ਬਾਹਰਲੀਆਂ ਵਾਰਡਾਂ ਲਈ ਰਾਸ਼ਨ ਦੇ ਪੰਜ ਟਰੱਕ ਭੇਜੇ
ਅੰਮ੍ਰਿਤਸਰ,(ਰਾਜਿੰਦਰ ਰਿਖੀ)

ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ ਪੀ ਸੋਨੀ ਨੇ ਕੋਵਿਡ 19 ਦੇ ਚੱਲਦੇ ਰਾਜ ਦੀ ਜਨਤਾ ਨੂੰ ਵਾਇਰਸ ਤੋਂ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਏ ਗਏ ਕਰਫਿਊ ਵਿਚ ਜਿਲਾ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦੇ ਅਪੀਲ ਕੀਤੀ ਕਿ ਵਾਇਰਸ ਨੂੰ ਘਰ ਆਉਣ ਤੋਂ ਰੋਕਣ ਲਈ ਆਪਣੇ ਘਰਾਂ ਦੇ ਅੰਦਰ ਰਹੋ। ਉਨਾਂ ਕਿਹਾ ਕਿ ਸਰਕਾਰ ਨੇ ਨਿਤ ਵਰਤੋਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਕਿਸਾਨਾਂ ਨੂੰ ਕਣਕ ਸਾਂਭਣ ਲਈ ਜੋ ਛੋਟਾਂ ਦਿੱਤੀਆਂ ਹਨ, ਉਸ ਤੋਂ ਇਹ ਅੰਦਾਜ਼ਾ ਨਾ ਲਗਾਉ ਕਿ ਸੰਕਟ ਟਲ ਗਿਆ ਹੈ। ਉਨਾਂ ਕਿਹਾ ਕਿ ਕੋਰੋਨਾ ਵਿਰੁੱਧ ਜੰਗ ਤੁਹਾਡੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ ਅਤੇ ਇਸ ਵਿਚ ਹੀ ਤੁਹਾਡੀ ਸੁਰੱਖਿਆ ਹੈ, ਸੋ ਸਾਰੇ ਲੋਕ ਬਿਨਾਂ ਵਜਾ ਘਰਾਂ ਵਿਚ ਨਾ ਨਿਕਲਣ। ਉਨਾਂ ਕਿਹਾ ਕਿ ਵਾਹਿਗੁਰੂ ਦਾ ਸ਼ੁਕਰ ਹੈ ਕਿ ਬੀਤਿਆ ਹਫ਼ਤਾ ਸ਼ਹਿਰ ਲਈ ਚੰਗਾ ਨਿਕਲਿਆ ਹੈ ਅਤੇ ਆਸ ਹੈ ਕਿ ਅੱਗੇ ਵੀ ਚੰਗੇ ਦਿਨ ਆਉਣਗੇ, ਪਰ ਇਹ ਸਾਰਾ ਕੁੱਝ ਤੁਹਾਡੇ ਸਾਥ ਨਾਲ ਹੀ ਹੋਣਾ ਹੈ। ਉਨਾਂ ਕਿਹਾ ਕਿ ਸਰਕਾਰ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਵਿਚ ਲਗਾਤਾਰ ਲੱਗੀ ਹੋਈ ਹੈ ਅਤੇ ਇਸ ਕੰਮ ਲਈ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਦਿਨ-ਰਾਤ ਕੰਮ ਕਰ ਰਹੇ ਹਨ, ਜੋ ਕਿ ਵਧਾਈ ਦੇ ਪਾਤਰ ਹਨ।
ਅੱਜ ਵੀ ਓ ਪੀ ਸੋਨੀ ਨੇ ਬਾਹਰਲੀਆਂ ਵਾਰਡਾਂ 68, 69, 70, 54, 55, 57 ਲਈ ਪੰਜਾਬ ਸਰਕਾਰ ਦੀ ਤਰਫ਼ੋ ਆਏ ਰਾਸ਼ਨ ਦੇ ਪੰਜ ਟਰੱਕਾਂ ਨੂੰ ਰਵਾਨਾ ਕੀਤਾ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਲੋੜਵੰਦ ਪਰਿਵਾਰ ਰੋਟੀ ਤੋਂ ਭੁੱਖਾ ਨਾ ਰਹੇ। ਉਨਾਂ ਕਿਹਾ ਕਿ ਸਰਕਾਰ ਹਰੇਕ ਲੋੜਵੰਦ ਦੇ ਘਰ ਤੱਕ ਪਹੁੰਚ ਕਰ ਰਹੀ ਹੈ ਅਤੇ ਇਹ ਸਪਲਾਈ ਇਸੇ ਤਰਾਂ ਜਾਰੀ ਰਹੇਗੀ। ਇਸ ਮੌਕੇ ਵਿਕਾਸ ਸੋਨੀ, ਰਾਘਵ ਸੋਨੀ,ਸ਼ਾਮ ਸੋਨੀ, ਪਰਮਜੀਤ ਸਿੰਘ ਚੋਪੜਾ, ਸੁਰਿੰਦਰ ਕੁਮਾਰ ਸ਼ਿੰਦਾ, ਵਿਕਾਸ ਮਿਸ਼ਰਾ ਅਤੇ ਸਰਬਜੀਤ ਸਿੰਘ ਲਾਟੀ ਵੀ ਹਾਜ਼ਰ ਸਨ।