10.3 C
United Kingdom
Wednesday, April 9, 2025

More

    ਪੁੱਤਰ ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ- ਅਜੀਤ ਸਤਨਾਮ ਕੌਰ

    ਕਈ ਸਾਡੇ ਪੰਜਾਬੀ ਇਹੋ ਜਿਹੇ ਹਨ, ਜੋ ਬਾਹਰਲੇ ਮੁਲਕ ਵਿੱਚ ਬੈਠ ਕੇ ਪੰਜਾਬੀ ਬੋਲੀ ਬੋਲਣ ਨੂੰ ਆਪਣੀ ਹੱਤਕ ਸਮਝਦੇ ਹਨ। ਪਰ ਕਈ ਇਹੋ ਜਿਹੇ ਵੀ ਹਨ, ਜਿੰਨ੍ਹਾਂ ਨੇ ਘਰੋਂ ਸਿੱਖ ਕੇ ਅਤੇ ਬਾਹਰਲੇ ਮੁਲਕ ਵਿੱਚ ਬੈਠ ਕੇ ਵੀ ਪੰਜਾਬੀ ਮਾਂ-ਬੋਲੀ ਲਈ ਨੇਕ ਉਪਰਾਲੇ ਕੀਤੇ। ਬਰੂਸ ਬਰਟਨ ਦਾ ਕਥਨ ਹੈ ਕਿ ਉਨ੍ਹਾਂ ਤੋਂ ਬਿਨਾ ਕਿਸੇ ਨੇ ਵੀ ਕਦੇ ਕੋਈ ਸ਼ਾਨਦਾਰ ਸਫ਼ਲਤਾ ਪ੍ਰਾਪਤ ਨਹੀਂ ਕੀਤੀ, ਜਿੰਨ੍ਹਾਂ ਨੇ ਇਹ ਯਕੀਨ ਕਰਨ ਦਾ ਸਾਹਸ ਕੀਤਾ ਕਿ ਉਨ੍ਹਾਂ ਦੇ ਅੰਦਰ ਹਾਲਾਤ ਨਾਲੋਂ ਕੋਈ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਮੌਜੂਦ ਹੈ। ਉਸ ਹੀ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਅਜੀਤ ਸਤਨਾਮ ਕੌਰ ਨਾਲ ਪੇਸ਼ ਹੈ ਸਾਡੀ ਵਿਸ਼ੇਸ਼ ਮੁਲਾਕਾਤ:
    ਪ੍ਰਸ਼ਨ: ਗੱਲ-ਬਾਤ ਤੁਹਾਡੇ ਨਾਮ ਤੋਂ ਹੀ ਸ਼ੁਰੂ ਕਰੀਏ। ਤੁਹਾਡੇ ਨਾਮ ਵਿੱਚ ਦੋ ਨਾਮ ਜੁੜੇ ਜਾਪਦੇ ਹਨ, ਇਸ ਦਾ ਕੀ ਕਾਰਨ ਹੈ?
    ਉੱਤਰ: ਜੀ ਬਿਲਕੁਲ ਸਹੀ ਕਿਹਾ। ਮੇਰਾ ਸ਼ੁਰੂਆਤੀ ਨਾਮ ਇੱਕ ਹੀ ‘ਸਤਨਾਮ ਕੌਰ’ ਸੀ। ਬਾਅਦ ਵਿੱਚ ਮੈਂ ਇਸ ਨਾਲ ਇੱਕ ਨਾਮ ਹੋਰ ਜੋੜ ਲਿਆ। 

    ਪ੍ਰਸ਼ਨ: ਇਸ ਬਾਰੇ ਸਾਡੇ ਪਾਠਕਾਂ ਨੂੰ ਵੀ ਦੱਸੋ ਕਿ ਦੋ ਨਾਮ ਜੋੜਨ ਦਾ ਕੀ ਕਾਰਨ ਹੈ?
    ਉੱਤਰ:  ਇਸ ਦੇ ਜਵਾਬ ਵਿੱਚ ਇੱਕ ਪੂਰੀ ਸੋਚ ਹੈ। ਮੈਂ ਜਿਵੇਂ-ਜਿਵੇਂ ਵੱਡੀ ਹੋ ਰਹੀ ਸੀ, ਆਪਣੇ ਭਾਰਤੀ ਸੱਭਿਆਚਾਰ ਵਿੱਚ ਇੱਕ ਗੱਲ ਆਮ ਸੁਣੀਂਦੀ ਸੀ ਕਿ ਪੁੱਤਰ ਹੋਵੇ ਤਾਂ ਹੀ ਪਿਤਾ ਦਾ ਨਾਮ ਅੱਗੇ ਚੱਲੇਗਾ। ਪੁੱਤਰ ਹੀ ਦੁਨੀਆ ‘ਤੇ ਨਾਮ ਰੌਸ਼ਨ ਕਰਦੇ ਨੇ। ਇਸ ਸੋਚ ਨੂੰ ਬਦਲਣ ਲਈ ਮੈਂ ਆਪਣੇ ਨਾਮ ਤੋਂ ਵੀ ਪਹਿਲਾਂ ਆਪਣੇ ਪਿਤਾ ਜੀ ਦਾ ਨਾਮ ਲਿਖ ਇਸ ਸੋਚ ਨੂੰ ਨਵੀਂ ਦਿਸ਼ਾ ਦਿੱਤੀ ਹੈ।
    ਪ੍ਰਸ਼ਨ-  ਤੁਹਾਡਾ ਜਨਮ ਕਿੱਥੇ ਦਾ ਹੈ?

    ਉੱਤਰ: ਮੇਰਾ ਜਨਮ ਆਗਰਾ ਸ਼ਹਿਰ ਦਾ ਹੈ।
    ਪ੍ਰਸ਼ਨ: ਆਗਰਾ ਤਾਂ ਉੱਤਰ ਪ੍ਰਦੇਸ਼ ਵਿੱਚ ਪੈਂਦਾ ਹੈ। ਕੀ ਉੱਥੇ ਪੰਜਾਬੀ ਸਕੂਲ ਹਨ?
     ਉੱਤਰ: ਮੈਂ ਆਗਰਾ ਸ਼ਹਿਰ ਵਿੱਚ ਗਰੈਜੂਏਸ਼ਨ ਕੀਤੀ ਹੈ। ਇਥੇ ਹਿੰਦੀ ਅਤੇ ਅੰਗਰੇਜ਼ੀ ਸਕੂਲ ਹੀ ਹਨ। ਇਸ ਲਈ ਮੈਂ ਕਿਸੇ ਪੰਜਾਬੀ ਸਕੂਲ ਵਿੱਚ ਪੜ੍ਹਾਈ ਨਹੀਂ ਕੀਤੀ।
    ਪ੍ਰਸ਼ਨ: ਇਹ ਤਾਂ ਹੋਰ ਵੀ ਦਿਲਚਸਪ ਗੱਲ ਹੈ ਕਿ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ ਅਤੇ ਪੰਜਾਬੀ ਵਿੱਚ ਲਿਖਦੇ ਹੋ। ਇਹ ਕਿਵੇਂ ਸੰਭਵ ਹੋਇਆ,ਸਾਰੀ ਗੱਲ ਪਾਠਕਾਂ ਨਾਲ ਸਾਂਝੀ ਕਰੋ।
    ਉੱਤਰ: ਮੇਰਾ ਜਨਮ ਸਿੱਖ ਪ੍ਰੀਵਾਰ ਵਿੱਚ ਹੋਣ ਕਾਰਨ ਪੰਜਾਬੀ ਮੈਨੂੰ ਮਾਂ ਬੋਲੀ ਦੇ ਰੂਪ ਵਿੱਚ ਵਿਰਾਸਤ ਵਿੱਚ ਮਿਲੀ। ਪ੍ਰੰਤੂ ਮੇਰੀ ਪੜ੍ਹਾਈ ਹਿੰਦੀ ਮੀਡੀਅਮ ਵਿੱਚ ਹੋਈ ਹੈ। ਹਾਂ, ਜਿੱਥੇ ਤੱਕ ਪੜ੍ਹਣ-ਲਿਖਣ ਦੀ ਗੱਲ ਹੈ, ਇਹ ਮੇਰੀ ਮਾਂ ਦੀ ਸੂਝ-ਬੂਝ ਸੀ। ਉਨ੍ਹਾਂ ਮੈਨੂੰ ਮਾਂ ਬੋਲੀ ਤੋਂ ਟੁੱਟਣ ਨਹੀਂ ਦਿੱਤਾ। ਮੇਰੀ ਮਾਂ ਨੇ ਇੱਕ ਪੰਜਾਬੀ ਦਾ ਕੈਦਾ ਲਿਆ ਕੇ ਮੈਨੂੰ ਪੰਜਾਬੀ ਘਰ ਹੀ ਸਿਖਾਈ ਸੀ।
    ਪ੍ਰਸ਼ਨ: ਕਾਫ਼ੀ ਸਾਲਾਂ ਤੋਂ ਤੁਸੀਂ ਇੰਗਲੈਂਡ ਦੀ ਧਰਤੀ ਦੇ ਵਸਨੀਕ ਹੋ, ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ। ਤੁਹਾਡਾ ਇੱਥੇ ਪੰਜਾਬੀ ਬੋਲੀ ਬਾਰੇ ਕਿਵੇਂ ਦਾ ਅਨੁਭਵ ਰਿਹਾ?
    ਉੱਤਰ: ਜਦੋ ਕੋਈ ਮਾਂ ਆਪਣੀ ਮਾਂ ਬੋਲੀ ਨੂੰ ਇੱਕ ਭਾਸ਼ਾ ਦੇ ਰੂਪ ਵਿੱਚ ਅਗਲੀ ਪੀੜੀ ਨੂੰ ਸੌਂਪਦੀ ਹੈ, ਤਾਂ ਉਹ ਮਾਂ ਇੱਕ ਪੂਰਾ ਸੱਭਿਆਚਾਰ ਹੀ ਨਵੀਂ ਪੀੜ੍ਹੀ ਦੀ ਝੋਲੀ ਪਾ ਦਿੰਦੀ ਹੈ। ਮਾਂ ਦੇ ਇਸ ਤੋਹਫ਼ੇ ਨੂੰ ਮੈਂ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਵੀ ਹਿੱਕ ਨਾਲ ਲਾਈ ਰੱਖਿਆ ਅਤੇ ਪੰਜਾਬੀ ਸਾਹਿਤ ਸਭਾ ਦਾ ਹਿੱਸਾ ਬਣ, ਲੰਡਨ ਵਿੱਚ ਮਾਂ ਬੋਲੀ ਦੀ ਸੇਵਾ ਦਾ ਉਪਰਾਲਾ ਜਾਰੀ ਰੱਖਿਆ। ਇਸ ਵਿਸ਼ੇ ਉਪਰ ਮੇਰਾ ਇਕ ਲੇਖ ‘ਅਣਗੌਲੀ ਮਾਂ’ ਨਵੀਂ ਪਨੀਰੀ ਨੂੰ ਸੇਧ ਦਿੰਦਾ ਹੈ ਕਿ ਵਿਦੇਸ਼ਾਂ ਵਿੱਚ ਵਸ ਕੇ ਵੀ ਆਪਣੇ ਸੱਭਿਆਚਾਰ ਨੂੰ ਕਦੇ ਨਾ ਛੱਡੋ।
    ਪ੍ਰਸ਼ਨ: ਤੁਸੀਂ ਕਿਸ ਵਿਧਾ ਵਿੱਚ ਲਿਖਦੇ ਹੋ?
    ਉੱਤਰ: ਮੈਂ ਕਵਿਤਾ ਤੋਂ ਆਪਣੀ ਲੇਖਣੀ ਦੀ ਸੁਰੂਆਤ ਕੀਤੀ ਸੀ। ਮੈਨੂੰ ਵਾਰਤਿਕ ਮੇਰੇ ਉਸਤਾਦ ਮਾਣਯੋਗ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਜੀ ਦੇ ਨਾਵਲਾਂ ਨੇ ਲਿਖਣੀ ਸਿਖਾਈ। ਮੈਂ ਕਹਾਣੀ, ਕਵਿਤਾ, ਲੇਖ, ਫਿ਼ਲਮੀ ਰਿਵਿਊ, ਵਿਅੰਗ ਅਤੇ ਫਿ਼ਲਮੀ ਕਹਾਣੀਆਂ ਲਿਖ ਚੁੱਕੀ ਹਾਂ।
    ਪ੍ਰਸ਼ਨ: ਆਪਦੀ ਲਿਖੀ ਕਿਸੇ ਫਿ਼ਲਮੀ ਕਹਾਣੀ ਬਾਰੇ ਜ਼ਰਾ ਚਾਨਣਾ ਪਾਉ।
    ਉੱਤਰ: ਮੇਰੀ ਲਿਖੀ ਕਹਾਣੀ ‘ਸੀਬੋ’ ਉੱਪਰ ਫਿ਼ਲਮ ਬਣੀ ਹੈ। ਇਹ ਫਿ਼ਲਮ ਔਰਤ ਦੀ ਤ੍ਰਾਸਦੀ ਦੀ ਐਸੀ ਕਹਾਣੀ ਹੈ, ਜਿਸ ਵਿੱਚ ਉਸ ਨੂੰ ਜਿੰਦਗੀ ਜੀਣ ਲਈ ਹਰ ਵਾਰ ਧਰਮ ਪ੍ਰੀਵਰਤਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਮੇਰੀ ਲਿਖੀ ਕਹਾਣੀ ਉੱਪਰ ਇੱਕ ਹੋਰ ਫਿ਼ਲਮ ਬਣੀ ਜਿਸ ਦਾ ਨਾਮ ‘ਕੁੜੱਤਣ’ ਹੈ। ਇਸ ਫਿ਼ਲਮ ਦੇ ਨਾਲ ਹੀ ਮੈਂ ਡਾਇਰੈਕਸ਼ਨ ਦੀ ਦੁਨੀਆਂ ਵਿੱਚ ਕਦਮ ਰੱਖਿਆ। ਫਿ਼ਲਮ ‘ਕੁੜੱਤਣ’ ਸਮਾਜ ਦੀ ਇੱਕ ਘਿਨਾਉਣੀ ਮਾਨਸਿਕਤਾ ਨੂੰ ਉਜਾਗਰ ਕਰਦੀ ਕਹਾਣੀ ਹੈ।
    ਪ੍ਰਸ਼ਨ: ਇਸ ਤੋਂ ਇਲਾਵਾ ਆਪਣੀਆਂ ਲਿਖਤਾਂ ਬਾਰੇ ਸਾਡੇ ਪਾਠਕਾਂ ਨੂੰ ਦੱਸੋ ਅਤੇ ਆਪਣੀ ਪਸੰਦੀਦਾ ਲਿਖਤਾਂ ਬਾਰੇ ਵੀ ਚਾਨਣਾ ਪਾਉ?
    ਉੱਤਰ: ਮੇਰੀਆਂ ਲਿਖਤਾਂ ਨੌਂ ਮੁਲਕਾਂ ਦੇ 13 ਅਖਬਾਰਾਂ ਵਿੱਚ ਹਰ ਮਹੀਨੇ ਛਪ ਰਹੀਆਂ ਹਨ। ਜਿਸ ਵਿੱਚ ਮੇਰੀ ਇਕ ਹੱਡ ਬੀਤੀ ‘ਖ਼ਾਮੋਸ਼ ਮੁਹੱਬਤ ਦੀ ਦਾਸਤਾਨ’ ਜੋ ਕਿ ਮੇਰੇ ਪਾਲਤੂ ਕੁੱਤੇ ‘ਰਾਓ’ ਦੀ ਕਹਾਣੀ ਹੈ। ਇਸ ਤੋਂ ਇਲਾਵਾ ‘ਕੂੰਜਾਂ ਦਾ ਕਾਫ਼ਲਾ’, ‘ਮੋਏ ਸੁਪਨਿਆਂ ਦੀ ਮਿੱਟੀ’, ‘ਮੇਰੀ ਮਾਂ ਦਾ ਪਾਕਿਸਤਾਨ’, ਮੇਰੀਆਂ ਪਸੰਦੀਦਾ ਰਚਨਾਵਾਂ ਹਨ।
    ਪ੍ਰਸ਼ਨ: ਤੁਹਾਡੀਆਂ ਲਿਖਤਾਂ ਦਾ ਵਿਸ਼ਾ ਕੀ ਹੁੰਦਾ ਹੈ?

    ਉੱਤਰ: ਮੇਰੇ ਜਿ਼ਆਦਾਤਰ ਵਿਸ਼ੇ ਸਮਾਜ ਦੀ ਕਿਸੇ ਸੱਚੀ ਘਟਨਾ ਤੋਂ ਪ੍ਰੇਰਿਤ ਹੁੰਦੇ ਹਨ ਜਾਂ ਫੇਰ ਮੈਂ ਆਪਣੀ ਜਿੰਦਗੀ ਵਿੱਚ ਵਾਪਰੀ ਕਿਸੇ ਘਟਨਾ ਤੋਂ ਮਿਲੀ ਸੇਧ ਬਾਰੇ ਲਿਖਦੀ ਹਾਂ। ਮਜ਼ਲੂਮ ਧਿਰ ਨਾਲ ਖੜ੍ਹਨਾ ਮੈਨੂੰ ਸਕੂਨ ਦਿੰਦਾ ਹੈ।
    ਪ੍ਰਸ਼ਨ: ਆਪਣੀ ਅਗਲੀ ਕਿਸੇ ਯੋਜਨਾ ਬਾਰੇ ਦੱਸੋ?

    ਉੱਤਰ: ਮੇਰੀ ਅਗਲੀ ਲਘੂ ਫਿ਼ਲਮ ‘ਅੱਲਾਹ ਦੀਆਂ ਕੰਜਕਾਂ’ ਬਣਨ ਲਈ ਤਿਆਰ ਹੈ, ਜੋ ਕਿ ‘ਕਰੋਨਾ’ ਦੇ ਕਾਰਨ ਪਿੱਛੇ ਪੈਂਦੀ ਆ ਰਹੀ ਹੈ। ਜਿਸ ਦੀ ਕਹਾਣੀ ਮੈਂ ਲਿਖੀ ਹੈ, ਜਿਸ ਦਾ ਡਾਇਰੈਕਸ਼ਨ ਵੀ ਮੈਂ ਦੇਣ ਜਾ ਰਹੀ ਹਾਂ। ਇਹ ਫਿ਼ਲਮ ਮੇਰੇ ਬੈਨਰ ‘ਏ. ਐੱਸ. ਕੇ. ਮੋਸ਼ਨ ਪਿੱਕਚਰਸ’ ਦੇ ਹੇਠ ਬਣਨ ਜਾ ਰਹੀ ਹੈ। ਦੋ ਕਿਤਾਬਾਂ ਦੇ ਖਰੜੇ ਤਿਆਰ ਪਏ ਨੇ, ਬੱਸ ਤਾਲਾਬੰਦੀ ਕਰ ਕੇ ਰੁਕੇ ਹੋਏ ਹਾਂ।

    ਪ੍ਰਸ਼ਨ- ਮਾਂ ਬੋਲੀ ਦੇ ਸੰਦਰਭ ਵਿੱਚ ਵਿਦੇਸ਼ੀ ਵਸਦੀਆਂ ਪੰਜਾਬੀ ਔਰਤਾਂ ਬਾਰੇ ਕੀ ਸੋਚਦੇ ਹੋ?

    ਉੱਤਰ- ਵਿਦੇਸ਼ ਵਸਦੀਆਂ ਪੰਜਾਬੀ ਔਰਤਾਂ ਘਰੇਲੂ ਕੰਮਾਂ ਕਾਰਾਂ ਦੇ ਨਾਲ-ਨਾਲ ਸਾਹਿਤਕ ਰੁਚੀ ਵੀ ਰੱਖਦੀਆਂ ਨੇ ਅਤੇ ਬੱਚਿਆਂ ਨੂੰ ਗੁਰੂ ਘਰਾਂ ਵਿੱਚ ਪੰਜਾਬੀ ਸਿੱਖਣ ਲਈ ਵੀ ਭੇਜਦੀਆਂ ਨੇ, ਜੋ ਇੱਕ ਉਸਾਰੂ ਉਪਰਾਲਾ ਹੈ।
    ਪ੍ਰਸ਼ਨ: ਤੁਹਾਡੇ ਸਾਹਿਤਕ ਅਤੇ ਕਲਾ ਦੇ ਸਫ਼ਰ ਲਈ ਸਾਡੇ ਵੱਲੋਂ ਦੁਆਵਾਂ ਅਤੇ ਸ਼ੁਭਕਾਮਨਾਵਾਂ। 
    ਉੱਤਰ: ਬਹੁਤ ਧੰਨਵਾਦ ਜੀ। ਮੇਰੇ ਪਾਠਕਾਂ ਦਾ ਬਹੁਤ ਧੰਨਵਾਦ ਜਿੰਨ੍ਹਾਂ ਕਰਕੇ ਮੇਰਾ ਲਿਖਣ ਦਾ ਹੌਸਲਾ ਬਣਿਆਂ ਰਿਹਾ।
     ਮੁਲਾਕਤੀ – ਹਰਵਿੰਦਰ ਬਿਲਾਸਪੁਰ।         

    ਫੋਨ- 98149-07020         

    ਪਿੰਡ ਅਤੇ ਡਾਕਘਰ – ਬਿਲਾਸਪੁਰ         

     ਜਿਲ੍ਹਾ – ਮੋਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!