ਬ੍ਰਿਸਬੇਨ (ਹਰਜੀਤ ਲਸਾੜਾ) ਪਿਛਲੇ ਕਾਫ਼ੀ ਸਾਲਾਂ ਤੋਂ ਨਸ਼ਿਆਂ ਵਿਰੁੱਧ ਚੇਤਨਾ ਲਈ ਸਰਗਰਮ ਸੰਸਥਾ ‘ਕਿੱਕ ਡਰੱਗਜ਼ ਆਸਟ੍ਰੇਲੀਆ’ ਵੱਲੋਂ
ਆਪਣੀ ਦਸ ਸਾਲਾਂ ਦੀ ਕਾਰਜ ਸਮੀਖਿਆ ਅਤੇ ਸੰਸਥਾ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਬਾਬਤ ਦਸਵਾਂ ਸਾਲਾਨਾ ਸਮਾਗਮ ਜਲੰਧਰ ਕੈਂਟ (ਪੰਜਾਬ) ਵਿਖੇ ਕਰਵਾਇਆ ਗਿਆ। ਇੱਥੇ ਆਸਟਰੇਲੀਆ ‘ਚ ਬੌਬੀ ਜੌਹਲ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜਲੰਧਰ ਸਮਾਗਮ ‘ਚ ਡਾ਼ ਸੰਜੀਵ ਲੋਚਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਆਪਣੇ ਸੰਬੋਧਨ ‘ਚ ਕਿੱਕ ਡਰੱਗਜ਼ ਸੰਸਥਾ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸ਼ਾਂ ਕੀਤੀ ਤੇ ਨੌਜਵਾਨ ਪੀੜ੍ਹੀ ਨੂੰ ਵੱਧ ਤੋ ਵੱਧ ਵਿਗਿਆਨਕ ਤੇ ਰਚਨਾਤਮਕ ਢੰਗ ਦੇ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਪੰਜਾਬ ਵਿਚ ਸਿਹਤਮੰਦ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਅੱਜ ਦੀ ਤੇਜ ਰਫਤਾਰ ਜ਼ਿੰਦਗੀ ’ਚੋਂ ਰਾਖਵਾਂ ਸਮਾਂ ਕੱਢ ਕੇ ਇਸ ਬਾਬਤ ਬੱਚਿਆਂ ਦਾ ਮਨੋਬਲ ਉੱਚਾ ਚੁੱਕਣ ਲਈ ਯਤਨ ਕਰਨ। ਇਸ ਸਮਾਗਮ ‘ਚ ਆਸਟਰੇਲੀਆ ਤੋਂ ਸੰਸਥਾ ਦੇ ਉੁੱਘੇ ਮੈਂਬਰ ਬੌਬੀ ਜੌਹਲ, ਭਜਿੰਦਰ ਮਾਨ, ਪਰਵਿੰਦਰ ਸਿੰਘ ਅਤੇ ਨਵੀ ਮਾਨ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੇ ਵਿਚਾਰ ਰੱਖੇ। ਪੰਜਾਬ ਤੋਂ ਟੀਮ ਦੇ ਉੱਘੇ ਮੈਂਬਰ ਜਸਪਾਲ ਤੇਜਾ, ਵਿਵੇਕ ਜੋਸ਼ੀ, ਦੀਪਕ ਆਨੰਦ, ਪ੍ਰੋ. ਰਘਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਦਿਆਲ ਸਿੰਘ ਮਾਨ ਨੇ ਉਸਾਰੂ ਤਕਰੀਰਾਂ ਕੀਤੀਆਂ ਅਤੇ ਨਸ਼ਿਆਂ ਦੇ ਕੋਹੜ ਦੇ ਵਿਰੁੱਧ ਲੋਕ ਲਹਿਰ ਦੀ ਸਾਂਝੀ ਗੱਲ ਕੀਤੀ।ਬੁਲਾਰਿਆਂ ਨੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕੀ ਉਹ ਆਪਣੇ-ਆਪਣੇ ਪਿੰਡ ‘ਚ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਹਿਤ ‘ਕਿੱਕ ਡਰਗੱਜ਼’ ਸੰਸਥਾ ਦੀਆਂ ਸੇਵਾਵਾਂ ਲੈਣ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦੈਂਤ ਤੋਂ ਬਚਾ ਕੇ ਸਿਹਤਮੰਦ ਤੇ ਉਸਾਰੂ ਪਾਸੇ ਲਗਾਇਆ ਜਾ ਸਕੇ। ਦੱਸਣਯੋਗ ਹੈ ਕਿ ਕਿੱਕ ਡਰੱਗਜ਼ ਆਸਟ੍ਰੇਲੀਆ ਇੱਕ ਸਮਾਜਸੇਵੀ ਸੰਸਥਾ ਹੈ, ਜੋ ਨਸ਼ਿਆਂ ਵਿਰੁੱਧ ਆਸਟ੍ਰੇਲੀਆ ਅਤੇ ਪੰਜਾਬ ਵਿੱਚ ਲੋਕਾਂ ਨੂੰ ਜਮੀਨੀ ਪੱਧਰ ‘ਤੇ ਲਗਾਤਾਰ ਜਾਗਰੂਕ ਕਰ ਰਹੀ ਹੈ।ਇਸ ਸੰਸਥਾ ਦਾ ਮੁੱਖ ਮੰਤਵ ਪੰਜਾਬ ਦੇ ਸਕੂਲਾਂ ਅਤੇ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਲੋਕਾਈ ਨੂੰ ਮੁਫ਼ਤ ਸਿੱਖਿਆ ਦੇਣਾ ਹੈ। ਸੰਸਥਾ ਬੀਤੇ ਦਸ ਸਾਲਾਂ ਵਿੱਚ ਚਾਲੀ ਹਜ਼ਾਰ ਤੋਂ ਵੱਧ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਪ ਹੋਣ ਦਾ ਸੁਨੇਹਾ ਪਹੁੰਚਾ ਚੁੱਕੀ ਹੈ।
