ਅਸ਼ੋਕ ਵਰਮਾ
ਬਠਿੰਡਾ,01 ਅਗਸਤ2021: ਪੰਜਾਬ ’ਚ ਪਾਣੀ ਦਾ ਪੱਧਰ ਖਤਰੇ ਦੀ ਹੱਦ ਤੋਂ ਨੀਵਾਂ ਚਲਾ ਜਾਣ ਦੇ ਜਮਾਨੇ ’ਚ ਜਲ ਸੰਭਾਲ ਦੇ ਮਾਮਲੇ ’ਚ ਮੋਗਾ ਜਿਲ੍ਹੇ ਦਾ ਪਿੰਡ ਰਣਸੀਂਹ ਕਲਾਂ ਪੰਜਾਬੀਆਂ ਲਈ ਰਾਹ ਦਸੇਰਾ ਬਣਿਆ ਹੈ। ਰਣਸੀਂਹ ਕਲਾਂ ਬਲਾਕ ਨਿਹਾਲ ਸਿੰਘ ਵਾਲਾ ਲੂਚ ਪੈਂਦਾ ਹੈ ਜੋ ਪੰਜਾਬ ਦੇ ਡਾਰਕ ਜੋਨ ’ਚ ਪੁੱਜ ਚੁੱਕੇ 110 ਬਲਾਕਾਂ ਵਿੱਚੋਂ ਚੋਂ ਚੋਟੀ ਤੇ ਹੈ। ਇਸ ਪਿੰਡ ਦੇ ਖੇਤ ਕਰੀਬ ਦੋ ਦਹਾਕਿਆਂ ਤੋਂ ਨਹਿਰੀ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਗਏ ਸਨ। ਜੋ ਖੇਤੀ ਮੋਟਰਾਂ ਅਨਾਜ਼ ਪੈਦਾ ਕਰਨ ਲਈ ਲਾਈਆਂ ਸਨ ਉਨ੍ਹਾਂ ਨੇ ਧਰਤੀ ਹੇਠਲਾ ਪਾਣੀ ਸੂਤ ਲਿਆ। ਪਿੰਡ ਦਾ ਪਾਣੀ 80 ਤੋਂ 150 ਫੁੱਟ ਤੇ ਚਲਾ ਗਿਆ ਹੈ। ਦਿਨੋ ਦਿਨ ਨਿੱਘਰ ਰਹੀ ਸਥਿਤੀ ਨੂੰ ਦੇਖਦਿਆਂ ਪਿੰਡ ਦੇ ਨੌਜਵਾਨਾਂ ਨੂੰ ਨੌਜਵਾਨ ‘ਮਿੰਟੂ ਸਰਪੰਚ’ ਨੇ ਹਲੂਣਾ ਦਿੱਤਾ ਤਾਂ ਜਜਬੇ ਨੇ ਹੌਂਸਲੇ ਦੀ ਅਜਿਹੀ ਉਡਾਨ ਭਰੀ ਕਿ ਰਾਹ ਖੁੱਲ੍ਹਦੇ ਚਲੇ ਗਏ।
ਪਿੰਡ ਵਾਸੀਆਂ ਨੇ ਪਾਣੀ ਸਾਂਭਣ ਦਾ ਅਜਿਹਾ ਰਾਹ ਫੜ੍ਹਿਆ ਜਿਸ ਦੀਆਂ ਲੋਕ ਅੱਜ ਮਿਸਾਲਾਂ ਦਿੰਦੇ ਹਨ। ਪਿੰਡ ਦੀ ਡੇਢ ਏਕੜ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਟਰੀਟਮੈਂਟ ਪਲਾਂਟ ਲਾਇਆ ਗਿਆ ਹੈ ਜਿੱਥੇ ਸੀਵਰੇਜ ਦਾ ਪਾਣੀ ਕੁਦਰਤੀ ਢੰਗ ਨਾਲ ਸੋਧਿਆ ਜਾਂਦਾ ਹੈ। ਮਿੰਟੂ ਸਰਪੰਚ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਸੋਧ ਕੇ ਕਰੀਬ 100 ਏਕੜ ਖੇਤਾਂ ਨੂੰ ਮੁਫ਼ਤ ਅਤੇ ਵਾਰੀ ਸਿਰ ਦਿੱਤਾ ਜਾਂਦਾ ਹੈ। ਖੇਤੀ ਮਾਹਿਰਾਂ ਨੇ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਸੋਧਿਆ ਪਾਣੀ ਫਸਲਾਂ ਲਈ ਵਰਦਾਨ ਹੈ। ਦਰਅਸਲ ਪਿੰਡ ਦਾ ਨੌਜਵਾਨ ਪ੍ਰੀਤਇੰਦਰਪਾਲ ਸਿੰਘ ਉਰਫ ‘ਮਿੰਟੂ ਸਰਪੰਚ’ ਕੈਨੇਡਾ ਗਿਆ ਹੋਇਆ ਸੀ ਜਿੱਥੇ ਉਸ ਨੇ ਕੈਨੇਡੀਅਨ ਢੰਗਾਂ ਨਾਲ ਜਲ ਸੰਭਾਲ ਦਾ ਖਾਕਾ ਦੇਖਿਆ। ਜਦੋਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਤਰਲੋਮੱਛੀ ਹੋ ਰਹੇ ਸਨ ਤਾਂ ਮਿੰਟੂ ਸਭ ਕੁੱਝ ਛੱਡ ਛਡਾ ਪਿੰਡ ਪਰਤ ਆਇਆ।ਸਾਲ 2013 ਦੀ ਹੈ ਜਦੋਂ ਸਾਰਿਆਂ ਨੂੰ ਹਰਾਕੇ ਉਹ ਅਜਾਦ ਉਮੀਦਵਾਰ ਵਜੋਂ ਸਰਪੰਚ ਬਣਿਆ।
ਪਿੰਡ ਦਾ ਇਕੱਠ ਕਰਕੇ ਆਪਣੀ ਡੇਢ ਕਰੋੜ ਰੁਪਏ ਦੇ ਖਰਚ ਵਾਲੀ ਯੋਜਨਾ ਲੋਕਾਂ ਸਾਹਮਣੇ ਰੱਖੀ ਤਾਂ ਖਰਚੇ ਨੂੰ ਸਣਕੇ ਸਭ ਦੰਗ ਰਹਿ ਗਏ। ਕਿਸੇ ਨੇ ਉਸ ਨੂੰ ਸਿਰਫਿਰੇ ਦਾ ਖਿਤਾਬ ਦਿੱਤਾ ਤੇ ਕਈਆਂ ਨੇ ਪਾਗਲ ਨਾਲ ਨਿਵਾਜਿਆ ਪਰ ਮਿੰਟੂ ਨੇ ਜਿਦ ਨਹੀਂ ਛੱਡੀ। ਮਿੰਟੂ ਸਰਪੰਚ ਦੀ ਅਗਵਾਈ ਹੇਠ ਨੌਜਵਾਨਾਂ ਦੀ ਟੋਲੀ ਜਲ ਸੰਭਾਲ ਲਈ ਮੈਦਾਨ ’ਚ ਕੁੱਦ ਪਈ। ਸਾਲ 2015 ਦੌਰਾਨ ਪਿੰਡ ’ਚ ਸੀਵਰੇਜ ਵਿਛਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਿਸ ਲਈ ਘਰੋਂ ਘਰੀਂ ਜਾ ਕੇ ਪਿੰਡ ਵਾਸੀਆਂ ਤੋਂ ਦਾਨ ਮੰਗਿਆ। ਮਿੰਟੂ ਸਰਪੰਚ ਦੱਸਦਾ ਹੈ ਕਿ ਪਿੰਡ ’ਚ ਵਿਕਾਸ ਦੀ ਲਹਿਰ ਦੇਖਦਿਆਂ ਲੋਕਾਂ ਨੇ 10-10 ਲੱਖ ਰੁਪਏ ਗੁਪਤ ਦਾਨ ਵਜੋਂ ਦਿੱਤੇ। ਪੰਜਾਬ ਸਰਕਾਰ ਨੇ ਵੀ ਯੋਗਦਾਨ ਪਾਇਆ ਪਰ ਬਹੁਤਾ ਦਸਵੰਧ ਪਿੰਡ ਵਾਸੀਆਂ ਨੇ ਹੀ ਕੱਢਿਆ। ਮਿੰਟੂ ਸਰਪੰਚ ਨੇ ਚਾਰ ਦਰਜਨ ਤੋਂ ਵੱਧ ਨੌਜਵਾਨਾਂ ਨਾਲ ਹੱਥੀਂ ਕੰਮ ਕੀਤਾ ਜਿਸ ਨਾਲ 30 ਲੱਖ ਰੁਪਏ ਤੋਂ ਜਿਆਦਾ ਦੀ ਲੇਬਰ ਬਚਾਈ।
ਸਰਪੰਚ ਮਿੰਟੂ ਤੇ ਨੌਜਵਾਨ ਸਾਲ ਵਿਚ ਦੋ ਵਾਰੀ ਪਿੰਡ ਦੇ ਸੀਵਰੇਜ ਦੀ ਖੁਦ ਸਫਾਈ ਕਰਦੇ ਹਨ ਜਿਸ ਨਾਲ ਪਾਣੀ ਟਰੀਟਮੈਂਟ ਪਲਾਂਟ ਤੱਕ ਲਿਜਾਣ ਲਈ ਕੋਈ ਔਕੜ ਨਹੀਂ ਆਉਂਦੀ ਤੇ ਲਾਈਨਾਂ ਦੀ ਉਮਰ ਵਧਦੀ ਹੈ। ਪੰਚਾਇਤ ਨੇ ਪਾਣੀ ਦੀ ਦੁਰਵਰਤੋਂ ਨਕਦ ਜੁਰਮਾਨਾ ਲਾਉਣ ਅਤੇ ਕਾਨੂੰਨੀ ਕਾਰਵਾਈ ਲਈ ਮਤਾ ਪਾਸ ਕੀਤਾ ਹੋਇਆ ਹੈ। ਪਿੰਡ ਵਾਸੀ ਉਲੰਘਣਾ ਕਰਨ ਦੀ ਥਾਂ ਸਹਿਯੋਗ ਦਿੰਦੇ ਹਨ। ਇਸ ਨੂੰ ਜਲ ਸੰਭਾਲ ਦਾ ਨਮੂਨਾ ਹੀ ਕਿਹਾ ਜਾ ਸਕਦਾ ਹੈ ਕਿ ਪਿੰਡ ਵਾਸੀ ਪਾਣੀ ਨੂੰ ਅਜਾਈਂ ਨਹੀਂ ਜਾਣ ਦਿੰਦੇ ਹਨ। ਪਿੰਡ ਦੇ ਨਿਕਾਸੀ ਅਤੇ ਬਾਰਸ਼ਾਂ ਦਾ ਪਾਣੀ ਇਕੱਠਾ ਕਰਨ ਲਈ ਝੀਲ ਬਣਾਈ ਗਈ ਹੈ । ਪਿੰਡ ਵਿਚ ਇੰਟਰਾਲਾਕਿੰਗ ਲੱਗੀਆਂ ਹੋਈਆਂ ਹਨ, ਔਰਤਾਂ ਲਈ ਜਿੰਮ ਅਤੇ ਪਿੰਡ ਵਿਚ ਸਟਰੀਟ ਲਾਈਟ ਹੈ। ਸਰਕਾਰੀ ਪ੍ਰਾਇਮਰੀ ਸਕੂਲ ਦੇ ਚਾਰ ਕਮਰੇ ਏ.ਸੀ ਹਨ। ਪਿੰਡ ਦੀ ਤਰੱਕੀ ਦੇਖਕੇ ਪਿੰਡ ਦੀ ਪੰਚਾਇਤ ਨੂੰ ਤਿੰਨ ਵਾਰ ਕੌਮੀ ਪੁਰਸਕਾਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ।



ਤਜ਼ਰਬੇ ਸਾਂਝੇ ਕਰਨ ਲਈ ਤਿਆਰ: ਮਿੰਟੂ ਸਰਪੰਚ
ਪ੍ਰੀਤਇੰਦਰਪਾਲ ਸਿੰਘ ਉਰਫ ‘ਮਿੰਟੂ ਸਰਪੰਚ’ ਦਾ ਕਹਿਣਾ ਸੀ ਕਿ ਪਾਣੀ ਦੇ ਪੱਧਰ ਦਾ ਡਾਰਕ ਜੋਨ ’ਚ ਪੁੱਜਣਾ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਕਿਹਾ ਕਿ ਅਗਲੀ ਵਿਸ਼ਵ ਜੰਗ ਹੀ ਪਾਣੀ ਦੇ ਮੁੱਦੇ ਤੇ ਲੜੇ ਜਾਣ ਦੀ ਚਿਤਾਵਨੀ ਸਾਨੂੰ ਸ਼ੀਸ਼ਾ ਦਿਖਾਉਣ ਲਈ ਕਾਫੀ ਹੈ। ਉਨ੍ਹਾਂ ਕਿਹਾ ਕਿ ਕਦੇ ਪੰਜਾਬ ਦਾ ਪਾਣੀ ਅੰਮ੍ਰਿਤ ਹੁੰਦਾ ਸੀ ਪਰ ਹੁਣ ਸੋਮੇ ਜਹਿਰੀਲੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਲ ਸੰਭਾਲ ਲਈ ਕਦਮ ਨਾਂ ਚੁੱਕੇ ਤਾਂ ਪਾਣੀ ਇਤਿਹਾਸ ਬਣ ਸਕਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਪਾਣੀ ਸੰਭਲਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਜਿਸ ਲਈ ਪਿੰਡ ਵਾਸੀ ਆਪਣਾ ਤਜ਼ਰਬਾ ਸਾਂਝਾ ਕਰਨ ਲਈ ਤਿਆਰ ਹਨ।
ਹੋਰ ਪੰਚਾਇਤਾਂ ਸੇਧ ਲੈਣ
ਪੰਜਾਬੀ ਯੂਨੀਵਰਸਿਟੀ ਖੇਤੀ ਕੇਂਦਰ ਦੇ ਸਾਬਕਾ ਮੁਖੀ ਅਤੇ ਬੁੱਧੀਜੀਵੀ ਪ੍ਰੋਫੈਸਰ ਡਾ.ਜੀਤ ਸਿੰਘ ਜੋਸ਼ੀ ਦਾ ਕਹਿਣਾ ਸੀ ਕਿ ਸਿਆਸੀ ਵੰਡੀਆਂ ਦੇ ਜਮਾਨੇ ’ਚ ਪਿੰਡ ਰਣਸੀਂਹ ਕਲਾਂ ਨੇ ਪਾਣੀ ਸੰਭਾਲ ’ਚ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਆਖਿਆ ਕਿ ਪਿੰਡ ਨੇ ਸਿਆਣਪ ਦਿਖਾਈ ਹੈ ਜਿਸ ਤੋਂ ਉਨ੍ਹਾਂ ਹੋਰਨਾਂ ਪਿੰਡਾਂ ਨੂੰ ਵੀ ਸੇਧ ਲੈਣ ਦੀ ਜਰੂਰਤ ਹੈ।