ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਮਰੀਕਾ ਵਿੱਚ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰ (AAPI) ਭਾਈਚਾਰੇ ਦੇ ਵਫਦ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਏਸ਼ੀਅਨ ਡੇਲੀਗੇਟਾਂ ਦੁਆਰਾ ਇਹ ਮੀਟਿੰਗ ਵਾਸ਼ਿੰਗਟਨ ਡੀ ਸੀ ਵਿੱਚ ਵਾਈਟ ਹਾਊਸ ਵਿਖੇ ਕੀਤੀ ਗਈ। ਇਸ ਬੈਠਕ ਵਿੱਚ ਰਾਸ਼ਟਰਪਤੀ ਨਾਲ ਵੋਟਿੰਗ ਅਧਿਕਾਰਾਂ, ਗਰੀਨ ਕਾਰਡ ਬੈਕਲਾਗ, ਇਮੀਗ੍ਰੇਸ਼ਨ ਆਦਿ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ। ਇੰਡੀਅਨ ਅਮੇਰਿਕਨ ਇਮਪੈਕਟ ਦੇ ਕਾਰਜਕਾਰੀ ਡਾਇਰੈਕਟਰ ਨੀਲ ਮਖੀਜਾ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਇਮੀਗ੍ਰੇਸ਼ਨ, ਵੋਟਿੰਗ ਅਧਿਕਾਰਾਂ ਅਤੇ ਖਾਸ ਤੌਰ ‘ਤੇ ਗ੍ਰੀਨ ਕਾਰਡ ਬੈਕਲਾਗ ਦੇ ਮੁੱਦੇ ਉਜਾਗਰ ਕੀਤੇ ਗਏ। ਮੀਟਿੰਗ ਦੌਰਾਨ, ਬਾਈਡੇਨ ਨੇ ਕਿਹਾ ਕਿ ਅਮਰੀਕੀ ਅਰਥ ਵਿਵਸਥਾ ਨੂੰ ਮਜ਼ਬੂਤ ਰੱਖਣ ਵਿੱਚ ਏਸ਼ੀਅਨ ਭਾਈਚਾਰੇ ਦੀ ਮਹੱਤਵਪੂਰਨ ਭੂਮਿਕਾ ਹੈ। ਜੋਅ ਬਾਈਡੇਨ ਨੇ ਸਵੀਕਾਰ ਕੀਤਾ ਕਿ ਇਮੀਗ੍ਰੇਸ਼ਨ , ਵੋਟ ਪਾਉਣ ਦੇ ਅਧਿਕਾਰਾਂ ‘ਤੇ ਕੰਮ ਕਰਨਾ ਬਹੁਤ ਜਰੂਰੀ ਹੈ। ਇਸ ਮੁਲਾਕਾਤ ਦੌਰਾਨ ਬਾਈਡੇਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹਨਾਂ ਨੇ ਦਫ਼ਤਰ ਵਿੱਚ ਪਹਿਲੇ ਦਿਨ ਹੀ ਨਸਲੀ ਬਰਾਬਰੀ ਨੂੰ ਅੱਗੇ ਵਧਾਉਣ ਦੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਹਨ।