ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਪੋਲੈਂਡ ਵਿੱਚ ਅਮਰੀਕੀ ਅੰਬੈਸਡਰ (ਰਾਜਦੂਤ) ਵਜੋਂ ਸੇਵਾਵਾਂ ਦੇਣ ਲਈ ਮਾਰਕ ਬ੍ਰਿਜ਼ਿੰਸਕੀ ਨੂੰ ਨਾਮਜ਼ਦ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਾਈਟ ਹਾਊਸ ਨੇ ਬੁੱਧਵਾਰ ਨੂੰ ਕਿਹਾ ਕਿ ਓਬਾਮਾ ਪ੍ਰਸ਼ਾਸਨ ਦੇ ਸਾਬਕਾ ਡਿਪਲੋਮੈਟ ਮਾਰਕ ਬ੍ਰਿਜ਼ਿੰਸਕੀ ਦੀ ਪੁਸ਼ਟੀ ਨਾਲ ਦੋਵੇਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਣਗੇ। ਬ੍ਰਿਜ਼ਿੰਸਕੀ ਇਸ ਤੋਂ ਪਹਿਲਾਂ ਵਾਈਟ ਹਾਊਸ ਦੀ ਆਰਕਟਿਕ ਕਾਰਜਕਾਰੀ ਸੰਚਾਲਨ ਕਮੇਟੀ ਦੇ ਪਹਿਲੇ ਕਾਰਜਕਾਰੀ ਡਾਇਰੈਕਟਰ ਅਤੇ 2011-2015 ਦੇ ਵਿੱਚ ਸਵੀਡਨ ‘ਚ ਅਮਰੀਕੀ ਰਾਜਦੂਤ ਵਜੋਂ ਸੇਵਾ ਨਿਭਾ ਚੁੱਕੇ ਹਨ। ਬਾਅਦ ਵਿੱਚ ਮਾਰਕ ਨੇ ਰਣਨੀਤੀ ਐਲ ਐਲ ਸੀ ਦੀ ਸਥਾਪਨਾ ਕੀਤੀ ਅਤੇ ਉਹ ਮਕੇਨਾ ਕੈਪੀਟਲ ਮੈਨੇਜਮੈਂਟ ਦੇ ਮੈਨੇਜਿੰਗ ਡਾਇਰੈਕਟਰ ਸਨ। ਜਿਕਰਯੋਗ ਹੈ ਕਿ ਬ੍ਰਿਜ਼ਿੰਸਕੀ ‘ਐਮ ਐਸ ਐਨ ਬੀ ਸੀ ਮਾਰਨਿੰਗ ਜੋਅ’ ਦੀ ਸਹਿ-ਹੋਸਟ ਮੀਕਾ ਬ੍ਰਿਜ਼ਿੰਸਕੀ ਦੇ ਭਰਾ ਅਤੇ ਸਵਰਗਵਾਸੀ ਜ਼ਬਿਗਨਿਊ ਬ੍ਰੇਜ਼ਿੰਸਕੀ ਦਾ ਪੁੱਤਰ ਹੈ, ਜੋ ਪੋਲਿਸ਼-ਅਮਰੀਕੀ ਡਿਪਲੋਮੈਟ ਅਤੇ ਜਿੰਮੀ ਕਾਰਟਰ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੀ। ਬ੍ਰਿਜ਼ਿੰਸਕੀ ਦੀ ਨਾਮਜ਼ਦਗੀ ਤੋਂ ਇਲਾਵਾ, ਵਾਈਟ ਹਾਊਸ ਨੇ ਕਈ ਹੋਰ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਭੂਮਿਕਾਵਾਂ ਲਈ ਨਾਮਜ਼ਦਗੀਆਂ ਦਾ ਐਲਾਨ ਵੀ ਕੀਤਾ ਹੈ, ਜਿਸ ਵਿੱਚ ਐਲਿਜ਼ਾਬੈਥ ਫਿਟਸਿਮੋਂਸ ਨੂੰ ਟੋਗੋ, ਰੇਬੇਕਾ ਗੋਂਜ਼ਲੇਸ ਨੂੰ ਲੈਸੋਥੋ, ਬ੍ਰਾਇਨ ਸ਼ੁਕਨ ਨੂੰ ਬੇਨਿਨ ਅਤੇ ਡੇਵਿਡ ਯੰਗ ਨੂੰ ਮਲਾਵੀ ਲਈ ਨਾਮਜ਼ਦ ਕੀਤਾ ਗਿਆ ਹੈ।