ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਲੱਗੀ ਜੰਗਲੀ ਅੱਗ ਲਗਾਤਾਰ ਵਧ ਰਹੀ ਹੈ। ਜੰਗਲਾਂ ਵਿੱਚ ਤਬਾਹੀ ਮਚਾਉਣ ਦੇ ਨਾਲ ਹੁਣ ਇਸ ਅੱਗ ਤੋਂ ਸ਼ਹਿਰ ਵੀ ਪ੍ਰਭਾਵਿਤ ਹੋ ਰਹੇ ਹਨ।ਫਾਇਰ ਫਾਈਟਰਜ਼ ਦੁਆਰਾ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਡਿਕਸੀ ਫਾਇਰ ਨੂੰ ਕਾਬੂ ਕਰਨ ਵਿੱਚ ਜੱਦੋ ਜਹਿਦ ਕੀਤੀ ਜਾ ਰਹੀ ਹੈ, ਜੋ ਹਫ਼ਤਿਆਂ ਤੋਂ ਫੇਦਰ ਰਿਵਰ ਕੈਨਿਅਨ ਦੇ ਕੋਲ ਬਲ ਰਹੀ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਇਸ ਅੱਗ ਕਰਕੇ ਬੁੱਧਵਾਰ ਨੂੰ 48,000 ਏਕੜ ਵਾਧੂ ਰਕਬਾ ਸੜ ਗਿਆ ਅਤੇ ਸ਼ੁੱਕਰਵਾਰ ਸਵੇਰ ਤੱਕ, ਕੈਲੀਫੋਰਨੀਆ ਦੀਆਂ ਕਾਉਂਟੀਆਂ ਪਲਮਾਸ, ਤੇਹਾਮਾ ਅਤੇ ਲਸੇਨ ਵੀ ਪ੍ਰਭਾਵਿਤ ਹੋਈਆਂ। ਪਲਮਾਸ ਕਾਉਂਟੀ ਦੇ ਸ਼ੈਰਿਫ ਨੇ ਵੀਰਵਾਰ ਰਾਤ ਨੂੰ ਜਾਣਕਾਰੀ ਦਿੱਤੀ ਕਿ ਅੱਗ ਨੇ ਸੈਕਰਾਮੈਂਟੋ ਤੋਂ ਲਗਭਗ 150 ਮੀਲ ਉੱਤਰ -ਪੂਰਬ ਵਿੱਚ, ਗ੍ਰੀਨਵਿਲੇ ਦੇ ਡਾਊਨ ਟਾਊਨ ਇਲਾਕੇ ਵਿੱਚ ਤਬਾਹੀ ਮਚਾਉਦਿਆਂ 100 ਤੋਂ ਵੱਧ ਘਰ ਅਤੇ ਬਹੁਤ ਸਾਰੇ ਕਾਰੋਬਾਰ ਤਬਾਹ ਕਰ ਦਿੱਤੇ ਹਨ। ਇਸਦੇ ਨਾਲ ਹੀ ਸੁਰੱਖਿਆ ਕਾਰਨਾਂ ਕਰਕੇ ਘੱਟੋ -ਘੱਟ 31,000 ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਗਿਆ ਹੈ। ਇਸ ਵੇਲੇ ਅਮਰੀਕਾ ਤਕਰੀਬਨ 100 ਜੰਗਲੀ ਅੱਗਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹਨਾਂ ਦੀ ਬਹੁਗਿਣਤੀ ਉੱਤਰੀ ਕੈਲੀਫੋਰਨੀਆ ਤੋਂ ਪੱਛਮੀ ਮੋਂਟਾਨਾ ਤੱਕ ਫੈਲੀ ਹੋਈ ਹੈ। ਬਹੁਤ ਸਾਰੇ ਇਲਾਕੇ ਅੱਗ ਦੇ ਖਤਰੇ ਦੀ ਗੰਭੀਰ ਚਿਤਾਵਨੀਆਂ ਦੇ ਅਧੀਨ ਹਨ। ਕੈਲੀਫੋਰਨੀਆ ਤੋਂ ਕੋਲੋਰਾਡੋ ਤੱਕ ਨੌ ਰਾਜਾਂ ਲਈ ਤੇਜ਼ ਹਵਾਵਾਂ ਦੇ ਕਾਰਨ ਚੇਤਾਵਨੀ ਜਾਰੀ ਕੀਤੀ ਗਈ ਹੈ । ਫਾਇਰ ਵਿਭਾਗ ਅਨੁਸਾਰ ਡਿਕਸੀ ਫਾਇਰ ਹੁਣ ਤੱਕ ਤਕਰੀਬਨ 361,812 ਏਕੜ ਤੋਂ ਵੱਧ ਨੁਕਸਾਨ ਕਰ ਚੁੱਕੀ ਹੈ। ਕੈਲ ਫਾਇਰ ਅਨੁਸਾਰ ਸ਼ੁੱਕਰਵਾਰ ਸਵੇਰ ਤੱਕ ਅੱਗ ਲੱਗਣ ਨਾਲ ਇੱਕ ਫਾਇਰਫਾਈਟਰ ਅਤੇ ਦੋ ਨਾਗਰਿਕ ਜ਼ਖਮੀ ਹੋਏ ਹਨ। ਇਸਦੇ ਇਲਾਵਾ ਅੱਗਾਂ ਕਾਰਨ ਕਈ ਖੇਤਰਾਂ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ।
