ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਰੱਖਿਆ ਏਜੰਸੀ ਪੈਂਟਾਗਨ ਦੇ ਨੇੜਲੇ ਇੱਕ ਟ੍ਰਾਂਜ਼ਿਟ ਸਟੇਸ਼ਨ ‘ਤੇ ਮੰਗਲਵਾਰ ਨੂੰ ਇੱਕ ਵਿਅਕਤੀ ਦੁਆਰਾ ਛੁਰੇਬਾਜੀ ਅਤੇ ਗੋਲੀਬਾਰੀ ਕੀਤੀ ਗਈ। ਇਸ ਵਿਅਕਤੀ ਵੱਲੋਂ ਇੱਕ ਪੁਲਿਸ ਅਧਿਕਾਰੀ ਨੂੰ ਮੰਗਲਵਾਰ ਸਵੇਰੇ ਪੈਂਟਾਗਨ ਟ੍ਰਾਂਜ਼ਿਟ ਸੈਂਟਰ ਵਿੱਚ ਚਾਕੂ ਮਾਰ ਦਿੱਤਾ ਗਿਆ, ਜਿਸ ਕਰਕੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਵਿਭਾਗ ਅਨੁਸਾਰ ਇਸ ਹਮਲਾਵਰ ਦੀ ਪਛਾਣ ਜਾਰਜੀਆ ਦੇ ਅਸਟਿਨ ਵਿਲੀਅਮ ਲੈਂਜ਼ ਵਜੋਂ ਹੋਈ ਹੈ ਅਤੇ ਇਸ ਹਮਲਾਵਰ ਦੀ ਵੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਸੀ। ਆਰਲਿੰਗਟਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲਾਵਰ ਨੇ ਮ੍ਰਿਤਕ ਅਧਿਕਾਰੀ ਦੇ ਸਿਰ ਵਿੱਚ ਪਿੱਛੇ ਤੋਂ ਚਾਕੂ ਮਾਰਿਆ ਅਤੇ ਫਿਰ ਅਧਿਕਾਰੀ ਨੂੰ ਨਿਹੱਥਾ ਕਰਕੇ ਅਧਿਕਾਰੀ ਨੂੰ ਆਪਣੀ ਬੰਦੂਕ ਨਾਲ ਗੋਲੀ ਮਾਰਨ ਲਈ ਅੱਗੇ ਵਧਿਆ। ਇਸ ਦੌਰਾਨ ਹਮਲਾਵਰ ਦੀ ਵੀ ਗੋਲੀ ਲੱਗਣ ਨਾਲ ਮੌਤ ਹੋਈ ਮੰਨੀ ਜਾ ਰਹੀ ਹੈ, ਪਰ ਇਹ ਅਸਪਸ਼ਟ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ ਜਾਂ ਪੁਲਿਸ ਦੁਆਰਾ ਮਾਰ ਦਿੱਤਾ ਗਿਆ। ਇਹਨਾਂ ਦੇ ਇਲਾਵਾ ਘੱਟੋ ਘੱਟ ਇੱਕ ਹੋਰ ਰਾਹਗੀਰ ਵੀ ਜ਼ਖਮੀ ਹੋਇਆ ਹੈ। ਐਫ ਬੀ ਆਈ ਦੁਆਰਾ ਇਸ ਹਮਲੇ ਦੀ ਜਾਂਚ ਦੀ ਅਗਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਪਹਿਲੀ ਰਿਪੋਰਟ ਸਵੇਰੇ 11 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਸਾਹਮਣੇ ਆਈ ਅਤੇ ਪੈਂਟਾਗਨ ਫੋਰਸ ਪ੍ਰੋਟੈਕਸ਼ਨ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਪੈਂਟਾਗਨ ਨੂੰ ਇਸ ਟ੍ਰਾਂਜ਼ਿਟ ਸੈਂਟਰ ਵਿਖੇ ਵਾਪਰੀ ਘਟਨਾ ਕਾਰਨ ਬੰਦ ਕਰ ਦਿੱਤਾ ਗਿਆ ਸੀ।
