8.9 C
United Kingdom
Saturday, April 19, 2025

More

    ਭਾਰਤ ਹਾਕੀ ਵਿੱਚ ਪੂਰੇ 49 ਸਾਲ ਬਾਅਦ ਸੈਮੀ ਫਾਈਨਲ ਵਿੱਚ ਪੁੱਜਿਆ

    1972 ਮਿਊਨਿਖ਼  ਓਲੰਪਿਕ  ਵਿੱਚ ਖੇਡਿਆ ਸੀ ਆਖ਼ਰੀ ਸੈਮੀਫਾਈਨਲ 

    ਸੈਮੀਫਾਈਨਲ ਟੱਕਰ ਬੈਲਜੀਅਮ ਨਾਲ  3 ਅਗਸਤ ਨੂੰ


    ਟੋਕੀਓ ਓਲੰਪਿਕ  2021  ਵਿੱਚ ਭਾਰਤੀ ਹਾਕੀ ਟੀਮ ਨੇ ਨਵਾਂ ਇਤਿਹਾਸ ਰਚਦਿਆਂ ਪੂਰੀ ਅੱਧੀ ਸਦੀ ਦੇ ਵਕਫੇ ਬਾਅਦ 1972 ਮਿਊਨਖ ਓਲੰਪਿਕ ਤੋਂ ਬਾਅਦ ਸੈਮੀਫਾਈਨਲ ਵਿੱਚ ਪੁੱਜਿਆਂ ਅੱਜ ਭਾਰਤ ਨੇ ਟੋਕੀਓ ਓਲੰਪਿਕ 2021  ਦੇ ਚੌਥੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ  ਆਪਣੇ ਰਵਾਇਤੀ ਵਿਰੋਧੀ ਇੰਗਲੈਂਡ ਨੂੰ 3-1 ਗੋਲਾ ਨਾ ਹਰਾ ਕੇ  49  ਸਾਲ ਬਾਅਦ ਸੈਮੀਫਾਈਨਲ ਖੇਡਣ ਦਾ ਮਾਣ ਹਾਸਲ ਕੀਤਾ । ਮਿਊਨਖ ਓਲੰਪਿਕ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤ  ਪਾਕਿਸਤਾਨ ਹੱਥੋਂ  0-2 ਗੋਲਾਂ ਦੇ ਮੁਕਾਬਲੇ ਨਾਲ ਹਾਰ ਗਿਆ ਸੀ ਅਤੇ ਕਾਂਸੀ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਭਾਰਤ ਨੇ ਹਾਲੈਂਡ ਨੂੰ 2-1 ਨਾਲ ਹਰਾਕੇ ਆਖ਼ਰੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਖੇਡ ਵਿਚ ਕੋਈ  ਤਮਗਾ ਜਿੱਤਿਆ ਸੀ । 1976 ਮਾਂਟਰੀਅਲ ਓਲੰਪਿਕ ਵਿੱਚ ਭਾਰਤ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੈਮੀ ਫਾਈਨਲ ਮੁਕਾਬਲੇ ਤੋਂ ਬਾਹਰ ਹੋਇਆ ਸੀ ਜਿੱਥੇ ਭਾਰਤ  ਨੂੰ 7ਵਾਂ ਸਥਾਨ ਨਸੀਬ ਹੋਇਆ ਸੀ ।  ਜਦਕਿ 1980 ਮਾਸਕੋ ਓਲੰਪਿਕ ਵਿੱਚ ਪ੍ਰਮੁੱਖ ਵੱਡੀਆਂ ਟੀਮਾਂ ਦੇ ਬਾਈਕਾਟ ਕਾਰਨ ਸਿਰਫ਼   6 ਟੀਮਾਂ ਲੀਗ ਦੇ ਆਧਾਰ ਤੇ ਖੇਡੀਆਂ ਸਨ। ਉਪਰਲੀਆਂ 2 ਟੀਮਾਂ ਭਾਰਤ ਅਤੇ ਸਪੇਨ   ਵਿਚਕਾਰ ਫਾਈਨਲ ਮੁਕਾਬਲਾ  ਖੇਡਿਆ ਗਿਆ ਸੀ ਮਾਸਕੋ ਓਲੰਪਿਕ ਵਿੱਚ ਸੈਮੀਫਾਈਨਲ ਮੁਕਾਬਲੇ ਨਹੀਂ ਹੋਏ ਸਨ । ਫਾਈਨਲ ਮੁਕਾਬਲੇ ਵਿੱਚ ਭਾਰਤ ਸਪੇਨ ਤੋਂ 4-3 ਨਾਲ ਜੇਤੂ ਰਹਿ ਕੇ ਭਾਰਤ ਨੇ ਆਖ਼ਰੀ ਅਤੇ ਅੱਠਵਾਂ ਓਲੰਪਿਕ  ਸੋਨ ਤਗ਼ਮਾ ਜਿੱਤਿਆ ਸੀ । ਅੱਜ  ਪਹਿਲੇ ਅੱਧ ਵਿੱਚ ਭਾਰਤੀ ਹਾਕੀ ਟੀਮ ਨੇ  ਪੂਰੀ ਮੁਸਤੈਦੀ ਨਾਲ ਮੈਚ ਦੀ ਸ਼ੁਰੂਆਤ ਕੀਤੀ, ਪਹਿਲੇ ਅੱਧ ਵਿੱਚ ਭਾਰਤੀ ਹਾਕੀ ਟੀਮ ਨੇ ਗੋਰਿਆਂ ਦੀਆਂ ਰੱਖਿਆ ਪੰਕਤੀ ਦੀਆਂ ਗ਼ਲਤੀਆਂ ਦਾ ਭਰਪੂਰ ਫਾਇਦਾ ਉਠਾਉਂਦਿਆਂ ਉਪਰੋਥਲੀ 2 ਗੋਲ ਕੀਤੇ ,ਪਹਿਲਾ ਗੋਲ ਦਿਲਪ੍ਰੀਤ ਸਿੰਘ ਨੇ ਅਤੇ ਦੂਸਰਾ ਗੋਲ ਗੁਰਜੰਟ ਸਿੰਘ ਵਿਰਕ ਦੇ ਹਿੱਸੇ ਆਇਆ ਹਾਲਾਂਕਿ ਗੋਰਿਆਂ ਨੇ ਵੀ ਪੂਰਾ ਦਬਦਬਾ ਭਾਰਤੀ ਖਿਡਾਰੀਆਂ ਤੇ ਬਣਾਇਆ ਪਰ ਭਾਰਤ ਦੀ ਰੱਖਿਆ ਪੰਕਤੀ ਪੂਰੀ  ਪੁਰੀ ਚੁਕੰਨੀ ਹੋ ਕੇ ਖੇਡੀ । ਇੰਗਲੈਂਡ  ਨੇ ਤੀਸਰੇ ਅਤੇ ਚੌਥੇ ਕੁਆਰਟਰ ਵਿੱਚ ਪੂਰੀ ਤਰ੍ਹਾਂ ਭਾਰਤੀ ਰੱਖਿਆ ਪੰਕਤੀ ਤੇ ਤਾਬੜਤੋੜ ਹਮਲੇ ਕਰਦਿਆਂ ਦਬਾ ਦਾ ਰੁੱਖ ਬਣਾਇਆ ਅਤੇ ਤੀਸਰੇ ਕੁਆਰਟਰ ਦੇ ਆਖ਼ਰੀ ਮਿੰਟ ਵਿੱਚ ਉਪਰੋਥੱਲੀ ਮਿਲੇ 3 ਪੈਨਲਟੀ ਕਾਰਨਰਾਂ ਵਿਚੋਂ ਇਕ ਨੂੰ ਗੋਲ ਵਿੱਚ ਬਦਲ ਕੇ ਬੜ੍ਹਤ ਨੂੰ  1-2 ਕੀਤਾ ਜਦਕਿ ਆਖ਼ਰੀ ਕੁਆਟਰ ਵਿੱਚ ਇੰਗਲੈਂਡ ਨੇ  ਬਰਾਬਰੀ ਤੇ ਆਉਣ ਲਈ ਪੂਰਾ ਵਾਹ ਲਈ  ਅਤੇ ਕੁੱਲ 7 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਦੀ ਰੱਖਿਆ ਪੰਕਤੀ ਨੇ ਗੋਰਿਆਂ ਦੀ ਇੱਕ ਵੀ ਨਾ ਚੱਲਣ ਦਿੱਤੀ । ਭਾਰਤੀ ਹਾਕੀ ਟੀਮ ਦੇ  ਇੱਕ ਜਵਾਬੀ ਹਮਲੇ ਵਿੱਚ ਹਾਰਦਿਕ ਸਿੰਘ ਨੇ ਬਹੁਤ ਹੀ ਕਲਾਸਿਕ ਗੋਲ ਕਰਕੇ  ਭਾਰਤ ਦੀ  ਜਿੱਤ ਦਾ ਡੰਕਾ ਵਜਾਉਂਦਿਆਂ ਪੂਰੇ   49 ਸਾਲ ਬਾਅਦ ਭਾਰਤ ਦੀ ਸੈਮੀਫਾਈਨਲ ਵਿੱਚ ਐਂਟਰੀ ਪੱਕੀ ਕੀਤੀ । ਇਸ ਤੋਂ ਪਹਿਲਾਂ  1988 ਸਿਓਲ ਓਲੰਪਿਕ ਵਿੱਚ ਇੰਗਲੈਂਡ ਨੇ ਭਾਰਤ ਨੂੰ 3-0 ਗੋਲਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਭਾਰਤ  ਨੂੰ ਸੈਮੀਫਾਈਨਲ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਸੀ ਅੱਜ ਭਾਰਤ ਨੇ 33 ਸਾਲ ਬਾਅਦ ਉਸ ਹਾਰ ਦਾ ਬਦਲਾ ਲੈ ਲਿਆ ਹੈ ।                             ਅੱਜ  ਇਸ ਤੋਂ ਪਹਿਲਾਂ ਖੇਡੇ ਗਏ ਕੁਆਟਰ ਫਾਈਨਲ ਮੁਕਾਬਲਿਆਂ ਵਿਚ ਸਾਬਕਾ ਓਲੰਪਿਕ ਚੈਂਪੀਅਨ ਜਰਮਨੀ ਨੇ ਵਰਤਮਾਨ ਚੈਂਪੀਅਨ ਅਰਜਨਟੀਨਾ ਨੂੰ  3-1 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦਕਿ ਦੁਨੀਆਂ ਦੀ ਨੰਬਰ ਇੱਕ ਟੀਮ ਆਸਟ੍ਰੇਲੀਆ ਨੂੰ ਹਾਲੈਂਡ ਨੂੰ ਹਰਾਉਣ ਲਈ ਪੂਰਾ ਪਸੀਨਾ ਵਹਾਉਣਾ ਪਿਆ  ਨਿਰਧਾਰਤ ਸਮੇਂ ਤੱਕ ਆਸਟਰੇਲੀਆ ਅਤੇ ਹਾਲੈਂਡ  2-2 ਗੋਲਾਂ ਤੇ ਬਰਾਬਰ ਸਨ ਪਰ ਪੈਨਲਟੀ ਸ਼ੂਟਆਊਟ ਵਿੱਚ ਆਸਟ੍ਰੇਲੀਆ 3-0 ਗੋਲਾਂ ਨਾਲ ਜੇਤੂ ਰਿਹਾ  । ਤੀਸਰੇ ਕੁਆਰਟਰ ਫਾੲੀਨਲ ਮੁਕਾਬਲੇ ਵਿੱਚ  ਵਿਸ਼ਵ ਚੈਂਪੀਅਨ ਬੈਲਜੀਅਮ ਨੇ ਸਪੇਨ ਨੂੰ 3-1 ਗੋਲਾਂ ਨਾਲ ਹਰਾ ਕੇ ਦੂਸਰੀ ਵਾਰ ਓਲੰਪਿਕ ਖੇਡਾਂ ਦੇ  ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ  । ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਬੈਲਜੀਅਮ  ਨਾਲ ਜਦਕਿ ਆਸਟਰੇਲੀਆ ਦਾ ਮੁਕਾਬਲਾ ਜਰਮਨੀ ਨਾਲ 3 ਅਗਸਤ ਨੂੰ ਹੋਵੇਗਾ।

    ਜਗਰੂਪ ਸਿੰਘ ਜਰਖੜ 

    ਖੇਡ ਲੇਖਕ 

    ਫੋਨ ਨੰਬਰ 9814300722

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!