ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਵਿਡ -19 ਦੇ ਪ੍ਰਕੋਪ ਦਾ ਸਾਹਮਣਾ ਇੱਕ ਵਾਰ ਫਿਰ ਤੋਂ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਔਸਤਨ ਇੱਕ ਲੱਖ ਦੇ ਕਰੀਬ ਨਵੇਂ ਪੁਸ਼ਟੀ ਕੀਤੇ ਰੋਜ਼ਾਨਾ ਦੇ ਕੋਰੋਨਾ ਮਾਮਲੇ ਦਰਜ ਹੋ ਰਹੇ ਹਨ। ਵਧ ਰਹੀ ਲਾਗ ਕਾਰਨ ਸਿਹਤ ਅਧਿਕਾਰੀਆਂ ਨੂੰ ਡਰ ਹੈ ਕਿ ਜੇ ਵਧੇਰੇ ਅਮਰੀਕਨ ਟੀਕੇ ਨੂੰ ਨਹੀਂ ਅਪਣਾਉਂਦੇ ਤਾਂ ਕੇਸ, ਹਸਪਤਾਲ ਵਿੱਚ ਭਰਤੀ ਅਤੇ ਮੌਤਾਂ ਲਗਾਤਾਰ ਵਧਦੀਆਂ ਰਹਿਣਗੀਆਂ। ਟੀਕਾਕਰਨ ਦੇ ਅੰਕੜੇ ਦੱਸਦੇ ਹਨ ਕਿ 50% ਅਮਰੀਕੀ ਵਸਨੀਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਅਤੇ 70% ਤੋਂ ਵੱਧ ਬਾਲਗਾਂ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਜਨਵਰੀ ਦੇ ਅਰੰਭ ਵਿੱਚ ਲਗਭਗ 250,000 ਤੱਕ ਪਹੁੰਚਣ ਤੋਂ ਪਹਿਲਾਂ ਅਮਰੀਕਾ ਨੂੰ ਨਵੰਬਰ ਵਿੱਚ ਔਸਤਨ 100,000 ਰੋਜ਼ਾਨਾ ਦੇ ਕੇਸਾਂ ਨੂੰ ਪਾਰ ਕਰਨ ਵਿੱਚ ਲਗਭਗ 9 ਮਹੀਨੇ ਲੱਗੇ ਸਨ। ਜੂਨ ਵਿੱਚ ਕੇਸਾਂ ਦੀ ਗਿਣਤੀ ਘੱਟ ਕੇ ਪ੍ਰਤੀ ਦਿਨ ਔਸਤਨ 11,000 ਦਰਜ ਕੀਤੀ ਗਈ ਪਰ ਛੇ ਹਫਤਿਆਂ ਬਾਅਦ ਇਹ ਗਿਣਤੀ 107,143 ਤੱਕ ਪਹੁੰਚ ਗਈ ਹੈ। ਇਸਦੇ ਇਲਾਵਾ ਹਸਪਤਾਲਾਂ ਵਿੱਚ ਭਰਤੀ ਅਤੇ ਮੌਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਸੀ ਡੀ ਸੀ ਦੇ ਅਨੁਸਾਰ, 44,000 ਤੋਂ ਵੱਧ ਅਮਰੀਕਨ ਇਸ ਸਮੇਂ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਹਨ। ਸੀ ਡੀ ਸੀ ਦਾ ਕਹਿਣਾ ਹੈ ਕਿ ਫਲੋਰਿਡਾ, ਜਾਰਜੀਆ, ਅਲਾਬਮਾ, ਮਿਸੀਸਿਪੀ, ਉੱਤਰੀ ਕੈਰੋਲਿਨਾ, ਦੱਖਣੀ ਕੈਰੋਲੀਨਾ, ਟੈਨੇਸੀ ਅਤੇ ਕੈਂਟਕੀ ਵਿੱਚ ਹਸਪਤਾਲ ਦਾਖਲਿਆਂ ਦੀ ਦਰ ਜਿਆਦਾ ਹੈ।
