
-ਲੋਕਾਂ ਦੇ ਦੁੱਖ ਸੁੱਖ ਸੁਣਨ ਲਈ ਗਲਾਸਗੋ ‘ਚ ਮੁੜ ਖੋਲ੍ਹੀ ਜਾਵੇ ਸਰਜਰੀ- ਸੋਹਣ ਸਿੰਘ ਰੰਧਾਵਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀਆਂ ਸੰਸਥਾਵਾਂ ਲਈ ਛਤਰੀ ਬਣ ਕੇ ਕੰਮ ਕਰ ਰਹੀ ਸੰਸਥਾ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ (ਏ ਆਈ ਓ) ਵੱਲੋਂ ਬੀਤੇ ਦਿਨ ਬੰਬੇ ਬਲੂਅਜ਼ ਵਿਖੇ ਕੌਂਸਲ ਜਨਰਲ ਇੰਡੀਆ ਐਡਿਨਬਰਾ ਬਿਜੇ ਸੇਲਵਰਾਜ ਤੇ ਐੱਚ ਓ ਸੀ ਸੱਤਿਆ ਵੀਰ ਸਿੰਘ ਦੀ ਆਮਦ ‘ਤੇ ਵਿਸ਼ੇਸ਼ ਸਵਾਗਤੀ ਸਮਾਰੋਹ ਕਰਵਾਇਆ ਗਿਆ। ਦੋਵੇਂ ਸਖਸ਼ੀਅਤਾਂ ਨੂੰ ਪ੍ਰਬੰਧਕਾਂ ਵੱਲੋਂ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਕਹਿਣ ਉਪਰੰਤ ਏ ਆਈ ਓ ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ (ਐੱਮ ਬੀ ਈ) ਵੱਲੋਂ ਸਮਾਗਮ ਦੀ ਸ਼ੁਰੂਆਤ ਕਰਦਿਆਂ ਹਾਜਰੀਨ ਦੀ ਜਾਣ ਪਹਿਚਾਣ ਕਰਵਾਈ ਗਈ। ਡਾ. ਮਰਿਦੁਲਾ ਚਕਰਬੋਰਤੀ ਵੱਲੋਂ ਸਕਾਟਲੈਂਡ ਵਿੱਚ ਵੱਖ ਵੱਖ ਸੰਸਥਾਵਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ, ਮੰਦਰ ਕਮੇਟੀ ਵੱਲੋਂ ਕੋਵਿਡ ਦੇ ਦੌਰ ਵਿੱਚ ਕੀਤੇ ਸ਼ਲਾਘਾਯੋਗ ਕਾਰਜਾਂ ਦਾ ਵਿਖਿਆਨ ਕਰਦਿਆਂ ਭਾਈਚਾਰੇ ਦੀ ਇੱਕਜੁਟਤਾ ਦਰਸਾਈ। ਇਸ ਉਪਰੰਤ ਕੌਂਸਲ ਜਨਰਲ ਇੰਡੀਆ ਐਡਿਨਬਰਾ ਬਿਜੇ ਸੇਲਵਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਸਕਾਟਲੈਂਡ ਵਸਦਾ ਭਾਰਤੀ ਭਾਈਚਾਰਾ ਕੋਈ ਵੀ ਪਾਸਪੋਰਟ ਧਾਰਕ ਹੋਵੇ ਪਰ ਉਹਨਾਂ ਦੀ ਆਪਣੀ ਜਨਮਭੂਮੀ ਪ੍ਰਤੀ ਤੜਫ, ਪ੍ਰਤੀਬੱਧਤਾ, ਇਮਾਨਦਾਰੀ ਕੀਤੇ ਜਾ ਰਹੇ ਕਾਰਜਾਂ ਵਿੱਚੋਂ ਬਾਖੂਬੀ ਝਲਕਦੀ ਹੈ। ਐੱਚ ਓ ਸੀ ਸੱਤਿਆ ਵੀਰ ਸਿੰਘ ਨੇ ਕਿਹਾ ਕਿ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਕੰਮਕਾਜ ਲਈ ਕਿਸੇ ਵੀ ਝਿਜਕ ਦੀ ਲੋੜ ਨਹੀਂ ਹੈ, ਅਸੀਂ ਅਫਸਰ ਨਹੀਂ ਬਲਕਿ ਲੋਕ ਸੇਵਕ ਬਣ ਕੇ ਆਏ ਹਾਂ। ਬਹੁਤ ਹੀ ਸੰਜੀਦਗੀ ਨਾਲ ਚੱਲੇ ਇਸ ਸਮਾਗਮ ਦੌਰਾਨ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਦਰਦ ਬਿਆਨ ਕਰਦਿਆਂ ਵਾਈਸ ਪ੍ਰੈਜ਼ੀਡੈਂਟ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ ਨੇ ਕਿਹਾ ਕਿ ਬੇਸ਼ੱਕ ਕਾਫੀ ਸਮਾਂ ਪਹਿਲਾਂ ਕੌਂਸਲ ਜਨਰਲ ਦਫਤਰ ਵੱਲੋਂ ਗਲਾਸਗੋ ਵਿੱਚ ਸਰਜਰੀ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਸਨ ਪਰ ਫਿਰ ਉਹ ਬੰਦ ਕਰ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ ਸਕਾਟਲੈਂਡ ਵਿੱਚ ਗਲਾਸਗੋ ਸਹਿਰ ਭਾਰਤੀ ਭਾਈਚਾਰੇ ਦਾ ਧੁਰਾ ਹੈ। ਨਿੱਕੇ ਨਿੱਕੇ ਦਫਤਰੀ ਕੰਮਕਾਜ ਲਈ ਐਡਿਨਬਰਾ ਜਾਣ ਵੇਲੇ ਲੰਮੇ ਸਫਰ ਤੋਂ ਇਲਾਵਾ ਪੂਰਾ ਦਿਨ ਵੀ ਬਰਬਾਦ ਹੋ ਜਾਂਦਾ ਹੈ। ਉਹਨਾਂ ਆਮ ਲੋਕਾਂ ਦੀ ਸਹੂਲਤ ਲਈ ਗਲਾਸਗੋ ਵਿੱਚ ਸਰਜਰੀ ਮੁੜ ਸਥਾਪਿਤ ਕਰਨ ਦੀ ਮੰਗ ਜ਼ੋਰ ਨਾਲ ਉਭਾਰੀ। ਜਿਸ ‘ਤੇ ਤੁਰੰਤ ਪ੍ਰਤੀਕਰਮ ਦਿੰਦਿਆਂ ਕੌਂਸਲ ਜਨਰਲ ਵੱਲੋਂ ਜਲਦ ਹੀ ਸਾਰਥਿਕ ਹੱਲ ਕੱਢਣ ਦੀ ਗੱਲ ਆਖੀ। ਮਹਿਮਾਨ ਤਕਰੀਰ ਵਜੋਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਭਾਵਪੂਰਤ ਸ਼ਬਦਾਂ ਵਿੱਚ ਭਾਈਚਾਰੇ ਨੂੰ ਨਿੱਜੀ ਗਰਜ਼ਾਂ ਤੋਂ ਉੱਪਰ ਉੱਠ ਕੇ ਕਾਰਜ ਕਰਨ ਦੀ ਬੇਨਤੀ ਕੀਤੀ। ਇਸ ਸਮੇਂ ਸਵਿਤਾ ਪਦਮਾਭਨ ਤੇ ਸੰਤੋਖ ਸੋਹਲ ਨੇ ਆਪਣੀ ਪੁਖਤਾ ਸੰਗੀਤਕ ਪੇਸ਼ਕਾਰੀ ਰਾਹੀਂ ਸਮਾਂ ਬੰਨ੍ਹ ਕੇ ਰੱਖ ਦਿੱਤਾ ਗਿਆ। ਸਮਾਗਮ ਦੌਰਾਨ ਸਰਵ ਸ੍ਰੀ ਬੌਬ ਚੱਢਾ (ਸਾਬਕਾ ਕੌਂਸਲਰ), ਸ੍ਰੀਮਤੀ ਕਾਂਤਾ ਸੂਦ, ਸ੍ਰੀਮਤੀ ਪਰਭਾਕਰ, ਆਦਰਸ਼ ਖੁੱਲਰ, ਐਂਡਰਿਊ ਲਾਲ, ਸ਼ਾਂਤੀ ਪਰਭਾਕਰ, ਬਲਦੇਵ ਸੂਦ, ਵਿਨੋਦ ਸ਼ਰਮਾ, ਸ਼ੀਲਾ ਮੁਖਰਜੀ, ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਬਖਸ਼ੀਸ਼ ਸਿੰਘ ਦੀਹਰੇ, ਐਲਬਰਟ ਡਰਾਈਵ ਗੁਰਦੁਆਰਾ ਪ੍ਰਧਾਨ ਲਭਾਇਆ ਸਿੰਘ ਮਹਿਮੀ, ਜੀਤ ਸਿੰਘ ਮਸਤਾਨ, ਬਲਜੀਤ ਸਿੰਘ ਖਹਿਰਾ, ਰਣਜੀਤ ਸਿੰਘ ਸੰਘਾ, ਗੁਰਮੀਤ ਸਿੰਘ ਧਾਲੀਵਾਲ, ਸਰਦਾਰਾ ਸਿੰਘ ਲੱਲ੍ਹੀ, ਮੱਖਣ ਸਿੰਘ ਬਿਨਿੰਗ, ਗੁਰਮਿੰਦਰ ਸਿੰਘ ਕੰਦੋਲਾ, ਸਤਨਾਮ ਸਾਮੀ, ਸੁਖਦੇਵ ਸਿੰਘ, ਕਰਤਾਰ ਸਿੰਘ ਵਿਰ੍ਹੀਆ, ਗੁਰਦੇਵ ਸਿੰਘ ਧਾਮੀ, ਗੁਰਦਿਆਲ ਸਿੰਘ ਬਾਹਰੀ, ਟੋਨੀ ਢਿੱਲੋਂ, ਹਰਮਿੰਦਰ ਬਰਮਨ ਆਦਿ ਨਾਮਵਾਰ ਹਸਤੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਅੰਤ ਵਿੱਚ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ ਦੇ ਸਮੂਹ ਮੈਂਬਰਾਨ ਵੱਲੋਂ ਸਮਾਗਮ ਦੀ ਸਫਲਤਾ ਲਈ ਹਾਜਰੀਨ ਦਾ ਧੰਨਵਾਦ ਕੀਤਾ ਗਿਆ।







