, ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਦਿਨਾਂ ਵਿੱਚ ਕੋਰੋਨਾ ਕੇਸਾਂ ‘ਚ ਲਗਭਗ 70% ਵਾਧਾ ਹੋਇਆ ਹੈ। ਇਸ ਰੈਲੀ ਵਿੱਚ ਮਾਸਕ ਜਾਂ ਟੀਕਾਕਰਨ ਦੇ ਕਿਸੇ ਸਬੂਤ ਦੀ ਲੋੜ ਨਹੀਂ ਹੈ। ਇਸ ਵਿੱਚ ਸ਼ਾਮਲ ਹੋਣ ਵਾਲੇ ਬਾਈਕਰ ਕੋਰੋਨਾ ਦੀ ਪ੍ਰਵਾਹ ਨਹੀਂ ਕਰ ਰਹੇ ਹਨ। ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਔਸਤ ਕੇਸਾਂ ਦੀ ਗਿਣਤੀ ਪਿਛਲੇ ਦੋ ਹਫਤਿਆਂ ਵਿੱਚ 102% ਵੱਧ ਗਈ ਹੈ। ਸੀ ਡੀ ਸੀ ਨੇ ਦੱਸਿਆ ਕਿ ਅਮਰੀਕਾ ਵਿੱਚ 50% ਬਾਲਗਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕੇ ਹਨ। ਇਸਦੇ ਇਲਾਵਾ ਇਸ ਰੈਲੀ ਕਰਕੇ ਵਾਇਰਸ ਦੀ ਲਾਗ ਫੈਲਣ ਦਾ ਖਦਸ਼ਾ ਹੈ।
