ਨਿੰਦਰ ਘੁਗਿਆਣਵੀ

ਇਹ ਫੋਟੂ ਪਤਾ ਨਹੀ ਕਿਹੜੇ ਖੁਰਲੇ ਖੂੰਜਿਓਂ ਆਣ ਟਪਕੀ ਹੈ। ਬੜੀ ਪੁਰਾਣੀ ਹੈ ਏਹ ਫੋਟੋ। 1992 ਜਾਂ 93 ਦੀ ਹੋਵੇਗੀ। ਹਰੇਕ ਵੀਰਵਾਰ ਨੂੰ ਬਾਬਾ ਫਰੀਦ ਜੀ ਦੇ ਟਿੱਲੇ ਉਤੇ ਦੀਵਾਨ ਸਜਦਾ ਹੁੰਦਾ, (ਇਹ ਫੋਟੂ ਉਥੇ ਗਾ ਰਹੇ ਦੀ ਹੈ, ਢੋਲਕੀ ਹੁਸਨ ਲਾਲ ਨਾਂ ਦਾ ਮੁੰਡਾ ਵਜਾ ਰਿਹੈ। ਇਕ ਤੂੰਬੀ ਵਾਲਾ ਬਾਬਾ ਅੱਖੋਂ ਮੁਨਾਖਾ, ਆਪਣੀ ਛੋਟੀ ਜਿਹੀ ਬਾਲੜੀ ਦੀ ਉਂਗਲੀ ਫੜ ਕੇ ਦੀਵਾਨ ਵਿਚ ਗਾਉਣ ਆਇਆ ਬੈਠਾ, ਜੋ ਹਰ ਵੀਰਵਾਰ ਆਉਂਦਾ ਹੈ ਤੇ ਮੈਨੂੰ ਉਸ ਬਾਬੇ ਉਤੇ ਬੜਾ ਤਰਸ ਆਉਂਦਾ, ਪਰ ਮੈਂ ਉਹਦੇ ਵਾਸਤੇ ਕਰ ਕੁਛ ਨਾ ਸਕਦਾ।)
***
ਵੀਰਵਾਰ ਦੇ ਦਿਨ, ਮੈਨੂੰ ਸਵੇਰੇ ਉਠਦਿਆਂ ਸਾਰ ਹੀ ਅੱਚਵੀਂ ਜਿਹੀ ਲੱਗ ਜਾਂਦੀ ਸੀ ਬਾਬੇ ਫਰੀਦ ਦੇ ਦਰ ਛੇਤੀ ਛੇਤੀ ਜਾ ਪੁੱਜਣ ਦੀ। ਚਾਹ ਪੀਕੇ ਮੈਂ ਤੂੰਬੀ ਨੂੰ ਮੱਥੇ ਨਾਲ ਛੁਹਾਉਂਦਾ ਤੇ ਬੈਗ ‘ਚ ਪਾਉਂਦਾ। ਕਾਹਲੀ ਨਾਲ ਨਹਾ ਕੇ ਪੱਗ ਬੰਨਦਾ ਤੇ ਭੁੱਖੇ ਢਿੱਡ ਬਸ ਅੱਡੇ ਵੱਲ ਭੱਜਦਾ। ਰੋਡਵੇਜ ਦੀ ਬਸ ਉਡੀਕਦਾ, ਜੋ ਅੱਗੋਂ ਸ਼ਿਮਰੇ ਵਾਲੇ ਪਿੰਡੋਂ ਹੋਕੇ ਮੁੜਦੀ ਸੀ। ਬਾਬੇ ਦੇ ਟਿੱਲੇ ਜਾ ਕੇ ਚਾਹ ਦੀ ਨੱਕੋ ਨੱਕ ਬਾਟੀ ਸੜਾਕਣੀ। ਫਿਰ ਲੰਗਰ ਹਾਲ ਵਿਚ ਸੇਵਾ ਕਰਨੀ। ਜਦ ਤੀਕ ਦੀਵਾਨ ਸਜਣਾ, ਤਾਂ ਸਟੇਜ ਸੈਕਟਰੀ ਡਾ ਹਰਪਾਲ ਹੁੰਦਾ ਸੀ ਸ਼ਾਇਦ ਜਿਊਣ ਵਾਲੇ ਪਿੰਡੋਂ ਤੇ ਉਹ ਹਰ ਵੀਰਵਾਰ ਸੇਵਾ ਲਈ ਆਉਂਦਾ। ਰਾਗੀ, ਢਾਡੀ, ਕਵੀਸ਼ਰ ਤੇ ਗੁਮੰਤਰੀ ਡਾਕਟਰ ਦੇ ਅੱਗੇ ਪਿਛੇ ਫਿਰਨ ਲਗਦੇ। ਅੰਨਾ ਗੁਮੰਤਰੀ ਵਿਚਾਰਾ ਆਬਦੀ ਕੁੜੀ ਨੂੰ ਆਖਦਾ, “ਡਾਕਦਾਰ ਸਾਹਬ ਨੂੰ ਕਹਿ ਕੁੜੀਏ ਕਿ ਆਪਣਾ ਨਾਂ ਵੀ ਲਿਖ ਲਵੇ ਤੇ ਆਪਾਂ ਨੂੰ ਉਦੋਂ ਵਾਰੀ ਦੇਵੇ, ਜਦੋਂ ਦੀਵਾਨ ਪੂਰਾ ਭਰਜੇ, ਖਾਲੀ ਦੀਵਨ ‘ਚ ਤਾਂ ਆਪਾਂ ਨੂੰ ਕਿਸੇ ਨੇ ਚਵਾਨੀ ਵੀ ਨੀ ਦੇਣੀ ਕੁੜੀਏ।”
ਨਿੱਕੀ ਜਿਹੀ ਬਾਲੜੀ ਡਾਕਟਰ ਨੂੰ ਆਖਦੀ, ” ਐਂਕਲ ਜੀ ਮੇਰੇ ਵਾਪੂ ਦਾ ਨਾਂ ਵੀ ਲਿਖਲੋ ਜੀ।” ਜਦ ਡਾਕਟਰ ਤੀਕ ਕੁੜੀ ਦੀ ਧੀਮੀ ਆਵਾਜ ਨਾ ਪਹੁੰਚਦੀ ਤਾਂ ਮੈਂ ਡਾਕਟਰ ਨੂੰ ਬੇਨਤੀ ਕਰ ਦਿੰਦਾ, “ਬਾਈ ਜੀ, ਇਸਨਾਂ ਵਿਚਾਰਿਆਂ ਦਾ ਨਾਂ ਵੀ ਲਿਖਲੋ।”
ਝੋਟੀ ਵਾਲੇ ਦਾ ਬਲਜੀਤ ਸਿੰਘ ਬੱਲੀ ਬਹੁਤ ਫਬਦਾ ਦੀਵਾਨ ਵਿਚ ਤੇ ਪੂਰਾ ਛਾਅ ਜਾਂਦਾ। ਉਸਨੂੰ ਭਰੇ ਦੀਵਾਨ ਵਿਚ ਹੀ ਲਾਇਆ ਜਾਂਦਾ ਤੇ ਉਹ ਵਧ ਮਿੰਟ ਲਾਉਣ ਦਾ ਲਾਲਚ ਕਰਨੋ ਨਾ ਹਟਦਾ। ਪੈਸੇ ਚੰਗੇ ਬਣਦੇ ਸੀ ਉਸਨੂੰ। ( ਵਿਚਾਰਾ ਪਿਛੇ ਜਿਹੇ ਚੱਲ ਵਸਿਆ ਹੈ)।
ਮੈਨੂੰ ਉਦੋਂ ਦੋ ਗੀਤ ਗਾਉਣ ਦਾ ਵਕਤ ਮਿਲਦਾ, ਜਦ ਦੀਵਾਨ ਨਾ ਬਹੁਤਾ ਭਰਿਆ ਹੁੰਦਾ, ਨਾ ਬਹੁਤਾ ਖਾਲੀ, ਬਸ ਅਧ ਵਿਚਾਲਾ ਜਿਹਾ ਹੁੰਦਾ। ਮੈਨੂੰ ਦੋ ਗੀਤਾਂ ਦੇ ਲਗਪਗ ਪੰਜਾਹ ਕੁ ਰੁਪੈ ਬਣ ਜਾਂਦੇ। ਮੈਨੂੰ ਯਾਦ ਹੈ ਕਿ ਇਕ ਮੈਂ ਕੋਈ ਧਾਰਮਿਕ ਗੀਤ ਉਸਤਾਦ ਯਮਲਾ ਜੀ ਦਾ, ਗਾਉਂਦਾ ਤੇ ਇਹ ਮੈਂ ਹਰ ਵਾਰੀ ਗਾਉਂਦਾ, ਅੱਜ ਵੀ ਬੋਲ ਚੇਤੇ ਹਨ:
ਡੇਰੇ ਵਾਲਿਆ ਫਕੀਰਾ
ਬਾਬਾ ਮਿਹਰ ਕਰਦੇ
ਮੇਰੀ ਲਿਖੀ ਏ ਛਟਾਂਕੀ
ਪੂਰਾ ਸੇਰ ਕਰਦੇ
ਤੇਰੇ ਦਰ ਦਾ ਸਵਾਲੀ
ਮੈਨੂੰ ਮੋੜ ਨਾ ਖਾਲੀ
ਮੇਰੇ ਦੁਖ ਹਰ ਦੇ
ਡੇਰੇ ਵਾਲਿਆ ਫਕੀਰਾ ਬਾਬਾ ਮਿਹਰ ਕਰਦੇ–
( ਸ਼ਾਇਦ ਸੰਗਤਾਂ ਮੈਨੂੰ ਨਿਆਣੇ ਜਿਹੇ ਨੂੰ ਆਪਣੇ ਉਸਤਾਦ ਯਮਲੇ ਦੇ ਰੰਗ ਵਿਚ ਰੰਗੀ ਫਰਿਆਦ ਗਾਉਂਦਿਆਂ ਤਰਸ ਕਰਕੇ ਹੀ ਪੈਸੇ ਦੇ ਜਾਂਦੀਆਂ ਹੋਣ)। ਸੰਗਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਬਾਅਦ ਰਾਗੀ-ਢਾਡੀ ਨੂੰ ਦੋ ਜਾਂ ਪੰਜ ਰੁਪਏ ਦਿੰਦੀਆਂ, ਤੇ ਹਾਲ ਵਿਚ ਆ ਆ ਬੈਠੀ ਜਾਂਦੀਆਂ। ਕੋਈ ਸੁਣਕੇ ਲੰਗਰ ਛਕਣ ਤੁਰਿਆ ਜਾਂਦਾ, ਕੋਈ ਲੰਗਰ ਛਕਕੇ ਹਾਲ ਵਿਚ ਸੁਣਨ ਨੂੰ ਆ ਬੈਠੀ ਜਾਂਦਾ। ਗਾਉਣ ਬਾਅਦ ਮੈਂ ਆਪਣੇ ਬਣੇ ਪੈਸਿਆ ਵਿਚੋਂ ਦਸ ਰੁਪਏ ਢੋਲਕੀ ਵਾਲੇ ਨੂੰ ਦਿੰਦਾ, (ਢੋਲਕੀ ਵਾਲਾ ਪੱਕਾ ਈ ਆ ਕੇ ਬਹਿੰਦਾ ਤੇ ਹਰ ਇਕ ਨਾਲ ਵਜਾਈ ਜਾਂਦਾ, ਤੇ ਦਸ ਦਸ ਰੁਪੱਈਏ ਲਈ ਜਾਂਦਾ, ਜੇ ਦਸਾਂ ਨਾਲ ਵਜਾਉਂਦਾ ਤਾਂ ਸੌ ਬਣ ਜਾਂਦਾ, ਗਵੱਈਂਆਂ ਨਾਲੋਂ ਢੋਲਕੀ ਵਲ ਮੁਨਾਫੇ ਵਿਚ ਜਾਂਦਾ ਸੀ) ਖੈਰ!
ਮੈਂ ਲੰਗਰ ਛਕ ਕੇ ਫਿਰ ਬਸ ਅਡੇ ਨੂੰ ਤੁਰ ਪੈਂਦਾ। ਕਿਆ ਦਿਨ ਸਨ ਓਹ, ਹਾਏ ਓ ਮੇਰਿਆ ਰੱਬਾ!
ਇਕ ਦਿਨ ਮੈਨੂੰ ਸੱਠ ਕੁ ਰੁਪੱਈਏ ਬਣਗੇ। ਮੇਰੀਆਂ ਚੱਪਲਾਂ ਬੁਰੀ ਤਰਾਂ ਘਸੀਆਂ ਪਿਟੀਆਂ ਪਈਆਂ ਸੀ ਕਈ ਵਾਰੀ ਵੱਧਰੀਆਂ ਨਵੀਆਂ ਪੁਵਾ ਚੁੱਕਾ ਸਾਂ,ਤੇ ਮੈਂ ਬੜੇ ਚਾਅ ਨਾਲ ਪੈਤੀਂ ਰੁਪੱਈਏ ਵਿਚ ਦੇਸੀ ਜਿਹੀ ਜੁੱਤੀ ਲੈ ਲਈ। ਖੁਸ਼ੀ ਖੁਸ਼ੀ ਤੇ ਤੇਜ ਤੇਜ ਅੱਡੇ ਵੱਲ ਨੂੰ ਤੁਰ ਪਿਆ। ਅੱਡੇ ਤੀਕ ਆਉਂਦਿਆਂ ਆਉਂਦਿਆਂ ਜੁੱਤੀ ਨੇ ਪੈਰ ਸੂਤ ਲਏ। ਲਾਗੇ ਪੈ ਗੇ। ਘਰ ਮਸਾਂ ਪੁੱਜਿਆ। ਚੱਪਲਾ ਘਸੀਆਂ ਤਾਂ ਉਥੇ ਈ ਸੁੱਟ ਆਇਆ ਸਾਂ। ਹੁਣ ਮਾਂ ਦੀਆਂ ਘਸੀਆਂ ਹੋਈਆਂ ਚੱਪਲਾਂ ਪਾ ਲਈਆਂ ਤੇ ਕਿਹਾ, ” ਬੀਬੀ, ਤੈਨੂੰ ਅਗਲੇ ਵੀਰਵਾਰ ਨਵੀਆਂ ਚੱਪਲਾਂ ਲਿਆਦੂੰ, ਤੂੰ ਓਨੇ ਦਿਨ ਨੰਗੇ ਪੈਰੀਂ ਤੁਰਲੀਂ।” ਮਾਂ ਕਹਿੰਦੀ, “ਚੰਗਾ ਪੁੱਤ, ਕੋਈ ਨਾ ਤੇ ਆਹ ਨਵੀਂ ਜੁੱਤੀ ਨੇ ਤਾਂ ਤੇਰੇ ਪੈਰ ਈ ਵਢ ਲਏ, ਮੈਂ ਹੁਣੇ ਸਰ ਦਾ ਤੇਲ ਲਾਕੇ ਰਖਦੀ ਆਂ ਏਹਨੂੰ।” ਹੁਣ ਮੈਨੂੰ ਮਾਂ ਦੀਆਂ ਨਵੀਆਂ ਚੱਪਲਾਂ ਲੈਣ ਦਾ ਫਿਕਰ ਸਤਾਉਣ ਲੱਗਿਆ।
(ਚਲਦਾ)