ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦਾ ਸਿੱਖ ਭਾਈਚਾਰਾ ਗਲਾਸਗੋ ਦੇ ਸੇਵਾਦਾਰ ਨੌਜਵਾਨਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਚਰਚਾ ਵਿੱਚ ਹੈ। ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਪ੍ਰਬੰਧਾਂ ਹੇਠ ਸੇਵਾਦਾਰਾਂ ਵੱਲੋਂ ਸਿਹਤ ਕਾਮਿਆਂ ਲਈ ਖਾਣ ਪੀਣ ਦੀਆਂ ਵਸਤਾਂ ਬਣਾ ਕੇ ਪਹੁੰਚਾਉਣ ਦੇ ਸੇਵਾ ਕਾਰਜ ਅਜੇ ਵੀ ਚੱਲ ਰਹੇ ਹਨ। ਨੌਜਵਾਨਾਂ ਵੱਲੋਂ ਹੁਣ ਤੱਕ ਹਜ਼ਾਰਾਂ ਹੱਥਾਂ ਤੱਕ ਗਰਮ ਭੋਜਨ ਪਹੁੰਚਾਇਆ ਜਾ ਚੁੱਕਾ ਹੈ। ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਸਮੁੱਚੀ ਕਮੇਟੀ ਸੇਵਾਦਾਰ ਨੌਜਵਾਨਾਂ ਦੀ ਪ੍ਰਸੰਸਾ ਕਰਦੀ ਹੈ, ਜਿਹਨਾਂ ਨੇ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ ‘ਤੇ ਚਲਦਿਆਂ ਸੇਵਾ ਕਾਰਜਾਂ ਨੂੰ ਬਾਖੂਬੀ ਚਲਾਇਆ ਹੋਇਆ ਹੈ।