
ਅਸ਼ੋਕ ਵਰਮਾ
ਬਠਿੰਡਾ, 19 ਜੁਲਾਈ2021: ਪਿਛਲੇ ਕੁੱਝ ਸਮੇਂ ਦੌਰਾਨ ਸਾਫ ਸਫਾਈ ਦੇ ਮਾਮਲੇ ’ਚ ਕੀਤੀ ਜਾਂਦੀ ਰੈਂਕਿੰਗ ਦੌਰਾਨ ਅੱਵਲ ਆਉਣ ਵਾਲੇ ਬਠਿੰਡਾ ’ਚ ਸਵੱਛਤਾ ਮੁਹਿੰਮ ਨੂੰ ਗ੍ਰਹਿਣ ਲੱਗ ਗਿਆ ਹੈ। ਨਗਰ ਨਿਗਮ ਬਠਿੰਡਾ ਵੱਲੋਂ ਦਾਅਵਿਆਂ ਦੇ ਬਾਵਜੂਦ ਸ਼ਹਿਰ ‘ਚ ਕੂੜੇ ਕਰਕਟ ਦੇ ਢੇਰਾਂ ਨੂੰ ਘੱਟ ਨਹੀਂ ਕੀਤਾ ਜਾ ਸਕਿਆ ਹੈ। ਹਾਲਾਂਕਿ ਪਿਛੇ ਜਿਹੇ ਨਗਰ ਨਿਗਮ ਦੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਚੋਂ ਕੂੜੇ ਦੇ ਢੇਰਾਂ ਦੀ ਭਰਮਾਰ ਹੋ ਗਈ ਸੀ ਸੀ ਪਰ ਹੁਣ ਜਦੋਂ ਕੋਈ ਹੜਤਾਲ ਵਗੈਰਾ ਨਹੀਂ ਤਾਂ ਵੀ ਸ਼ਹਿਰ ਦੀਆਂ ਦਰਜਨਾਂ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹਏ ਹਨ। ਕਈ ਡੰਪ ਤਾਂ ਅਜਿਹੇ ਹਨ ਜੋ ਕੂੜਾ ਘਰ ਬਣੇ ਹੋਣ ਕਰਕੇ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੈ।
ਕਈ ਥਾਵਾਂ ਤਾਂ ਬਣੇ ਕੂੜਾ ਡੰਪਾਂ ਦੀ ਬਦਬੂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ । ਸਫਾਈ ਮੁਹਿੰਮ ਦੀ ਚੇਤਨਾ ਲਈ ਲਾਏ ਬੋਰਡ ਹੇਠਾਂ ਲੱਗਿਆ ਕੂੜੇ ਕਰਕਟ ਦਾ ਢੇਰ ਉੱਥੋਂ ਲੰਘਣ ਵਾਲੇ ਲੋਕਾਂ ਦਾ ਸੁਆਗਤ ਕਰਦਾ ਹੈ। ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਬਠਿੰਡਾ ਦੇ ਕਈ ਇਲਾਕਿਆਂ ‘ਚ ਸੀਵਰੇਜ਼ ਦੇ ਪਾਣੀ ਤੇ ਕੂੜੇ ਦੀ ਸਦੌਲਤ ਫੈਲੀ ਗੰਦਗੀ ਦੀ ਬਦਬੂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ‘ਚ ਨਗਰ ਨਿਗਮ ਫੇਲ੍ਹ ਰਿਹਾ ਹੈ। ਲੋਕ ਆਖਦੇ ਹਨ ਕਿ ਕਈ ਖੇਤਰਾਂ ‘ਚ ਤਾਂ ਸੜਕਾਂ ਲਾਗੇ ਹੀ ਡੰਪ ਬਣਾ ਰੱਖੇ ਹਨ ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਤਾ ਲੱਗਿਆ ਹੈ ਕਿ ਕਈ ਗਲੀਆਂ ਮੁਹੱਲੇ ਇਹੋ ਜਿਹੇ ਵੀ ਹਨ ਜਿੰਨ੍ਹਾਂ ‘ਚ ਕਈ ਕਈ ਦਿਨ ਸਫ਼ਾਈ ਨਹੀਂ ਹੁੰਦੀ ਹੈ।
ਕਿਲਾ ਮੁਬਾਰਕ ਇਲਾਕੇ ਦੇ ਨਿਵਾਸੀ ਰੋਸ਼ਨ ਲਾਲ ਅਗਰਵਾਲ ਦਾ ਕਹਿਣਾ ਸੀ ਕਿ ਪਾਸ਼ ਇਲਾਕਿਆਂ ਤੇ ਵੱਡੇ ਸਿਆਸੀ ਨੇਤਾਵਾਂ ਦੇ ਘਰਾਂ ਲਈ ਨਿਯਮ ਹੋਰ ਹਨ ਜਦੋਂਕਿ ਆਮ ਲੋਕਾਂ ਲਈ ਵੱਖਰੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਜਿਆਦਾਤਰ ਵਾਰਡ ਅਜਿਹੇ ਹਨ ਜਿਨ੍ਹਾਂ ‘ਚ ਕੂੜੇ ਕਰਕਟ ਦੀ ਸਮੱਸਿਆ ਦਾ ਪਸਾਰਾ ਹੈ । ਉਨ੍ਹਾਂ ਕਿਹਾ ਕਿ ਬਦਬੂ ਕਾਰਨ ਨੱਕ ਢਕ ਕੇ ਲੰਘਣਾ ਵੀ ਔਖਾ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਤੰਦਰੁਸਤ ਜਿੰਦਗੀ ਦੀ ਕਾਮਨਾ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਜਦੋਂ ਬਾਰਸ਼ ਪਵੇਗੀ ਤਾਂ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ ਕਿਉਂਕਿ ਪਲਾਸਟਿਕ ਦੇ ਲਿਫਾਫੇ ਆਦਿ ਨਾਲ ਸੀਵਰੇਜ ਜਾਮ ਹੋ ਜਾਂਦਾ ਹੈ।
ਇਸ ਦੇ ਸਿੱਟੇ ਵਜੋਂ ਸੜਕਾਂ ‘ਤੇ ਗੰਦੇ ਪਾਣੀ ਦੇ ਛੱਪੜ ਲੱਗ ਜਾਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਕੂੜੇ ਦੀ ਸਮੱਸਿਆ ਕਾਰਨ ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਕਈ ਇਲਾਕਿਆਂ ’ਚ ਕੂੜੇ ਦੀ ਸਮੱਸਿਆ ਹੈ ਤਾਂ ਕੁੱਝ ਮੁਹੱਲਿਆਂ ‘ਚ ਸੀਵਰੇਜ ਓਵਰਫਲੋ ਹੋ ਰਿਹਾ ਹੈ ਜਦੋਂਕਿ ਕਈ ਥਾਈਂ ਸੜਕਾਂ ਕੰਢੇ ਫੈਲੀ ਗੰਦਗੀ ਲੋਕ ਨਰਕ ਭੋਗਣ ਲਈ ਮਜਬੂਰ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਖਿਲਰਿਆ ਹੋਏ ਕੂੜੇ ਕਾਰਨ ਬੀਮਾਰੀਆਂ ਫੈਲਦੀਆਂ ਹਨ ਇਸ ਲਈ ਨਗਰ ਨਿਗਮ ਨੂੰ ਕੂੜਾ ਚੂੱਕਣ ਵਾਲੇ ਪ੍ਰਬੰਧਾਂ ਨੂੰ ਸੁਚਾਰੂ ਬਨਾਉਣਾ ਚਾਹੀਦਾ ਹੈ । ਉਨ੍ਹਾਂ ਆਖਿਆ ਕਿ ਤਿੰਨ ਵਾਰ ਸਫਾਈ ’ਚ ਪਹਿਲੇ ਨੰਬਰ ਤੇ ਆਉਣ ਵਾਲੇ ਬਠਿੰਡਾ ਲਈ ਇਹ ਕੂੜਾ ਨਮੋਸ਼ੀ ਦਾ ਸਬੱਬ ਹੈ।

ਨਗਰ ਨਿਗਮ ਦੇ ਦਾਅਵੇ ਖੋਖਲੇ-ਸੰਜੀਵ ਗੋਇਲ
ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਨਗਰ ਨਿਗਮ ਕੋਲ ਟਿੱਪਰ, ਟਰੈਕਟਰ ਟਰਾਲੀਆਂ, ਸਫਾਈ ਸੇਵਕ ਅਤੇ ਕੂੜਾ ਇਕੱਤਰ ਕਰਨ ਵਾਲੇ ਕਰਮਚਾਰੀ ਹਨ ਤਾਂ ਸ਼ਹਿਰ ਵਿੱਚੋਂ ਸੌ ਫੀਸਦੀ ਕੂੜਾ ਇਕੱਤਰ ਕਰਨ ਦੇ ਦਾਅਵੇ ਖੋਖਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਧਿਕਾਰੀ ਅਤੇ ਸਿਆਸੀ ਲੀਡਰ ਆਖਦੇ ਹਨ ਕਿ ਬਠਿੰਡਾ ਲਈ ਫੰਡਾਂ ਦੀ ਘਾਟ ਨਹੀਂ ਤਾਂ ਫਿਰ ਕੂੜਾ ਚੁਕਵਾਉਣ ’ਚ ਦੇਰ ਕਿਸ ਗੱਲ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੰਦਗੀ ਕਾਰਨ ਕੋਈ ਬਿਮਾਰੀ ਫੈਲਦੀ ਹੈ ਤਾਂ ਦੁਖੀ ਲੋਕ ਹੀ ਹੋਣਗੇ ਫਿਰ ਵੀ ਅਫਸਰਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ। ਸ੍ਰੀ ਗੋਇਲ ਨੇ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਨੇ ਵੱਖ ਵੱਖ ਪੱਧਰਾਂ ਤੇ ਸ਼ਿਕਾਇਤ ਕਰਕੇ ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਦੀ ਮੰਗ ਕੀਤੀ ਹੈ।

ਸੈਨੇਟਰੀ ਇੰਸਪੈਕਟਰ ਨੇ ਫੋਨ ਨਹੀਂ ਚੁੱਕਿਆ
ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਫੋਨ ਨਹੀਂ ਚੁੱਕਿਆ। ਉੱਜ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਫਾਈ ਕਰਮਚਾਰੀਆਂ ਦੀ ਕਈ ਦਿਨ ਰਹੀ ਹੜਤਾਲ ਕਾਰਨ ਸ਼ਹਿਰ ’ਚ ਕੂੜਾ ਇਕੱਠਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਕੂੜੇ ਨੂੰ ਚੁਕਵਾਉਣ ਲਈ ਯਤਨ ਲਗਾਤਾਰ ਜਾਰੀ ਹਨ। ਉਨ੍ਹਾਂ ਆਖਿਆ ਕਿ ਫਿਰ ਵੀ ਜੇਕਰ ਕਿਧਰੇ ਕੂੜਾ ਪਿਆ ਹੈ ਤਾਂ ਉਸ ਨੂੰ ਪਹਿਲ ਦੇ ਅਧਾਰ ਤੇ ਚੁਕਵਾ ਦਿੱਤਾ ਜਾਏਗਾ।